ਇੰਦਰਾ ਦਾ ਸਹਾਇਕ ਮੱਖਣ ਲਾਲ ਫੋਤੇਦਾਰ ਦੱਸਦਾ ਕੇ ਬੀਬੀ ਜੀ ਜਦੋਂ ਵੀ ਟੈਂਸ਼ਨ ਵਿੱਚ ਹੁੰਦੀ ਸ਼੍ਰੀਨਗਰ ਇੱਕ ਮਜਾਰ ਤੇ ਚਾਦਰ ਚੜਾਉਣ ਜਰੂਰ ਜਾਇਆ ਕਰਦੀ..!
ਬਾਈ ਅਕਤੂਬਰ ਚੁਰਾਸੀ ਨੂੰ ਫੇਰ ਸ਼੍ਰੀਨਗਰ ਗਈ..ਚਾਦਰ ਚੜਾਈ..ਲੈਣ ਲੱਗੀ ਕੋਲੋਂ ਪ੍ਰਸ਼ਾਦ ਹੇਠਾਂ ਜਾ ਪਿਆ..ਓਦੋਂ ਬਾਅਦ ਇੱਕ ਮੰਦਿਰ ਵੀ ਗਈ..ਓਥੇ ਵੀ ਇਹੋ ਬਦਸ਼ਨਗੀ ਹੋਈ..ਰੰਗ ਪੀਲਾ ਭੂਕ ਹੋ ਗਿਆ..ਆਖਣ ਲੱਗੀ ਫੋਤੇਦਾਰ ਜੀ ਕੁਛ ਨਾ ਕੁਛ ਤੋਂ ਜਰੂਰ ਹੋਣੇ ਵਾਲਾ ਹੈ..!
ਸੁਬ੍ਰਮੀਨੀਅਮ ਸੁਆਮੀ ਦੱਸਦਾ ਏ ਕੇ ਜੂਨ ਚੁਰਾਸੀ ਤੋਂ ਪਹਿਲੋਂ ਸੰਤਾਂ ਦੀਆਂ ਕੰਸੋਵਾਂ ਲੈਣ ਅਕਸਰ ਹੀ ਮੇਰੇ ਕੋਲ ਆ ਜਾਇਆ ਕਰਦੀ..ਸੰਤ ਜੀ ਕਯਾ ਕਹਿਤਾ ਹੈ..ਕੈਸੇ ਹੈ..!
ਮੈਂ ਉਸਦੇ ਮਨ ਅੰਦਰ ਦਾ ਫਤੂਰ ਬੁਝ ਲਿਆ..ਚੇਤਾਇਆ ਮੈਡਮ ਓਥੇ ਫੌਜ ਭੇਜਣ ਦੀ ਗਲਤੀ ਨਾ ਕਰ ਬੈਠੀ..ਅੱਗੋਂ ਆਖਣ ਲੱਗੀ ਨਹੀਂ ਭੇਜਦੀ ਪਰ ਅਖੀਰ ਭੇਜ ਹੀ ਦਿੱਤੀ!
ਫੇਰ ਅਗਸਤ ਚੁਰਾਸੀ ਪਾਰਲੀਮੈਂਟ ਸ਼ੇਸ਼ਨ ਦੇ ਦੌਰਾਨ ਦੁਪਹਿਰ ਦੇ ਖਾਣੇ ਮਗਰੋਂ ਇੱਕ ਵੇਰ ਘੜੀ ਕੂ ਆਰਾਮ ਕਰਨ ਪਾਰਲੀਮੈਂਟ ਦੇ ਗੈਸਟ ਰੂਮ ਵਿਚ ਲੇਟੀ ਹੋਈ ਸੀ..ਅੱਬੜਵਾਹੇ ਉੱਠੀ..ਮੁੜਕੋ ਮੁੜਕੀ ਹੋਈ ਕੋਲ ਆਈ ਅਖ਼ੇ ਵੋ ਮੁਝੇ ਨਹੀਂ ਛੋੜੇਂਗੇ..ਸਵਾਮੀ ਜੀ ਅਬ ਕੁਛ ਹੋ ਸਕਤਾ ਹੈ?
ਅੱਗੋਂ ਆਖਣ ਲੱਗਾ ਮੈਡਮ ਅਭ ਤੋਂ ਬਹੁਤ ਦੇਰ ਹੋ ਗਈ..ਹਾਂ ਗਲ਼ ਵਿੱਚ ਪੱਲਾ ਪਾ ਕੇ ਸ੍ਰੀ ਅਕਾਲ ਤਖ਼ਤ ਪੇਸ਼ ਹੋ ਜਾ..ਸ਼ਾਇਦ ਮੇਹਰ ਹੋ ਜਾਵੇ..ਪਰ ਸਲਾਹਕਾਰ ਜੁੰਡਲੀ ਨੇ ਮਨਾ ਕਰ ਦਿੱਤਾ!
ਕੱਤੀ ਅਕਤੂਬਰ ਚੁਰਾਸੀ ਬਟਾਲੇ ਸ਼ਹਿਰ ਡੇਰਾ ਬਾਬਾ ਨਾਨਕ ਰੋਡ ਤੇ ਇੱਕ ਗਊ ਸ਼ਾਲਾ ਤੇ ਹੋ ਰਹੇ ਫ਼ੰਕਸ਼ਨ ਤੇ ਸਕੂਲ ਵੱਲੋਂ ਬੈਂਡ ਵਜਾਉਣ ਗਏ ਹੋਏ ਸਾਂ..ਦਸ ਕੂ ਵਜੇ ਸਾਰਾ ਸ਼ਹਿਰ ਬੰਦ ਹੋ ਗਿਆ..ਅਖ਼ੇ ਉਹ ਮਾਰ ਦਿੱਤੀ..ਕੋਲ ਹੀ ਧਰਮਕੋਟ ਰੰਧਾਵਾ ਪਿੰਡ ਲਾਗੋਂ ਆਉਂਦਾ ਇੱਕ ਨਾਲਦਾ ਆਖਣ ਲੱਗਾ ਭਾਊ ਵੇਖਦਾ ਰਹੀ ਇਹ ਸੇਵਾ ਵੀ ਕਿਸੇ ਮਝੈਲ ਸਿੰਘ ਨੇ ਹੀ ਲਈ ਹੋਣੀ..ਫੇਰ ਵੀਹ ਕੂ ਦਿਨਾਂ ਬਾਅਦ ਸਕੂਲ ਖੁੱਲੇ..ਭੱਜਾ ਭੱਜਾ ਕੋਲ ਆਇਆ ਅਖ਼ੇ ਸਾਡੇ ਕੋਲ ਅਗਵਾਨ ਦੇ ਪੁੱਤ ਨੇ ਹੀ ਟੀਸੀ ਦਾ ਇਹ ਬੇਰ ਫੁੰਡਿਆ..!
ਦੱਸਦੇ ਇੱਕ ਵੇਰ ਹਥਣੀ ਅਤੇ ਕਤੂਰਿਆਂ ਦੀ ਮਾਂ ਇੱਕਠੀਆਂ ਪ੍ਰੇਗਨੈਂਟ ਹੋ ਗਈਆਂ..ਇੱਕ ਨੇ ਤਾਂ ਛੇ ਛੇ ਮਹੀਨੇ ਕਰਕੇ ਅਠਾਰਾਂ ਕਤੂਰੇ ਜੰਮ ਧਰੇ..ਪਰ ਦੂਜੇ ਪਾਸੇ ਹਥਣੀ ਵੱਲੋਂ ਅਜੇ ਕੋਈ ਖਬਰ ਨਹੀਂ!
ਸਾਰੇ ਮਜਾਕ ਕਰਿਆ ਕਰਨ ਕੇ ਝੂਠ ਮਾਰਦੀ ਏ..ਇਸਨੇ ਕੁਝ ਨਹੀਂ ਜੰਮਣਾ..ਓਧਰ ਏਨੇ ਥੋੜੇ ਸਮੇਂ ਵਿਚ ਕਿੰਨੇ ਸਾਰੇ ਕਤੂਰੇ ਜੰਮ ਵੀ ਧਰੇ ਨੇ!
ਅੱਗਿਓਂ ਹਥਣੀ ਹੱਸ ਪਈ ਕੇ ਜਦੋਂ ਮੇਰੇ ਘਰ ਔਲਾਦ ਦਾ ਜਨਮ ਹੋਵੇਗਾ ਤਾਂ ਉਸਨੂੰ ਸੜਕ ਤੇ ਤੁਰੀ ਜਾਂਦੀ ਨੂੰ ਵੇਖ ਤੇਰੇ ਅਠਾਰਾਂ ਦੇ ਅਠਾਰਾਂ ਖੁੱਡਾਂ ਵਿਚ ਵੜ ਜਾਇਆ ਕਰਨਗੇ..ਧਰਤੀ ਕੰਬ ਜਾਇਆ ਕਰੇਗੀ..ਅੱਗਿਓਂ ਆਉਂਦੇ ਸ਼ੇਰ ਤੱਕ ਵੀ ਰਾਹ ਛੱਡ ਦਿਆ ਕਰਨਗੇ ਅਤੇ ਉਹ ਆਪਣੀ ਸੁੰਢ ਨਾਲ ਟੀਸੀ ਦੇ ਉਹ ਬੇਰ ਵੀ ਲਾਹ ਲਿਆ ਕਰੇਗੀ ਜੋ ਤੇਰੀ ਔਲਾਦ ਲਈ ਵੇਖਣੇ ਤੱਕ ਵੀ ਮੁਸ਼ਕਿਲ ਹੋ ਗਏ ਹੋਣਗੇ!
ਠੀਕ ਉਨਤਾਲੀ ਸਾਲ ਪਹਿਲੋਂ ਅੱਜ ਦੇ ਦਿਨ ਦਿੱਲੀ ਦੀ ਐਨ ਹਿੱਕ ਅੰਦਰੋਂ ਉੱਚੀ ਟੀਸੀ ਦਾ ਬੇਰ ਲਾਹੁਣ ਵਾਲੇ ਸਾਡੇ ਕੌਮੀਂ ਯੋਧੇ ਭਾਈ ਬੇਅੰਤ ਸਿੰਘ ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਦੀ ਕੁਰਬਾਨੀ ਨੂੰ ਹਜਾਰਾਂ ਸਿਜਦੇ ਅਤੇ ਲੱਖਾਂ ਪ੍ਰਣਾਮ..!
ਅਸਾਂ ਜੂਨ ਹੰਢਾਉਣੀ ਮਹਿਕਦੀ..ਸਾਨੂੰ ਬਿਰਹੋਂ ਦਾ ਵਰਦਾਨ..ਇਸ ਬਿਰਹੋਂ ਦੇ ਨਾਮ ਤੋਂ..ਸਾਡੇ ਕੋਟ ਜਨਮ ਕੁਰਬਾਨ!
ਹਰਪ੍ਰੀਤ ਸਿੰਘ ਜਵੰਦਾ