“ਨਿੰਮੋ ,ਕੱਲ ਨੂੰ ਜਲਦੀ ਆਜੀਂ,ਕੰਮ ਬਹੁਤ ਹੋਣਾ ਤੇ ਮੈ ਇਕੱਲੀ ਆ …ਏਦਾਂ ਨਾ ਹੋਵੇ ਕਿ ਤੂੰ ਟਾਈਮ ਸਿਰ ਪਹੁੰਚੇ ਹੀ ਨਾ ”
“ਕੋਈ ਨੀ ਜੀ ,ਮੈ ਆਪੇ ਆ ਜਾਣਾ ਸਾਜਰੇ ਬੀਬੀ ਜੀ ,ਤੁਸੀਂ ਫਿਕਰ ਨਾ ਕਰੋ ”
ਬੂਹੇ ਤੋਂ ਬਾਹਰ ਹੁੰਦੀਆਂ ਨਿੰਮੋ ਨੇ ਜਵਾਬ ਦਿੱਤਾ ਤੇ ਕਾਹਲੀ ‘ਚ ਕਦਮ ਪੁੱਟਦੀ ਘਰ ਵੱਲ ਨੁੂੰ ਹੋ ਤੁਰੀ ..ਘਰ ਭਾਵੇੰ ਥੋੜਾ ਅਗੇ ਜਾਕੇ ,ਦੂਜੇ ਪਾਸੇ ਸੀ ਪਰ ਵੱਡੀ ਸੜਕ ਨੂੰ ਪਾਰ ਕਰਦਿਆਂ, ਦੂਜੇ ਪਾਸੇ ,ਸ਼ਮਸ਼ਾਨ ਘਾਟ ਵੀ ਆਉਂਦਾ ਸੀ ..
ਸਿਆਲਾਂ ਦੀਆ ਸ਼ਾਮਾਂ ਛੇਤੀ ਢੱਲ ਜਾਂਦੀਆਂ ਤੇ ਜਲਦੀ ਹਨੇਰਾ ਪਸਰਨ ਲਗ ਪੈਂਦਾ …ਇਸ ਵੇਲੇ ਸ਼ਮਸ਼ਾਨ ਘਾਟ ਕੋਲੋਂ ਲੰਘਦੇ ਹੋਏ ਨਿੰਮੋ ਤ੍ਰਭਕ ਜਾਂਦੀ ਕਈ ਵਾਰ..ਸ਼ਮਸ਼ਾਨ ਘਾਟ ਦਾ ਸਨਾਟਾ ਬਹੁਤ ਡਰਾਵਣਾ ਮਹਿਸੂਸ ਹੁੰਦਾ ਤੇ ਨਿੰਮੋ ਨੂੰ ਲਗਦਾ ਕਿ ਹੁਣੇ ਹਵਾ ‘ਚੋਂ ਕੋਈ ਆਕਾਰ ਪ੍ਰਗਟ ਹੋਵੇਗਾ ਤੇ ਉਸ ਨੂੰ ਮਾਰ ਸੁਟੇਗਾ…ਕਿ ਪਤਾ ਕੋਈ ਭੂਤ ਪ੍ਰੇਤ ਉਸ ਨੂੰ ਚਿੰਬੜ ਜੇ …ਭਾਵੇ ਉਸਦਾ ਇਹ ਡਰ ਨਿਰਮੂਲ ਸੀ ਪਰ ਉਸ ‘ਤੇ ਬਹੁਤ ਹਾਵੀ ਸੀ ।
ਅਗਲੇ ਦਿਨ ਪਾਰਟੀ ਦੇਰ ਸ਼ਾਮ ਤਕ ਚੱਲੀ ..ਸਾਰੇ ਪਰਾਹੁਣੇ ਜਾ ਚੁੱਕੇ ਤੇ ਨਿੰਮੋ ਵੀ ਕੰਮ ਨਬੇੜ ਘਰ ਨੂੰ ਜਾਣ ਲਗੀ ਤਾਂ ਮਾਲਕ ਨੇ ਖੁਸ਼ ਹੋ ਕੇ ਕੁੱਛ ਪੈਸੇ ਦਿਤੇ ਤੇ ਮਾਲਕਣ ਨੇ ਖਾ਼ਣ ਪੀਣ ਵਾਲੀਆਂ ਚੀਜਾਂ ਬੰਨ ਦਿਤੀਆਂ ਘਰ ਲਈ।
