ਜੀ ਹਾਂ, ਮੈਂ ਹਾਂ ਗਠੜੀ ਘਰ। ਮੇਰਾ ਕੰਮ ਹੈ ਤੁਹਾਡੀਆਂ ਗੱਠੜੀਆਂ ਸਾਂਭਣਾ ਤਾਂ ਕਿ ਤੁਸੀ ਅਪਣਾ ਭਾਰ ਮੇਰੇ ਹਵਾਲੇ ਕਰ ਕੇ ਅਜ਼ਾਦ ਪੰਛੀ ਦੀ ਤਰਾ ਉਡਾਰੀ ਮਾਰ ਸਕੋ ਅਤੇ ਆਪਣੇ ਕੰਮ ਕਾਰ ਆਸਾਨੀ ਨਾਲ ਕਰ ਸਕੋ। ਮੇਰਾ ਟਿਕਾਣਾ ਹੈ ਹਰ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਗੁਰਦਵਾਰੇ ਜਾ ਮੰਦਰ ਵਿੱਚ ਅਤੇ ਮੈਂ ਤੁਹਾਡੇ ਸਿਰ ਵਿੱਚ ਵੀ ਹਾਜ਼ਰ ਹੁੰਦਾ ਹਾਂ, ਦਿਮਾਗ ਦੇ ਰੂਪ ਵਿੱਚ। ਮੇਰੇ ਕੋਲ ਤਰਾ ਤਰਾ ਦੀਆ ਗੱਠੜੀਆ ਆਉਦੀਆ ਹਨ। ਹਰ ਗਠੜੀ ਦੀ ਇੱਕ ਕਹਾਣੀ ਹੁੰਦੀ ਹੈ, ਗਠੜੀ ਭਾਵੇਂ ਹਲਕੀ ਹੋਵੇ ਜਾ ਭਾਰੀ, ਸਾਫਸੁਥਰੀ ਹੋਵੇ ਜਾ ਗੰਦੀ। ਅਮੀਰ ਦੀ ਹੋਵੇ ਜਾ ਗਰੀਬ ਦੀ। ਮੈਂ ਕਿਸੇ ਨਾਲ ਭੇਦਭਾਦ ਨਹੀ ਕਰਦਾ। ਹਰ ਗਠੜੀ ਦਾ ਦਰਦ ਸੁਣ ਲੈਂਦਾ ਹਾਂ, ਉਸ ਨਾਲ ਦੋ ਚਾਰ ਹੰਝੂ ਵੀ ਬਹਾ ਲੈਂਦਾ ਹਾਂ ਬਸ ਫਿਰ ਤੋ ਤਿਆਰ ਹੋ ਜਾਂਦਾ ਹਾਂ ਨਵੀ ਗਠੜੀ ਦੀ ਕਥਾ ਸੁਣਨ ਲਈ। ਸਭ ਨਾਲ ਮੇਰੀ ਤਹਿ ਰਲ ਹੀ ਜਾਂਦੀ ਹੈ।
ਗੱਠੜੀਆ ਕਈ ਤਰਾ ਦੀ ਹੁੰਦੀਆ ਹਨ। ਪਹਿਲਾ ਲੋਹੇ ਦੇ ਟਰੰਕ ਵੀ ਹੁੰਦੇ ਸਨ, ਆਮਤੌਰ ਤੇ ਫੌਜੀਆ ਦੀ ਤਾਂ ਇਹ ਜਿੰਦ-ਜਾਨ ਹੁੰਦੇ ਸਨ। ਇਹਨਾ ਨਾਲ ਮਾਂ ਬਾਪ ਭੈਣ ਭਰਾ ਅਤੇ ਕਈ ਵਾਰ ਘਰ ਵਾਲੀ ਦੀਆ ਯਾਦਾ ਨਿੱਘਤਾ ਅਤੇ ਬੌਰਡਰ ਦੀ ਇਕੱਲਤਾ ਦੀ ਨੀਰਸਤਾ ਹੁੰਦੀ। ਕਿੰਨੇ ਹੀ ਹੌਂਕੇ ਹੁੰਦੇ, ਕਿੰਨੇ ਹੀ ਮੁਰਦਾ ਅਰਮਾਨ, ਘਰ ਦੀ ਤੰਗੀ, ਮਾਂ ਬਾਪ ਦੀ ਮਜਬੂਰੀ ਅਤੇ ਜ਼ਿੰਦਗੀ ਦੀ ਤਲਖ਼ੀ ਹੁੰਦੀ। ਅਤੇਇਹ ਟਰੰਕ ਇੱਕ ਫ਼ੌਜੀ ਜਵਾਨ ਦੀ ਪੂਰੀ ਕਹਾਣੀ ਹੀ ਕਹਿ ਦਿੰਦਾ ਤੇ ਕਦੇ ਕਦੇ ਤਾਂ ਕਹਾਣੀ ਸੁਣ ਮੇਰੇ ਵੀ ਹੰਝੂ ਵਗ ਤੁਰਦੇ। ਕਈ ਗੰਡੜੀਆ ਪੁਰਾਣੇ ਖੱਦਰ ਦੇ ਝੋਲੇ ਵਿੱਚ ਹੁੰਦੀਆ। ਮੈਲਾ ਜਿਹਾ ਕੱਡਿਆ ਝੋਲਾ ਕਿਸੇ ਕਿਸਾਨ ਦੀ ਪੂਰੀ ਕਹਾਣੀ ਹੀ ਕਹਿ ਦਿੰਦਾ। ਜ਼ਮੀਨਾਂ ਦੇ ਝਗੜੇ, ਕਚਿਹਰੀਆ ਦੀ ਲੁੱਟ ਅਤੇ ਘਰ ਦੀਆ ਮਜਬੂਰੀਆ । ਇਹੋ ਜਿਹੀ ਗੰਡੜੀ ਅਪਣੀ ਰਾਮ ਕਹਾਣੀ ਸੁਣਾ ਕਿ ਮੇਰੇ ਨਾਲ ਸਾਂਝਾ ਕਰ ਲੈਦੀ। ਫਿਰ ਕਿਸੇ ਮਜ਼ਦੂਰ ਦੀ ਗੱਠ ਆ ਜਾਂਦੀ। ਲਿੱਬੜੀ ਹੋਈ, ਦੋ ਚਾਰ ਲੀੜੇ ਸਾਂਭੀ ਬੈਠੀ, ਸਾਰੀ ਜ਼ਿੰਦਗੀ ਅਤੇ ਘਰ ਦੀਆਂ ਮਜਬੂਰੀਆ ਦੀ ਪੰਡ। ਪਾਸੀਨੇ ਦੀ ਬਦਬੂ ਮਾਰਦੀ। ਪਰ ੳੇੁਹ ਆਖਦੀ ਕਿ ਇਹ ਬਦਬੂ ਨਹੀ ਸਗੋਂ ਇਹ ਤਾਂ ਦੁਨੀਆ ਦੇ ਸਿਰਜਕ ਦੇ ਪਾਸੀਨੇ ਦੀ ਖੁਸ਼ਬੂ ਹੈ। ਕਹਿੰਦੀ ਮੇਰਾ ਸਿਰ ਇਸਦਾ ਪਾਸੀਨਾ ਸੁੰਘ ਕਿ ਉੱਚਾ ਹੋ ਜਾਂਦਾ ਹੈ। ਇਹੋ ਜਿਹੀ ਗੰਡੜੀ ਸਾਂਭ ਕੇ ਤਾਂ ਮੈਂ ਵੀ ਫਕਰ ਮਹਿਸੂਸ ਕਰਦਾ ਹਾਂ। ਕਈ ਵਾਰ ਕਿਸੇ ਨੌਕਰੀ ਲਈ ਭਟਕਦੇ ਨੌਜਵਾਨ ਦੀ ਗੰਡੜੀ ਵੀ ਆ ਜਾਂਦੀ ਹੈ। ਉਸ ਵਿੱਚ ਬੇਰੁਜਗਾਰੀ ਦਾ ਦਰਦ ਮਾਂ ਬਾਪ ਦੀ ਮਜਬੂਰੀ ਕੁੱਟ ਕੁੱਟ ਕਿ ਭਰੀ ਹੁੰਦੀ। ਕਈ ਵਾਰ ਤਾਂ ਉਸਦੀ ਰਾਮ ਕਹਾਣੀ ਸੁਣਦਿਆ ਮੇਰੇ ਆਪਣੇ ਹੀ ਹੰਝੂ ਵਗ ਜਾਂਦੇ ਹਨ।
