ਬਹੁਤ ਪੁਰਾਣੀ ਗੱਲ ਹੈ। ਮੇਰੇ ਮਾਤਾ ਜੀ ਦੀ ਤਬੀਅਤ ਨਾਸਾਜ਼ ਸੀ। ਪਾਪਾ ਜੀ ਨੇ ਘਰੇ ਪਈ ਦਵਾਈ ਦਿੱਤੀ ਪਰ ਕੋਈ ਫਰਕ ਨਾ ਪਿਆ। ਫਿਰ ਉਹਨਾਂ ਨੇ ਮੈਨੂੰ ਮੇਰੇ ਦੋਸਤ ਅਤੇ ਫੈਮਿਲੀ ਡਾਕਟਰ Mahesh Bansal ਨੂੰ ਬੁਲਾਉਣ ਲਈ ਕਿਹਾ। ਮੈਂ ਸਕੂਟਰ ਲੈਕੇ ਡਾਕਟਰ ਸਾਹਿਬ ਨੂੰ ਬੁਲਾਉਣ ਚਲਾ ਗਿਆ। ਓਹਨਾ ਦੇ ਘਰੇ ਜਾਕੇ ਪਤਾ ਲੱਗਿਆ ਕਿ ਡਾਕਟਰ ਸਾਹਿਬ ਆਪਣੇ ਕਿਸੇ ਦੋਸਤ ਦੇ ਘਰ ਉਸਦੇ ਬੇਟੇ ਦੀ ਸ਼ਾਦੀ ਦੇ ਕਿਸੇ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਗਏ ਹਨ। ਦੱਸੇ ਗਏ ਪਤੇ ਤੇ ਮੈਂ ਉਸ ਦੋਸਤ ਦੇ ਘਰ ਚਲਾ ਗਿਆ। ਬਾਹਰੋਂ ਆਵਾਜ਼ ਲਗਾਕੇ ਮੈਂ ਉਸ ਦੋਸਤ ਦੇ ਬੇਟੇ ਨੂੰ ਬੁਲਾਇਆ ਤੇ ਪੁੱਛਿਆ ਕਿ ਡਾਕਟਰ ਮਹੇਸ਼ ਅੰਦਰ ਹੀ ਹਨ ? “ਨਹੀਂ ਜੀ ਡਾਕਟਰ ਮਹੇਸ਼ ਨਹੀਂ ਹੈ।” ਉਸਨੇ ਜਬਾਬ ਦਿੱਤਾ। “ਪਰ ਮੈਨੂੰ ਤਾਂ ਓਹਨਾ ਦੇ ਘਰੋਂ ਪਤਾ ਲੱਗਿਆ ਹੈ ਕਿ ਡਾਕਟਰ ਮਹੇਸ਼ ਤੁਹਾਡੇ ਹੀ ਘਰ ਆਏ ਹਨ ਤੇ ਅੰਦਰ ਹੀ ਹਨ। ਮੇਰੇ ਮੰਮੀ ਬਿਮਾਰ ਹਨ ਦਵਾਈ ਲੈਣੀ ਸੀ। ਜੇ ਅੰਦਰ ਹਨ ਤਾਂ ਇੱਕ ਵਾਰੀ ਬਾਹਰ ਬੁਲਾ ਦਿਓਂ।” ਮੈਂ ਤਰਲਾ ਜਿਹਾ ਮਾਰਿਆ। ਅੰਦਰ ਡਾਕਟਰ ਮਹੇਸ਼ ਤਾਂ ਨਹੀਂ ਮੇਸ਼ੀ ਚਾਚਾ ਜੀ ਹਨ। ਇਹਨਾਂ ਕਹਿ ਕੇ Rishi Mittal ਹੱਸ ਪਿਆ। “ਓਹਨਾ ਨੂੰ ਬੁਲਾ ਦਿਓਂ ਫਿਰ।” ਮੈਂ ਫਿਰ ਤਰਲਾ ਮਾਰਿਆ। “ਨਹੀਂ ਸੇਠੀ ਸਾਹਿਬ ਹੁਣ ਓਥੇ ਡਾਕਟਰ ਮਹੇਸ਼ ਨਹੀਂ ਸਿਰਫ ਮੇਸ਼ੀ ਚਾਚਾ ਜੀ ਹਨ। ਤੇ ਉਹ ਦਵਾਈ ਨਹੀਂ ਦੇ ਸਕਦੇ।” ਉਸਦੀ ਪਾਈ ਬੁਝਾਰਤ ਮੇਰੀ ਸਮਝ ਤੋਂ ਬਾਹਰ ਸੀ। ਬਾਦ ਵਿੱਚ ਪਤਾ ਚਲਿਆ ਕਿ ਡਾਕਟਰ ਮਹੇਸ਼ ਭਤੀਜ ਦੇ ਵਿਆਹ ਦੀਆਂ ਖੁਸ਼ੀਆਂ ਵਿਚ ਰੰਗੀਨ ਸਨ ਤੇ ਦਵਾਈ ਦੇਣ ਦੀ ਪੁਜੀਸ਼ਨ ਵਿਚ ਨਹੀਂ ਸਨ।
ਕਈ ਵਾਰੀ ਇਸ ਤਰਾਂ ਵੀ ਹੋ ਜਾਂਦਾ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