ਬਾਹਰ ਨਿਕਲੀ ਤਾਂ ਬਹੁਤ ਹਨੇਰਾ ਪਸਰ ਚੁੱਕਾ ਸੀ ਤੇ ਨਿੰਮੋ ਨੇ ਜਲਦੀ ਜਲਦੀ ਪੈਰ ਪੁੱਟਣੇ ਸ਼ੁਰੂ ਕਰ ਦਿਤੇ …ਅਚਾਨਕ ਉਸ ਨੇ ਕੁਛ ਕਦਮਾਂ ਦੀ ਬਿੜਕ ਮਹਿਸੂਸ ਕੀਤੀ ਜੋ ਜਿਆਦਾ ਦੂਰ ਤਾ ਨਹੀਂ ਸਨ ਪਰ ਉਸ ਦਾ ਪਿੱਛਾ ਕਰਦੇ ਜਾਪਦੇ ਮਹਿਸੂਸ ਹੋ ਰਹੇ ਸਨ …ਰਾਤ ਦੇ ਸਨਾਟੇ ‘ਚ ਪੈ ਰਹੀ ਹਲਕੀ ਹਲਕੀ ਧੁੰਦ ‘ਚੋਂ ਅਚਾਨਕ ਦੋ ਮਨੁੱਖੀ ਆਕਾਰ ਪ੍ਰਗਟ ਹੋਏ ਤੇ ਉਸ ਵੱਲ ਵਧੇ ਪਰ ਨਿੰਮੋ ਨੇ ਪਹਿਲਾ ਹੀ ਕਿਸੇ ਅਣਹੋਣੀ ਦੀ ਆਹਟ ਮਹਿਸੂਸ ਕਰ ਲਈ ਸੀ ਸੋ ਤੇਜੀ ਨਾਲ ਗਲੀਆਂ ‘ਚੋਂ ਦੌੜਦੀ ਹੋਈ ਝਕਾਨੀ ਦੇ ਵੱਡੀ ਸੜਕ ਵਲ ਆ ਨਿਕਲੀ …
ਪਰ ਉਸ ਨੂੰ ਲਗ ਰਿਹਾ ਸੀ ਕਿ ਉਹ ਦੋ ਜਾਣੇ ਹੱਜੇ ਵੀ ਉਸ ਮਗਰ ਆ ਸਕਦੇ ਸਨ ਸੋ ਸੁਰੱਖਿਅਤ ਜਗਾ ਤਲਾਸ਼ ਕਰਦੀ ਹੋਈ ਦੇ ਪੈਰ ਆਪ ਮੁਹਾਰੇ ,ਸ਼ਮਸ਼ਾਨ ਘਾਟ ਵੱਲ ਮੁੜ ਗਏ …ਜਿਥੇ ਇਕ ਸੱਜਰੇ ਕੀਤੇ ਅੰਤਮ ਸੰਸਕਾਰ ਦੀ ਚਿਖਾ ਦੀ ਰਾਖ ਹਜੇ ਵੀ ਧੁਖ ਰਹੀ ਸੀ …ਨਿੰਮੋ ਓਥੇ ਹੀ ਬਣੇ ਵਰਾਂਡੇ ਜਿਹੇ ਦੇ ਖੂੰਜੇ ਲਗ ਕੇ ਬੈਠੀ ਮਨ ਹੀ ਮਨ ਰੱਬ ਅਗੇ ਅਰਜੋਈਆਂ ਕਰ ਰਹੀ ਸੀ..ਭਾਵੇਂ ਰੋਸ਼ਨੀ ਮੱਧਮ ਜਿਹੀ ਸੀ ਪਰ ਉਸ ਵੱਲ ਹਨੇਰਾ ਹੋਣ ਕਰਕੇ ਕਿਸੇ ਇਨਸਾਨ ਦੀ ਮੌਜੂਦਗੀ ਦਾ ਜਰਾ ਵੀ ਪਤਾ ਨੀ ਸੀ ਲਗ ਰਿਹਾ …ਓਦਾਂ ਵੀ ਸ਼ਮਸ਼ਾਨਘਾਟ ਕੌਣ ਆਉਂਦਾ ਰਾਤ ਨੂੰ ..
ਉਹ ਦੋਨੋਂ ਬੰਦੇ ਵੀ ਸ਼ਾਇਦ ਹੋਰ ਪਾਸੇ ਨਿਕਲ ਗਏ ਸਨ …
ਪਰ ਅਜੇ ਨਿੰਮੋ ਦੇ ਦਿਲ ਵਿਚ ਬੈਠੇ ਸ਼ਮਸ਼ਾਨ ਘਾਟ ਦੇ ਅਖੌਤੀ ਡਰ ‘ਤੇ ,ਇਨਸਾਨ ਦੀ ਸ਼ਕਲ ਵਿਚ ਲੁਕੇ ਹੋਏ ਰਾਕਸ਼ਸਾਂ ਦਾ ਡਰ ਜਿਆਦਾ ਹਾਵੀ ਹੋ ਗਿਆ ਸੀ ..ਉਸ ਨੂੰ ਮਹਿਸੂਸ ਹੋਇਆ ਕਿ ਭੂਤ ਪ੍ਰੇਤ ਦਾ ਡਰ ਤਾਂ ਐਵੇ ਵਹਿਮ ਆ ,ਅਸਲੀ ਖਤਰਾ ਤਾ ਬੰਦੇ ਨੂੰ ਬੰਦੇ ਤੋਂ ਹੀ ਆ …
***************************************
ਗੁਲਜਿੰਦਰ ਕੌਰ