#ਕੌਫ਼ੀ_ਦੇ_ਨਜ਼ਾਰੇ।
ਅਕਸਰ ਹੀ ਮੈ ਸੈਲੀਬ੍ਰਿਟੀਜ ਨਾਲ ਕੌਫ਼ੀ ਪੀਣ ਦਾ ਲੁਤਫ਼ ਉਠਾਉਂਦਾ ਹਾਂ ਤੇ ਇਸ ਬਹਾਨੇ ਉਹਨਾਂ ਦੇ ਅੰਦਰ ਤੱਕ ਝਾਕਣ ਦਾ ਝੱਸ ਪੂਰਾ ਕਰਦਾ ਹਾਂ। ਜਿਸਨੂੰ ਮੈਂ ਮੇਰੀ ਭਾਸ਼ਾ ਵਿੱਚ ਛਾਣਨਾ ਲਾਉਣਾ ਆਖਦਾ ਹਾਂ। ਕਿਸੇ ਸਖਸ਼ੀਅਤ ਬਾਰੇ ਉਸਦੇ ਅਣਗੋਲੇ ਪਹਿਲੂ ਨੂੰ ਪੜ੍ਹਨਾ ਸੁਣਨਾ ਚੰਗਾ ਲੱਗਦਾ ਹੈ ਤੇ ਇਸਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਇਸ ਨਾਲ ਮੈਂ ਉਹਨਾਂ ਸੈਲੀਬ੍ਰਿਟੀਜ ਦੇ ਇਸ ਮੁਕਾਮ ਤੱਕ ਪਹੁੰਚਣ ਦੇ ਸਫਰ ਦੀ ਜਾਣਕਾਰੀ ਲੈਂਦਾ ਹਾਂ। ਹਰ ਕੋਈਂ ਜਮਾਂਦਰੂ ਸੈਲੀਬ੍ਰਿਟੀ ਨਹੀਂ ਹੁੰਦਾ। ਇਸ ਲਈ ਸਖਤ ਘਾਲਣਾ ਘਾਲਣੀ ਪੈਂਦੀ ਹੈ। ਸੋਨੇ ਨੂੰ ਸ਼ੁੱਧਤਾ ਦੀ ਕਸੌਟੀ ਤੇ ਖਰਾ ਉਤਰਨ ਲਈ ਕੋਠਾਰੀ ਤੇ ਅੱਗ ਵਿੱਚਦੀ ਗੁਜਰਨਾ ਪੈਂਦਾ ਹੈ। ਇਸੇ ਕੜੀ ਵਿੱਚ ਅੱਜ ਸ਼ਾਮੀ ਮੈਂ ਆਪਣੀ ਬੇਗਮ ਨਾਲ ਉਸਦੀ ਬਚਪਨ ਦੀ ਸਹੇਲੀ ਨੂੰ ਮਿਲਣ ਉਸਦੇ ਘਰ ਥਰਮਲ ਕਲੋਨੀ ਵੱਲ ਗਿਆ। ਬੇਗਮ ਦੀ ਸਹੇਲੀ ਦਾ ਪੂਰਾ ਨਾਮ ਪਰਮਿੰਦਰ ਕੌਰ ਹੈ ਪਰ ਬਚਪਨ ਦੀਆਂ ਸਹੇਲੀਆਂ ਤੇ ਆਪਣੇ ਮਾਪਿਆਂ ਦੀ ਉਹ ਪਿੰਕ ਹੈ। ਉਹ ਮੇਰੀ ਹਮਸਫਰ ਤੋਂ ਕੋਈਂ ਪੰਜ ਕੁ ਵਰ੍ਹੇ ਵੱਡੀ ਹੈ। ਉਸਦੀ ਛੋਟੀ ਭੈਣ ਵੀਰਾਂ ਬੇਗਮ ਦੀ ਸਹਿਪਾਠਣ ਸੀ। ਮਹਿਮੇ ਸਰਕਾਰੀ ਤੇ ਮਹਿਮੇ ਸਵਾਈ ਦੀ ਦੋਸਤੀ ਮਹਿਮੇ ਸਰਜੇ ਦੇ ਸਕੂਲ ਤੱਕ ਜਾਂਦੀ ਸੀ। ਇਹ ਦੋ ਪਰਿਵਾਰਾਂ ਵਿਚਲੀ ਪੁਰਾਣੀ ਸਾਂਝ ਹੈ। ਓਦੋਂ ਅਜਿਹੇ ਪਰਿਵਾਰਿਕ ਰਿਸ਼ਤੇ ਗੂੜ੍ਹੇ ਹੁੰਦੇ ਸਨ। ਅੱਜ ਕੱਲ੍ਹ ਦੇ ਰਿਸ਼ਤਿਆਂ ਵਾੰਗੂ ਕਾਗਜ਼ੀ ਨਹੀਂ ਸੀ ਹੁੰਦੇ। ਓਦੋਂ ਇਹਨਾਂ ਪੜ੍ਹੇ ਲਿਖੇ ਪਰਿਵਾਰਾਂ ਵਿੱਚ ਅਦਬ, ਤਹਿਜ਼ੀਬ ਤੇ ਮੋਹੱਬਤ ਦਾ ਬੋਲਬਾਲਾ ਸੀ। ਇਹ ਗੱਲਾਂ ਸੱਤਰ ਦੇ ਦਹਾਕੇ ਦੇ ਅਖੀਰ ਦੇ ਨੇੜੇ ਤੇੜੇ ਦੀਆਂ ਹਨ। ਓਦੋਂ ਦਾਲ ਕੌਲੀ ਦੀ ਹੀ ਸਾਂਝ ਨਹੀਂ ਸੀ ਹੁੰਦੀ ਸਗੋਂ ਚੁੱਲ੍ਹੇ ਚੌਂਕੇ ਦੀ ਸਾਂਝ ਹੁੰਦੀ ਸੀ। ਕੌਣ ਕਿਸ ਘਰੇ ਖਾ ਗਿਆ? ਤੇ ਕੀ ਖਾ ਗਿਆ? ਇਹ ਮਹਿਣੇ ਨਹੀਂ ਸੀ ਰੱਖਦਾ। ਕੋਈਂ ਉਚੇਚ ਨਹੀਂ ਸੀ ਹੁੰਦਾ। ਜੋ ਰੁੱਖਾ ਮਿੱਸਾ ਬਣਦਾ ਉਹ ਹੀ ਖਾਧਾ ਤੇ ਖਵਾਇਆ ਜਾਂਦਾ ਸੀ। ਪੰਜਾਹ ਬਾਵੰਜਾ ਸਾਲ ਪੁਰਾਣੀਆਂ ਗੱਲਾਂ ਅਜੇ ਕੱਲ੍ਹ ਦੀਆਂ ਗੱਲਾਂ ਹੀ ਲਗਦੀਆਂ ਹਨ। ਚਾਲੀ ਬਿਆਲੀ ਸਾਲਾਂ ਬਾਅਦ ਮਿਲੀਆਂ ਇਹ ਸਹੇਲੀਆਂ ਬੈਠਦਿਆਂ ਹੀ ਗੱਲਾਂ ਦੇ ਸਮੁੰਦਰ ਵਿੱਚ ਖੁੱਭ ਗਈਆਂ। ਕਿਸੇ ਨੂੰ ਚਾਹ ਪਾਣੀ ਪੀਣ ਯ ਪੁੱਛਣ ਦੀ ਫੁਰਸਤ ਨਹੀਂ ਸੀ। ਮੈਂ ਇਹਨਾਂ ਗੱਲਾਂ ਕਰਦੀਆਂ ਮੁੱਦਤਾਂ ਬਾਦ ਮਿਲੀਆਂ ਸਹੇਲੀਆਂ ਨੂੰ ਨਿਹਾਰਦਾ ਰਿਹਾ । ਮੇਰੀ ਨਿਗ੍ਹਾ ਇਹਨਾਂ ਦੀਆਂ ਗੱਲਾਂ ਵਿਚੋਂ ਝਲਕਦੇ ਮੋਹ ਤੇ ਅਪਣੱਤ ਵਿੱਚ ਸੀ। “ਕਬ ਕੇ ਬਿਛੜੇ ਕਹਾਂ ਆਣ ਮਿਲੇ।” ਵਾਲਾ ਮਾਜਰਾ ਸੀ। ਮੁੱਦਤਾਂ ਦੇ ਪਿਆਸੇ ਨੂੰ ਸ਼ਾਇਦ ਪਾਣੀ ਦੀ ਇੰਨੀ ਤਲਬ ਨਾ ਹੋਵੇ। ਜਿੰਨੀ ਤਲਬ ਇਹਨਾਂ ਦੇ ਸੁੱਕੇ ਬੁਲ੍ਹਾਂ ਤੇ ਸੀ। ਦੁੱਖ ਸੁੱਖ ਨੂੰ ਸਾਂਝਾ ਕਰਦਿਆਂ ਕਦੇ ਇਹ ਜ਼ੋਰ ਦੀ ਹੱਸ ਪੈਂਦੀਆਂ ਤੇ ਕਦੇ ਅੱਖਾਂ ਭਰ ਲੈਂਦੀਆਂ। ਪਿੰਕ ਨੇ ਵੀ ਜਿੰਦਗੀ ਵਿੱਚ ਕਾਫੀ ਦੁੱਖ ਵੇਖੇ ਹਨ। ਮਾਪਿਆਂ ਨੇ ਤਾਂ ਉਮਰ ਅਨੁਸਾਰ ਜਾਣਾ ਹੀ ਹੁੰਦਾ ਹੈ ਪਰ ਇਕਲੋਤੇ ਭਰਾ ਅਤੇ ਜਵਾਨ ਪੁੱਤ ਦੇ ਚਲੇ ਜਾਣ ਦੀ ਭਰਪਾਈ ਕਿਸੇ ਵੀ ਸੂਰਤ ਵਿੱਚ ਨਹੀਂ ਹੋ ਸਕਦੀ। ਇਹਨਾਂ ਸੱਟਾਂ ਦੇ ਜਖਮ ਸਾਰੀ ਉਮਰ ਅੱਲ੍ਹੇ ਹੀ ਰਹਿੰਦੇ ਹਨ। ਇਸ ਲਈ ਪੁਰਾਣੀ ਸਹੇਲੀ ਨੂੰ ਵੇਖਕੇ ਅੱਖਾਂ ਦਾ ਛਲਕਣਾ ਲਾਜ਼ਮੀ ਸੀ। ਆਪਣਿਆਂ ਨਾਲ ਵੰਡਾਇਆ ਦੁੱਖ ਅੱਧਾ ਰਹਿ ਜਾਂਦਾ ਹੈ। ਇਹ ਹਕੀਕਤ ਹੈ। ਦੁੱਖਾਂ ਦੀਆਂ ਤੈਹਾਂ ਫਰੋਲਦੀਆਂ ਦੋਹਾਂ ਸਹੇਲੀਆਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਘੜੀ ਦੀਆਂ ਸੂਈਆਂ ਕਿਥੋਂ ਚੱਲੀਆਂ ਤੇ ਕਿੱਥੇ ਪਹੁੰਚ ਗਈਆਂ। ਪਰ ਇੰਨੇ ਵਿੱਚ ਦੋਹਾਂ ਦੇ ਅੰਦਰ ਭਰਿਆ ਦਰਦ ਜੇ ਮੁੱਕਿਆ ਨਹੀਂ ਤਾਂ ਘੱਟ ਜਰੂਰ ਹੋ ਗਿਆ ਸੀ। ਆਪਣੇ ਦੁੱਖਦੇ ਗੋਡੇ ਗਿੱਟਿਆਂ ਨੂੰ ਭੁੱਲਕੇ ਬੇਗਮ ਵੀ ਨਿਰੋਈ ਤੇ ਤਰੋਤਾਜ਼ਾ ਹੋ ਗਈ। ਬੇਗਮ ਦੇ ਚੇਹਰੇ ਤੇ ਆਈ ਲਾਲੀ ਉਸ ਅੰਦਰੂਨੀ ਖੁਸ਼ੀ ਦਾ ਸੰਕੇਤ ਸੀ ਜੋ ਉਸਨੂੰ ਕਾਫੀ ਸਮੇਂ ਬਾਅਦ ਮਿਲੀ ਸੀ। ਫਿਰ ਕਿਤੇ ਕੌਫ਼ੀ ਦੇ ਕੱਪ ਮੂਹਰੇ ਆਏ। ਅੰਦਰਲੇ ਜਲੌਅ ਨੇ ਮਿੱਠੀ ਫਿੱਕੀ ਗਰਮ ਠੰਡੀ ਕੌਫ਼ੀ ਨੂੰ ਅੰਮ੍ਰਿਤ ਵਿੱਚ ਬਦਲ ਦਿੱਤਾ।
ਊਂ ਗੱਲ ਆ ਇੱਕ।
#ਰਮੇਸਸੇਠੀਬਾਦਲ
ਸਾਬਕਾ ਸੁਪਰਡੈਂਟ