ਕਦੀ ਕਦੀ ਅਮੀਰਾਂ ਦੀਆ ਗੰਡਾ ਵੀ ਆ ਜਾਂਦੀਆ। ਬੜੀਆ ਸੋਹਣੀਆ ਲੱਗਦੀਆ ਬਾਹਰੋ। ਬੜੀਆ ਆਕੜਬਾਜ ਹੁੰਦੀਆ, ਨਿਖਰੀਆ ਨਿਖਰੀਆ, ਬਾਕੀ ਗੰਡਾ ਤੋਂ ਨੱਕ ਵੱਟਦੀਆ। ਇੰਜ ਲਗਦਾ ਜਿਵੇ ਕਿਸਾਨ, ਮਜ਼ਦੂਰ ਅਤੇ ਭਟਕਦੇ ਨੌਜਵਾਨ ਦੀ ਹਰ ਮਜਬੂਰੀ ਇਹਨਾ ਦੀ ਲੁੱਟ ਚੋ ਨਿਕਲੀ ਹੋਵੇ। ਇਹਨਾ ਦੀ ਰਾਸ ਮੇਰੇ ਨਾਲ ਕਦੇ ਵੀ ਨਹੀ ਰਲੀ। ਤੇ ਨਾਂ ਹੀ ਇਹਨਾ ਦੀ ਕਹਾਣੀ ਵਿੱਚ ਦਰਦ ਨਜ਼ਰ ਆਇਆ।. ਹਾਂ ਅਯਾਸ਼ੀ ਜ਼ਰੂਰ ਹੁੰਦੀ ਸੀ।
ਖ਼ੈਰ ਸਮਾਂ ਬਦਲਿਆ ਤਾਂ ਗੰਡੜੀਆ ਦਾ ਰੰਗ ਰੂਪ ਅਤੇ ਸਫਰ ਵੀ ਬਦਲ ਗਿਆ। ਹੁਣ ਕੱਪੜੇ ਚ ਲਿਪਟੀਆ, ਝੋਲਿਆ ਵਾਲੀਆਂ ਮੈਲੀਆਂ ਕਚੈਲੀਆ ਗੰਠੜੀਆ ਨਹੀ ਰਹੀਆ। ਹੁਣ ਬੈਗ ਹੋ ਗਏ ਹਨ, ਬਰੀਫ ਕੇਸ ਵੀ ਤੇ ਗੰਡਾ ਦੇ ਹੋਰ ਕਈ ਸੌਸਿਫਟੀਕੇਟਡ ਰੂਪ ਆ ਗਏ ਹਨ। ਹਾਂ ਮੈਂ ਵੀ ਤਾਂ ਲੱਗੇਜ ਰੂਮ ਬਣ ਗਿਆ ਹਾਂ।
ਮੇਰਾ ਇੱਕ ਹੋਰ ਵੀ ਟਿਕਾਣਾ ਹੈ ਤੁਹਾਡਾ ਦਿਮਾਗ। ਮੈਂ ਤੁਹਾਡੀ ਹਰ ਯਾਦ ਨੂੰ ਸਾਂਭ ਕੇ ਰੱਖਦਾ ਹਾਂ। ਹਰ ਚੰਗੀ ਅਤੇ ਮਾੜੀ ਯਾਦ। ਕਿੰਨਾ ਕਿੰਨਾ ਚਿਰ ਸਾਂਭੀ ਰਹਿੰਦੀ ਹੈ। ਕਿੰਨੀਆ ਗੰਡਾ ਕਿੰਨਾ ਕਿੰਨਾ ਚਿਰ ਬੱਝੀਆ ਹੀ ਰਹਿਦੀਆ ਹਨ। ਬਚਪਨ ਦੀਆ, ਜਵਾਨੀ ਦੀਆ ਅਤੇ ਬੁਢਾਪੇ ਦੀਆ। ਮਾਂ ਦੀਆ ਸ਼ਹਿਦ ਜਿਹੀਆ ਮਿੱਠੀਆ, ਦਾਦੇ ਦਾਦੀ ਦੀਆ ਬੋਹੜ ਜਾ ਪਿੱਪਲ਼ ਦੀ ਛਾ ਵਰਗੀਆ, ਭੈਣਾਂ ਦੀਆਂ ਝਰਨੇ ਦੇ ਪਾਣੀ ਵਰਗੀਆ ਨਿਰਛੱਲ ਅਤੇ ਸਾਫ ਤੇ ਪਵਿੱਤਰ, ਬਾਪ ਦੀਆ ਅਦਰਕ ਦੇ ਰਸ ਵਰਗੀਆ ਥੋੜੀਆ ਕੌੜੀਆ ਅਤੇ ਮਿੱਠੀਆ।ਕਈ ਕਰੇਲੇ ਵਰਗੀਆ ਕੌੜੀਆ ਵੀ ਹੁੰਦੀਆ ਹਨ। ਕਈ ਥੱਲੇ ਦੱਬੀਆਂ ਰਹਿੰਦੀਆ ਹਨ। ਜਦ ਖੁਲਦੀਆ ਹਨ ਤੁਸੀ ਤਾਜ਼ੀ ਕਲੀ ਵਾਂਗ ਖਿੜ ਜਾਂਦੇ ਹੋ। ਤੁਹਾਡੇ ਸਾਹਾ ਵਿੱਚ ਖੁਸ਼ਬੂ ਘੁਲ ਜਾਂਦੀ ਹੈ। ਕਈ ਯਾਦਾ ਤੁਹਾਨੂੰ ਉਦਾਸ ਕਰ ਦਿੰਦੀਆ ਹਨ।
ਇਸ ਲਈ ਮੈਂ ਤੁਹਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਹਾਂ ਅਤੇ ਹਰ ਕਦਮ ਤੇ ਤੁਹਾਡੇ ਨਾਲ ਨਾਲ ਚੱਲਦਾ ਹਾਂ। ਤੁਹਾਡਾ ਅੰਗ ਹਾਂ। ਇੱਕ ਕਿਸਮ ਦਾ ਤੁਹਾਡਾ ਹੀ ਰੂਪ ਹਾਂ, ਤੁਹਾਡੀ ਹੀ ਕਹਾਣੀ ਹਾਂ ਅਤੇ ਤੁਹਾਡੀ ਹੀ ਜੀਵਨਸ਼ੈਲੀ ਹਾਂ। ਇਸ ਲਾਈ ਆਓ ਰਲ ਕੇ ਹੰਵਲਾ ਮਾਰੀਏ ਕਿ ਤੁਹਾਡੇ ਜੀਵਨ ਦਾ ਗੱਠੜੀ ਘਰ ਹਾਮੇਸ਼ਾ ਹੀ ਸੋਹਣੀਆ ਯਾਦਾ ਨਾਲ ਮਹਿਕਦਾ ਰਹੇ। ਲੁੱਟ ਖਾਸੁੱਟ ਖਤਮ ਹੋਵੇ ਅਤੇ ਤੁਹਾਡੇ ਜੀਵਨ ਵਿੱਚ ਖੁੱਸ਼ਹਾਲੀਆ ਦਾ ਫੁੱਲ ਸਦਾ ਸਦਾ ਮਹਿਕਦਾ ਅਤੇ ਟਹਿਕਦਾ ਰਹੇ।
ਮੈਂ ਤੁਹਾਡਾ ਗੰਡੜੀ ਘਰ ਤੁਹਾਡੇ ਸੋਹਣੇ ਜੀਵਨ ਲਈ ਸਦਾ ਸਦਾ ਦੁਆ ਕਰਦਾ ਤੁਹਾਨੂੰ ਅਲਵਿਦਾ ਕਹਿੰਦਾ ਹਾਂ।
ਤੁਹਾਡਾ ਅਪਣਾ
ਗਠੜੀ ਘਰ
◦ ਰੇਸ਼ਮ