ਮੈਂ ਸ਼ਾਇਦ ਛੇਵੀਂ ਯ ਸੱਤਵੀਂ ਚ ਪੜ੍ਹਦਾ ਸੀ। 1972 ਯ 1973 ਦੀ ਗੱਲ ਹੋਵੇਗੀ। ਮੈਂ ਘਰ ਦਾ ਸਮਾਨ ਖਰੀਦਣ ਸ਼ਹਿਰ ਆਇਆ। ਉਦੋਂ ਅਠਿਆਨੀ ਭਾੜਾ ਲਗਦਾ ਸੀ ਟਾਂਗੇ ਦਾ। ਸਮਾਨ ਖਰੀਦਣ ਤੋਂ ਬਾਅਦ ਜੇਬ ਵਿਚ ਬਚੇ ਪੈਸਿਆਂ ਨੇ ਮੈਨੂੰ ਚੋੜੀ ਬੈਲਟ ਖਰੀਦਣ ਲਈ ਉਕਸਾਇਆ। ਗੋਲ ਬਾਜ਼ਾਰ ਵਿਚਲੀ ਮਸ਼ਹੂਰ ਲਾਲ ਚੰਦ ਰਾਧੇ ਸ਼ਾਮ ਦੀ ਦੁਕਾਨ ਤੋਂ ਮੈਂ ਢਾਈ ਇੰਚ ਚੋੜੀ ਚਮੜੇ ਦੀ ਬੈਲਟ ਖਰੀਦ ਲਈ ਸਿਰਫ ਛੇ ਰੁਪਿਆਂ ਚ। ਹੁਣ ਉਸ ਲਈ ਇੱਕ ਬਕੱਲ ਵੀ ਖਰੀਦਣਾ ਸੀ। ਉਥੇ ਹੀ ਪੰਜ ਰੁਪਏ ਦੀ ਕੀਮਤ ਦਾ ਪਿਤੱਲ ਦਾ ਬਕੱਲ ਵੀ ਮੇਰੇ ਪਸੰਦ ਆ ਗਿਆ। ਮਤਲਬ ਮੈਂ ਆਪਣੀ ਖੁਸ਼ੀ ਲਈ ਗਿਆਰਾਂ ਰੁਪਈਆਂ ਨੂੰ ਧੂਫ ਦੇਕੇ ਮੈਂ ਸ਼ਾਮੀ ਪੰਜ ਕੁ ਵਜੇ ਘਰੇ ਆ ਗਿਆ ਅਤੇ ਖੁਸ਼ੀ ਖੁਸ਼ੀ ਮਾਤਾ ਜੀ ਨੂੰ ਆਪਣੀ ਖਰੀਦਦਾਰੀ ਦੇ ਦਰਸ਼ਨ ਕਰਵਾਏ। ਪਰ ਪਾਪਾ ਜੀ ਨੂੰ ਉਹ ਖਰੀਦਦਾਰੀ ਬਹੁਤੀ ਰਾਸ ਨਾ ਆਈ। ਤੇ ਗੱਲ ਕੰਜਰਾ ਕੁੱਤਿਆ ਤੋਂ ਸ਼ੁਰੂ ਹੋਕੇ ਬਾਟੇ ਦੀਆਂ ਚੱਪਲਾਂ ਦੇ ਪ੍ਰਯੋਗ ਤੱਕ ਪਹੁੰਚ ਗਈ। ਫਿਰ ਉਸ ਦਿਨ ਤਾਂ ਪ੍ਰਸ਼ਾਦੇ ਛਕਣ ਦਾ ਸਵਾਲ ਹੀ ਨਹੀਂ ਸੀ। ਅੜੀ ਮੈਂ ਵੀ ਨਹੀਂ ਛੱਡੀ ਤੇ ਮਿੰਨਤ ਮਾਪਿਆਂ ਨੇ ਵੀ ਨਹੀਂ ਕੀਤੀ। ਗੱਲ ਉਹਨਾਂ ਦੀ ਵੀ ਠੀਕ ਸੀ ਕਿ ਮੇਰੇ ਕੋਲ ਢਾਈ ਇੰਚ ਦੀ ਲੁੱਪੀਆਂ ਵਾਲੀ ਕੋਈ ਪੇਂਟ ਹੀ ਨਹੀਂ ਸੀ। ਮੌਕੇ ਦੀਆਂ ਦੋਨੇ ਪੈਂਟਾਂ ਦੀਆਂ ਲੁੱਪੀਆਂ ਇੱਕ ਇੰਚ ਦੀਆਂ ਸਨ। ਜਦੋਂ ਕਿ ਮੇਰੀ ਪਲਾਨਿੰਗ ਅਗਲੀ ਨਵੀ ਪੈਂਟ ਲਈ ਸੀ। ਖੈਰ ਭੁੱਖੇ ਢਿੱਡ ਰਾਤ ਲੰਘਾਈ ਤੇ ਸਵੇਰੇ ਹੀ ਫਿਰ ਬੈਲਟ ਦੀ ਚਰਚਾ ਸ਼ੁਰੂ ਹੋ ਗਈ। ਮੈਂ ਦੱਸਿਆ ਕਿ ਬੈਲਟ ਦੇ ਸਿਰੇ ਤੇ ਟਿੱਚ ਬੱਟਣ ਲਗਿਆ ਹੈ ਜਿਸ ਨਾਲ ਕਦੇ ਵੀ ਬਕੱਲ ਬਦਲਿਆ ਜਾ ਸਕਦਾ ਹੈ। ਯ ਬੈਲਟ ਨਵੀਂ ਲਈ ਜਾ ਸਕਦੀ ਹੈ।
“ਕੰਜਰਾ ਤੂੰ ਇਹ ਗੱਲ ਰਾਤੀ ਕਿਉਂ ਨਹੀਂ ਦੱਸੀ?” ਕਹਿਕੇ ਪਾਪਾ ਜੀ ਨੇ ਮੇਰੇ ਤੇ ਫਿਰ ਹੱਥ ਹੋਲਾ ਕਰ ਦਿੱਤਾ। ਪਰ ਨਾਲ ਹੀ ਮੈਨੂੰ ਨਜ਼ਾਇਜ ਖਰੀਦਦਾਰੀ ਦੇ ਕੇਸ ਤੋਂ ਬਰੀ ਵੀ ਕਰ ਦਿੱਤਾ। ਮੈਂ ਕਿਵੇਂ ਕਹਿੰਦਾ ਕਿ ਰਾਤ ਤਾਂ ਤੁਸੀਂ ਮੇਰੀ ਕੋਈ ਦਲੀਲ ਸੁਣੀ ਹੀ ਨਹੀਂ। ਪਰ ਮੈਂ ਬਰੀ ਹੋਕੇ ਬਹੁਤ ਖੁਸ਼ ਸੀ। ਨਾਲੇ ਹੁਣ ਬੈਲਟ ਵੀ ਪੱਕੀ ਮੇਰੀ ਹੀ ਸੀ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