ਪੂਰਨ ਸਿੰਘ ਉੱਚਾ ਲੰਮਾ ਸੁਨੱਖਾ ਗੱਭਰੂ ਪੜ ਲਿਖ ਬਿਜਲੀ ਦਾ ਡਿਪਲੋਮਾ ਕਰਕੇ ਬਿਜਲੀ ਮਹਿਕਮੇ ਚ ਲਾਈਨ ਮੈਨ ਭਰਤੀ ਹੋ ਗਿਆ।ਓਧਰੋਂ 1975 ਐਮਰਜੈਂਸੀ ਵਿੱਚ ਸਾਰਾ ਪੰਜਾਬ ਇਲੈਕਟਰੀਫਾਈ ਕਰਨ ਦਾ ਪ੍ਰੋਗਰਾਮ ਸ਼ੁਰੂ ਹੋ ਗਿਆ ਜਿਸ ਵਿੱਚ ਹਰ ਪਿੰਡ ਬਿਜਲੀ ਪਹੁੰਚਾਈ ਜਾਣੀ ਸੀ।
ਤੇਜ਼ ਤਰਾਰ ਪੂਰਨ ਸਿੰਘ ਦੀ ਤਰੱਕੀ ਹੋ ਕੇ ਜੇਈ ਬਣ ਗਿਆ ਅੰਧਾਧੁੰਦ ਮਿਲ ਰਹੇ ਸਰਕਾਰੀ ਸਮਾਨ ਵਿਚੋਂ ਕੁੱਝ ਵੇਚ ਦੇਣਾ ਪੈਸੇ ਲੈ ਕੇ ਬਿਨਾਂ ਨਕਸ਼ਾ ਪਾਸ ਵਾਲੀ ਥਾਂ ਵਿਚੋਂ ਦੀ ਰੂਟ ਬਦਲ ਕੇ ਲਾਈਨਾਂ ਕੱਢ ਦੇਣੀਆਂ।
ਕੁੱਝ ਚਿਰ ਬਾਅਦ ਇਹ ਕੰਮ ਮੁਕੰਮਲ ਹੋਣ ਤੇ ਨਾਲ ਦੇ ਸ਼ਹਿਰ ਬਦਲੀ ਹੋ ਗਈ।ਓਥੇ ਸੇਮ ਆਉਣ ਕਰਕੇ ਕੁੱਝ ਬਿੱਲ ਨਾ ਭਰਨ ਕਰਕੇ ਕੱਟੇ ਟਿਊਬਵੈੱਲ ਕੁਨੈਕਸਨਾ ਦੀਆਂ ਲਾਈਨਾਂ ਪੁੱਟਣ ਦਾ ਕੰਮ ਥੋਕ ਵਿੱਚ ਹੱਥ ਆ ਗਿਆ।
ਅਫਸਰਾਂ ਨਾਲ ਰਲਕੇ ਲੋਹੇ ਦੇ ਖੰਭੇ ਤਾਰਾਂ ਵੇਚਦਿਆਂ ਕਾਰਖਾਨਿਆਂ ਵਾਲੀ ਲਾਈਨ ਦਾ ਚਾਰਜ ਵੀ ਲੈ ਲਿਆ। ਤੇਜ਼ ਤਰਾਰ ਪੂਰਨ ਸਿੰਘ ਨੇ ਉਪਰ ਤੱਕ ਜਾਣ ਪਛਾਣ ਬਣਾ ਆਪਣੇ ਸੈਲ ਬਣਾ ਲਏ। ਮਹਿਕਮੇਂ ਵਿਚ ਪੂਰਨ ਸਿਓਂ ਪੂਰਨ ਸਿਓਂ ਹੋਣ ਲੱਗੀ।
ਨਾਲ ਦੇ ਮੁਲਾਜ਼ਮਾਂ ਉਪਰਲੇ ਐਸ ਡੀਓ ਐਕਸੀਅਨ ਤੱਕ ਦੇ ਸਾਰੇ ਸਟਾਫ਼ ਦੀਆਂ ਬਦਲੀਆਂ ਕਰਵਾ ਆਪਣੀ ਮਰਜ਼ੀ ਦੇ ਲਗਵਾਉਣ ਲੱਗ ਪਿਆ।
