ਪਾਪਾ ਤੁਸੀ ਰੋਟੀ ਖਾਣ ਵੇਲੇ ਆਪਣੇ ਹੱਥਾਂ ਨੂੰ ਬਾਰ ਬਾਰ ਕਿਉਂ ਦੇਖਦੇ ਹੋ। ਕਦੇ ਪੁਠੇ ਸਿੱਧੇ ਹਥਾਂ ਨਾਲ ਚਮਚ ਫੜਦੇ ਹੋ। ਡਾਕਟਰ ਰੰਵੰਦਰ ਤਾਅ ਜੋ ਲੁਧਿਆਣੇ ਦੇ ਨਾਮੀ ਹਸਪਤਾਲ ਬਰਨ ਸਪੇਸਲਿਸਟ ਸਨ, ਦੀ ਬੇਟੀ ਨੇ ਸ਼ਾਮ ਨੂੰ ਆਪਣੇ ਪਾਪਾ ਨੂੰ ਰੋਟੀ ਖਵਾਉਂਦੇ ਵਕਤ ਕਿਹਾ।
ਨਹੀ ਬੇਟਾ ਕੋਈ ਗੱਲ ਨਹੀ। ਕਹਿਕੇ ਡਾਕਟਰ ਸਾਹਿਬ ਦਾ ਚੇਹਰਾ ਮੁਰਝਾ ਚਿਹਾ ਗਿਆ।
ਨਹੀ ਪਾਪਾ ਕੋਈ ਤਾਂ ਗੱਲ ਹੈ । ਮੈ ਕਲ੍ਹ ਦੀ ਤੁਹਾਨੂੰ ਗੋਰ ਨਾਲ ਦੇਖ ਰਹੀ ਹਾਂ । ਰੋਟੀ ਖਾਂਦੇ ਵਕਤ ਤੁਹਾਡਾ ਧਿਆਨ ਕਿਤੇ ਹੋਰ ਹੁੰਦਾ ਹੈ ਤੇ ਚੇਹਰੇ ਦੀ ਰੋਣਕ ਵੀ ਗਾਇਬ ਹੁੰਦੀ ਹੈ। ਦੱਸੋ ਨਾ ਪਾਪਾ ਕੀ ਗੱਲ ਹੈ। ਹੁਣ ਜਵਾਨ ਬੇਟੀ ਨੇ ਜਿੱਦ ਪਕੜ ਲਈ।
ਬੇਟਾ ਗੱਲ ਇਹ ਹੈ ਕਿ ਮੈਂ ਡਾਕਟਰ ਹਾਂ ਤੇ ਮੇਰਾ ਕੰਮ ਲੋਕਾਂ ਨੂੰ ਜਿੰਦਗੀ ਦੇਣਾ ਹੈ। ਪਰ……………।
ਪਰ ਕੀ ਪਾਪਾ। ਤੁਸੀ ਤੇ ਪਿਛਲੇ ਕਈ ਦਿਨਾਂ ਤੋ ਡਬਵਾਲੀ ਅਗਣੀ ਕਾਂਡ ਪੀੜਤਾ ਦਾ ਇਲਾਜ ਬੜੀ ਸਿੱਦਤ ਨਾਲ ਕਰ ਰਹੇ ਹੋ। ਦੇਰ ਰਾਤ ਤੱਕ ਜਿੰਦਗੀ ਮੋਤ ਦੀ ਲੜਾਈ ਲੜ੍ਹ ਰਹੇ ਮਰੀਜਾਂ ਚ ਰੁਝੇ ਰਹਿੰਦੇ ਹੋ। ਫਿਰ ਤੁਹਾਨੂੰ ਕਾਹਦਾ ਅਫਸੋਸ ਪਾਪਾ।
ਬੇਟਾ ਇਹ ਤੇਰੀ ਗੱਲ ਬਿਲਕੁਲ ਠੀਕ ਹੈ। ਪਰ ਹੁਣ ਕਈ ਦਿਨਾਂ ਤੋ ਜਦੋ ਉਹ ਮਰੀਜ ਮੋਤ ਤੇ ਦਾਇਰੇ ਚੋ ਬਾਹਰ ਹੋ ਗਏ ਹਨ। ਸਾਨੂੰ ਇੱਕ ਅਜੀਬ ਕੰਮ ਕਰਨਾ ਪੈ ਰਿਹਾ ਹੈ। ਮਰੀਜਾਂ ਦੇ ਜਿਹੜੇ ਅੰਗ ਹੱਥ, ਪੈਰ ਉਗਲੀਆਂ ