ਸਿਮਰਨ ਦੁੱਧ ਗਰਮ ਕਰਕੇ ਨਨਾਣ ਅਤੇ ਸੱਸ ਨੂੰ ਦੇਣ ਉਹਨਾਂ ਦੇ ਕਮਰੇ ਵਿਚ ਜਾ ਰਹੀ ਸੀ ਉਸ ਨੇ ਅਜੇ ਬੰਦ ਦਰਵਾਜ਼ੇ ਨੂੰ ਖੋਹਲਣ ਲਈ ਹੱਥ ਪਾਇਆ ਹੀ ਸੀ ਕਿ ਨਨਾਣ ਦੀ ਅਵਾਜ਼ ਕੰਨੀ ਪਈ ,” ਬੀਜੀ ਤੁਸੀਂ ਸਿਮਰਨ ਨੂੰ ਬੜਾ ਸਿਰ ਝੜਾ ਰੱਖਿਆ ਹੈ, ਜੇ ਚਾਰ ਘੰਟੇ ਸਕੂਲ ਵਿੱਚ ਪੜ੍ਹਾ ਆਉਂਦੀ ਹੈ ਤਾਂ ਤੁਹਾਡੇ ਸਿਰ ਹਸਾਣ ਕਰਦੀ ਹੈ,ਬਾਕੀ ਸਾਰਾ ਦਿਨ ਤਾਂ ਵਿਹਲੀ ਹੀ ਰਹਿੰਦੀ ਹੈ, ਘਰ ਦਾ ਕੰਮ ਅਤੇ ਤੁਹਾਡੀਆਂ ਰੋਟੀਆਂ ਵੀ ਇਸ ਤੋਂ ਨਹੀਂ ਪੱਕਦੀਆਂ”।
ਨਨਾਣ ਦੇ ਦਿਲ ਚੀਰਵੇਂ ਬੋਲ ਸੁਣ ਕੇ ਸਿਮਰਨ ਦਾ ਦਿਲ ਕੀਤਾ ਕਿ ਗਰਮ-ਗਰਮ ਦੁੱਧ ਨਨਾਣ ਦੇ ਸਿਰ ਵਿਚ ਪਾ ਦੇਵੇ। ਪਰ ਉਸ ਨੇ ਗੁੱਸੇ ਨੂੰ ਕਾਬੂ ਰੱਖ ਦੋਹਾਂ ਨੂੰ ਦੁੱਧ ਫੜਾ ਕੇ ਅਜੇ ਦਰਵਾਜ਼ਿਉ ਬਾਹਰ ਹੀ ਹੋਈ ਸੀ ਕਿ ਨਨਾਣ ਦੇ ਬੋਲ ਫਿਰ ਸੁਣਾਈ ਦਿੱਤੇ, ” ਵੇਖ ਮਾਂ ਕਿਵੇਂ ਭੂਸਰੀ ਹੋਈ ਝੋਟੀ ਵਾਂਗ ਭੱਜ ਗਈ ਹੈ ਦੋ ਘੜੀਆਂ ਬੈਠ ਨਹੀਂ ਸੀ ਸਕਦੀ “। ਇ
ਸਿਮਰਨ ਇਹ ਬੋਲ ਸੁਣ ਪਤਾ ਨਹੀਂ ਕਿਵੇਂ ਡਿਗਦੀ ਢਹਿੰਦੀ ਆਪਣੇ ਕਮਰੇ ਵਿਚ ਮੂਧੇ ਮੂੰਹ ਆਪਣੇ ਬਿਸਤਰੇ ਤੇ ਆ ਡਿੱਗੀ ਹੁਣ ਉਸ ਦੇ ਸਬਰ ਦਾ ਬੰਨ੍ਹ ਟੁੱਟਚੁੱਕਾ ਸੀ। ਅੱਖਾਂ ਵਿਚ ਅੱਥਰੂਆਂ ਦਾ ਹੜ੍ਹ ਅਤੇ ਦਿਮਾਗ ਵਿੱਚ ਭੁਚਾਲ ਆਇਆ ਹੋਇਆ ਸੀ। ਅਤੇ ਉਹ ਸੋਚ ਰਹੀ ਸੀ ਕਿ ਕੰਮ ਕਰਦਿਆ ਸਵੇਰੇ ਪੰਜ ਵਜੇ ਤੋਂ ਲੈ ਕੇ ਰਾਤ ਦੇ ਗਿਆਰਾਂ ਵੱਜ ਗਏ ਹਨ ਮੈਂ ਅਜੇ ਵੀ ਵੇਹਲੀ ਹਾਂ,ਪਰ ਸੱਸ ਅਤੇ ਨਨਾਣ ਦੋਵੇਂ ਡੱਕਾ ਭੰਨ ਕੇ ਦੂਹਰਾ ਨਾ ਕਰਨ ਦੇ ਬਾਵਜੂਦ ਵੀ ਮੈਨੂੰ ਵਿਹਲੀ ਦਸਦੀਆਂ ਹਨ। ਪਤੀ ਨੂੰ ਵੀ ਮੇਰੀ ਕੋਈ ਗੱਲ ਸੁਣ ਕੇ ਰਾਜੀ ਨਹੀਂ ਉਹ ਵੀ ਮਾਂ ਅਤੇ ਭੈਣ ਦੀ ਹੀ ਮੰਨਦਾ ਹੈ।
ਉਸ ਨੇ ਪਤੀ ਵੱਲ ਵੇਖਿਆ ਉਹ ਟੀ ਵੀ ਵੇਖਣ ਵਿਚ ਮਗਨ ਸੀ ਅਤੇ ਬੱਚੇ ਘੂਕ ਸੁੱਤੇ ਪਏ ਸਨ। ਪਰ ਉਸ ਦੀਆਂ ਅੱਖਾਂ ਵਿੱਚੋਂ ਨੀਂਦ ਖੰਭ ਲਾ ਕੇ ਉੱਡ ਚੁੱਕੀ ਸੀ। ਉਸ ਦੀ ਨਨਾਣ ਅਤੇ ਸੱਸ ਅਜੇ ਵੀ ਸਿਮਰਨ ਦੀਆਂ ਚੁਗਲੀਆਂ ਵਿਚ ਮਗਨ ਸਨ। ਕਦੇਂ ਕਦੇਂ ਨਨਾਣ ਦੇ ਉਚੀ-ਉਚੀ ਹੱਸਣ ਦੀ ਅਵਾਜ਼ ਸਿਮਰਨ ਦੇ ਕੰਨਾਂ ਵਿਚ ਹਥੌੜੇ ਵਾਂਗ ਟਕਰਾ ਰਹੀ ਸੀ।
ਡਾਕਟਰ ਮਲਕੀਅਤ ਸਿੰਘ ਆਯੂਰਵੈਦਿਕ ਮੱਖੂ
ਮੋਬਾਈਲ : 9417446385