ਮੈਕਸੀਕੋ ਟੈਕਸਸ ਗਰਮ ਇਲਾਕਿਆਂ ਵਿਚੋਂ ਅਪ੍ਰੈਲ ਮਹੀਨੇ ਕਨੇਡਾ ਆਈਆਂ ਇਹ ਬੱਤਖਾਂ ਅਕਸਰ ਬਰਫ ਪੈਣ ਤੋਂ ਪਹਿਲੋਂ ਵਾਪਿਸ ਪਰਤ ਜਾਇਆ ਕਰਦੀਆਂ..!
ਅੱਜ ਮੌਸਮ ਦੀ ਪਹਿਲੀ ਬਰਫ ਪਈ..ਇੱਕ ਝੁੰਡ ਅਜੇ ਵੀ ਬਰਫ ਵਿਚ ਸੁਸਤਾ ਰਿਹਾ ਸੀ..ਸੋਚੀ ਪੈ ਗਿਆ..ਇਹ ਅਜੇ ਤੀਕਰ ਵਾਪਿਸ ਕਿਓਂ ਨਹੀਂ ਪਰਤਦੀਆਂ..?
ਨਿੱਕੇ ਹੁੰਦਿਆਂ ਦੀ ਇੱਕ ਗੱਲ ਚੇਤੇ ਆ ਗਈ..ਭੂਆ ਅਤੇ ਮਾਮੇ ਦੀ ਧੀ ਦਾ ਵਿਆਹ ਅੱਗੜ-ਪਿੱਛੜ ਰੱਖ ਦਿੱਤਾ..!
ਅਸੀਂ ਚਾਰ ਦਿਨ ਦਾਦਕੇ ਰਹਿ ਕੇ ਫੇਰ ਨਾਨਕਿਆਂ ਵੱਲ ਦਾ ਸਾਲਮ ਟਾਂਗਾ ਕਰ ਲਿਆ..ਪਿਤਾ ਜੀ ਵਿਚੋਲੇ ਸਨ..ਇੱਕ ਸਹੁਰੇ ਅਤੇ ਦੂਜਾ ਵਿਚੋਲੇ..ਬੜੀ ਆਓ ਭਗਤ ਹੋਈ ਅਤੇ ਮਾਣ ਸਤਿਕਾਰ ਮਿਲਿਆ..!
ਪੰਜ ਕੂ ਦਿਨ ਰਹਿ ਕੇ ਜਦੋਂ ਤੁਰਨ ਲੱਗੇ ਤਾਂ ਸਾਰੇ ਰਾਹ ਡੱਕ ਖਲੋ ਗਏ..ਅਖ਼ੇ ਕੁਲਵੰਤ ਸਿਹਾਂ ਤੁਹਾਨੂੰ ਘਰੋਂ ਨਿੱਕਲਿਆਂ ਨੌਂ ਦਿਨ ਹੋ ਗਏ..ਅਤੇ ਨੌਵੇਂ ਦਿਨ ਵਾਪਿਸ ਨਹੀਂ ਪਰਤਿਆ ਕਰਦੇ..ਇੱਕ ਦਿਨ ਹੋਰ ਰਹਿ ਜਾਓ..ਫੇਰ ਇਕ ਦਿਨ ਹੋਰ ਰਹਿੰਦੇ ਰਹਿੰਦੇ ਪੂਰੇ ਤਿੰਨ ਦਿਨ ਹੋਰ ਲੱਗ ਗਏ..!
ਹੋ ਸਕਦਾ ਇਹਨਾਂ ਬੱਤਖਾਂ ਦੇ ਮਾਮਲੇ ਵਿਚ ਵੀ ਕਿਸੇ ਵਿਚੋਲੇ ਤੇ ਕੋਈ ਜ਼ੋਰ ਪੈ ਗਿਆ ਹੋਵੇ ਕੇ ਭਾਈ ਨੌਵੇਂ ਦਿਨ ਵਾਪਿਸ ਨਹੀਂ ਪਰਤਣਾ..ਅਤੇ ਫੇਰ ਇੱਕ ਦਿਨ ਹੋਰ ਰਹਿਣ ਦੇ ਚੱਕਰ ਵਿਚ ਸਾਰੇ ਟੱਬਰ ਉੱਤੇ ਅੱਜ ਏਨੀ ਬਰਫ ਪੈ ਗਈ ਹੋਵੇ..!
ਖੈਰ ਪੈਂਤੀ ਚਾਲੀ ਸਾਲ ਪੁਰਾਣੀ ਗੱਲ ਦਾ ਅੱਜ ਨਾਲ ਕੋਈ ਬਹੁਤ ਸਬੰਧ ਤੇ ਹੋ ਨਹੀਂ ਸਕਦਾ ਪਰ ਬੱਤਖਾਂ ਬਹਾਨੇ ਅਤੀਤ ਦੇ ਇੱਕ ਸੁੰਞੇ ਜਿਹੇ ਪੁਲ ਤੇ ਇਹ ਸੋ ਸੋਚ ਜਰੂਰ ਜਾ ਬੈਠਾ..ਕੇ ਹੋ ਸਕਦਾ ਚਿਰੋਕਣੇ ਹੇਠੋਂ ਲੰਘ ਗਏ ਪੂਰਾਣੇ ਪਾਣੀ ਅੱਜ ਵਾਪਿਸ ਪਰਤ ਹੀ ਆਉਣ..ਪਰ ਨਿਸ਼ਾਨੇ ਤੇ ਵੱਜੇ ਤੀਰ ਨੂੰ ਚਾਅ ਹੀ ਏਨਾ ਹੁੰਦਾ ਕੇ ਉਸਨੂੰ ਦੂਹਰਾ ਹੋ ਕੇ ਇਥੇ ਘੱਲਣ ਵਾਲਾ ਕਮਾਨ ਥੋੜੀ ਕੀਤੀਆਂ ਕਿਥੇ ਚੇਤੇ ਰਹਿੰਦਾ!
ਹਰਪ੍ਰੀਤ ਸਿੰਘ ਜਵੰਦਾ