ਘਾਹ ਫੂਸ | ghaa foos

“ਆਹ ਘਾਹ ਫੂਸ ਜਿਹਾ ਐਵੇਂ ਨਹੀਂ ਬਣ ਜਾਂਦਾ। ਬਹੁਤ ਮਿਹਨਤ ਕਰਨੀ ਪੈਂਦੀ ਹੈ। ਇੱਕ ਇੱਕ ਗੰਦਲ ਇਕੱਠੀ ਕਰ ਕੇ ਦਾਤ ਯ ਕਰਦ ਨਾਲ ਕੱਟਣਾ ਪੈਂਦਾ ਹੈ। ਪਾਲਕ ਮੇਥੀ ਬਾਥੂ ਡੂੰਗਣਾ ਕੱਟਣਾ ਪੈਂਦਾ ਹੈ। ਰਿੰਨ੍ਹਣ ਵੇਲੇ ਪੂਰੀ ਨਿਗ੍ਹਾ ਰੱਖਣੀ ਪੈਂਦੀ ਹੈ। ਫਿਰ ਬਾਜਰੇ ਦਾ ਆਟਾ ਯ ਵੇਸਣ ਦਾ ਆਲ੍ਹਣ ਪਾਕੇ ਮੱਧਣਾ ਪੈਂਦਾ ਹੈ। ਹਰੀ ਮਿਰਚ ਅਦਰਕ ਲਸਣ ਤੇ ਟਮਾਟਰ ਦਾ ਤੜਕਾ। ਫਿਰ ਤਿਆਰ ਹੁੰਦਾ ਹੈ ਸਰੋਂ ਦਾ ਸਾਗ।” ਉਸ ਦਾ ਗੁੱਸਾ ਸਿਖਰ ਤੇ ਸੀ। ਮੇਰੇ ਸ਼ਬਦ ਉਸ ਨੂੰ ਗਾਹਲ ਵਾੰਗੂ ਲੱਗੇ। ਸ਼ਬਾਸ਼ੇ ਤੇ ਤਾਰੀਫ਼ ਦੇ ਸ਼ਬਦਾਂ ਦੀ ਬਜਾਇ ਘਾਸ ਫੂਸ ਵਰਗੇ ਸ਼ਬਦ ਸੁਣਨ ਨੂੰ ਮਿਲਣ ਤਾਂ ਬੰਦੇ ਦੀ ਇਹੀ ਹਾਲਤ ਹੁੰਦੀ ਹੈ। ਜਿਵੇਂ ਮੇਰੀ ਮਾਂ ਕਹਿੰਦੀ ਹੁੰਦੀ ਸੀ ਅਖੇ ਬੱਕਰੇ ਦੀ ਜਾਨ ਗਈ ਖਾਣ ਵਾਲੇ ਨੂੰ ਸਵਾਦ ਨਾ ਆਇਆ।
“ਤੁਸੀਂ ਮਿੰਟ ਵਿੱਚ ਹੀ ਘਾਸ ਫੂਸ ਆਖਕੇ ਅਗਲੇ ਦੀ ਕਰੀ ਕਰਾਈ ਖੂਹ ਵਿੱਚ ਪਾ ਦਿੱਤੀ।” ਉਹ ਗੁੱਸੇ ਨਾਲ ਭੜਕੀ ਹੋਈ ਸੀ ਤੇ ਉਸਦਾ ਬੋਲਣਾ ਜਾਰੀ ਸੀ।
“ਨਹੀਂ ਮੇਰੇ ਕਹਿਣ ਦਾ ਆਹ ਮਤਲਬ ਨਹੀਂ ਸੀ।” ਮੈਂ ਗੱਲ ਬਦਲਣ ਦੀ ਕੋਸ਼ਿਸ਼ ਕੀਤੀ। ਮੇਰੇ ਸਪਸ਼ਟੀਕਰਨ ਮੇਰੇ ਮੂੰਹ ਵਿਚ ਹੀ ਰਹਿ ਗਏ। ਇੱਥੇ ਸੌਰੀ ਸ਼ਬਦ ਦਾ ਵੀ ਕੋਈਂ ਅਸਰ ਨਹੀ ਸੀ ਹੋਣਾ।
“ਸੋਡੀ ਤਾਂ ਓਹੀ ਗੱਲ ਹੈ ਬੱਕਰਾ ਜਾਨੋ ਗਿਆ ਤੇ ਖਾਣ ਵਾਲੇ ਨੂੰ ਸਵਾਦ ਨਾ ਆਇਆ।” ਉਸਨੇ ਮਾਤਾ ਵਾਲਾ ਡਾਇਲੋਗ ਦੁਰਹਾ ਦਿੱਤਾ। ਉਸਦਾ ਲੈਕਚਰ ਬਾਦਸਤੂਰ ਜਾਰੀ ਸੀ।
“ਮੈਂ ਮੈਂ ਮੈਂ ਤਾਂ ।” ਪਰ ਮੈਥੋਂ ਬੋਲ ਨਾ ਹੋਇਆ।
“ਮੈਨੂੰ ਕੀ ਸੀ ਲੱਪ ਮੂੰਗੀ ਰੱਖ ਦਿੰਦੀ ਕੂਕਰ ਚ। ਦੋ ਸੀਟੀਆਂ ਮਰਵਾ ਦਿੰਦੀ ਤੇ ਸੋਨੂ ਪਰੋਸ ਦਿੰਦੀ। ਮਖਿਆ ਰੁੱਤ ਦਾ ਮੇਵਾ ਹੈ। ਖੁਸ਼ ਹੋਕੇ ਖਾ ਲਵੇਗਾ ਸਾਰਾ ਟੱਬਰ। ਮੇਰੇ ਪੋਟੇ ਦੁਖਣ ਲੱਗ ਪਏ। ਕਿਹੜੇ ਵੇਲਿਆਂ ਦੀ ਖ਼ਫ਼ੀ ਜਾਂਦੀ ਹਾਂ। ਤੁਸੀਂ ਘਾਸ ਫੂਸ ਆਖਣ ਲਗਿਆ ਨੇ ਮਿੰਟ ਲਾਇਆ।” ਹੁਣ ਉਸਦੀਆਂ ਅੱਖਾਂ ਵਿੱਚ ਹੰਝੂ ਵੀ ਸਨ।
ਮੈਂ ਚੱਕੀ ਸਕੂਟੀ ਤੇ ਬਜ਼ਾਰ ਨੂੰ ਹੋ ਲਿਆ। ਸੱਚੀ ਉਸਦਾ ਸੱਚ ਸੁਣਨਾ ਵੀ ਮੇਰੇ ਲਈ ਔਖਾ ਸੀ। ਮੇਰੇ ਬੋਲੇ ਘਾਹ ਫੂਸ ਸ਼ਬਦ ਤਾਂ ਬਰੂਦ ਬਣ ਗਏ।
ਊਂ ਗੱਲ ਆ ਇੱਕ।
#ਰਮੇਸਸੇਠੀਬਾਦਲ

One comment

  1. vdhiya ji schin saag te mehnat bri hund a par khani kaihn da dhang bra vdhiya lagiya

Leave a Reply

Your email address will not be published. Required fields are marked *