ਜੇ ਕੋਈ ਸਕਾਇਤ ਉਪਰ ਜਾਂਦੀ ਜਾਂ ਛਾਪਾ ਪੈਣਾ ਹੁੰਦਾ ਪੂਰਨ ਸਿੰਘ ਨੁੰ ਪਹਿਲਾਂ ਫੋਨ ਆ ਜਾਂਦਾ ਤੇ ਮਸਲਾ ਹੱਲ ਕਰਨ ਦੇ ਇੰਤਜ਼ਾਮ ਹੋ ਜਾਂਦੇ। ਬਿਜਲੀ ਚੋਰੀ ਕਰਵਾਉਣੀ ਨਜਾਇਜ਼ ਲਾਈਨਾਂ ਪੱਟ ਕੇ ਏਧਰ ਓਧਰ ਕਰਨੀਆਂ ਸਮਾਨ ਵੇਚਣਾ ਕਾਰਖਾਨਿਆਂ ਤੋਂ ਮਹੀਨਾਵਾਰ ਉਗਰਾਹੀ ਮਹਿਕਮੇ ਦੀਆਂ ਗੱਡੀਆਂ ਦਾ ਡੀਜ਼ਲ ਵੇਚਣ ਹਰ ਕੰਮ ਵਿੱਚੋਂ ਨੋਟਾਂ ਦੀਆਂ ਪੰਡਾਂ ਬੰਨ੍ਣ ਲੱਗਿਆ।
ਤਰੱਕੀ ਹੋ ਕੇ ਐਸ ਡੀ ਓ ਬਣ ਗਿਆ ਪੂਰਾ ਟੌਹਰ ਹੋ ਗਿਆ।ਏਸ ਪੈਸੇ ਨਾਲ 100ਕਿਲਾ ਜ਼ਮੀਨ ਖਰੀਦ ਲਈ ਕੁੜੀਆਂ ਦੇ ਸ਼ਾਨਦਾਰ ਵਿਆਹ ਕੀਤੇ ਕੋਠੀ ਪਾਈ। ਪਰ ਖ਼ੁਦ ਨੂੰ ਸ਼ੂਗਰ ਅਤੇ ਬਵਾਸੀਰ ਹੋ ਗਈ। ਇਕੋ ਇੱਕ ਪੁੱਤਰ ਚੜਦੀ ਉਮਰੇ ਚਿੱਟੇ ਦਾ ਨਸ਼ਾ ਕਰਨ ਲੱਗ ਪਿਆ। ਖੁਦ ਅਫ਼ੀਮ ਖਾਣ ਲੱਗ ਪਿਆ ।
ਦਿਨ ਮਾੜੇ ਸ਼ੁਰੂ ਹੋਗਏ ਘਰੋਂ ਅਫ਼ੀਮ ਫੜੀ ਗਈ ਤਕੜਾ ਪੈਸਾ ਖ਼ਰਚ ਕੇ ਛੁੱਟ ਗਿਆ।
ਖੁਦ ਰਿਟਾਇਰ ਹੋ ਗਿਆ ਮੁੰਡੇ ਨੇ ਜ਼ਮੀਨ ਵੇਚਣੀ ਸ਼ੁਰੂ ਕਰ ਦਿੱਤੀ ਇਹ ਵੇਖ ਕੇ ਕੁੜੀਆਂ ਜ਼ਮੀਨ ਵਿਚੋਂ ਹਿੱਸਾ ਮੰਗਣ ਲੱਗੀਆਂ ਕਿ ਇਸ ਨੇ ਤਾਂ ਵੇਚ ਹੀ ਦੇਣੀ ਹੈ। ਕਿਸੇ ਜ਼ਖ਼ਮ ਕਾਰਨ ਪੈਰ ਵਢਵਾਉਣਾ ਪਿਆ ਕਿਉਂਕਿ ਸ਼ੁਗਰ ਕਾਰਨ ਠੀਕ ਨਹੀਂ ਸੀ ਹੋ ਸਕਦਾ। ਕੁੱਝ ਜ਼ਮੀਨ ਜੋ ਬੇਨਾਮੀ ਖ਼ਰੀਦੀ ਸੀ ਜਿਸ ਦੇ ਨਾਂ ਤੇ ਖ਼ਰੀਦੀ ਸੀ ਓਹਨਾਂ ਕਬਜ਼ਾ ਕਰ ਲਿਆ।
ਅੰਤ ਇਸ ਦੁਨੀਆਂ ਤੇ ਹੀ ਨਰਕ ਵੇਖਦਾ ਹੋਇਆ ਬੇਤਾਜ਼ ਬਾਦਸ਼ਾਹ ਪੂਰਨ ਸਿੰਘ ਇਸ ਦੁਨੀਆਂ ਤੋਂ ਚਲਿਆ ਗਿਆ।
ਜ਼ਿਆਦਾ ਬੇਈਮਾਨੀਆਂ ਕਰਨ ਵਾਲੇ ਕਰਮਚਾਰੀਆਂ ਨੂੰ ਅੱਜ ਵੀ ਪੂਰਨ ਸਿੰਘ ਦੀ ਉਦਾਹਰਣ ਦਿੱਤੀ ਜਾਂਦੀ ਹੈ। ਇਹ ਅਸਲ ਕਹਾਣੀ ਹੈ ਨਾਂ ਵਗੈਰਾ ਬਦਲੀ ਕੀਤੇ ਹਨ।
ਨਰ ਸਿੰਘ ਫਾਜ਼ਿਲਕਾ
31-101-2023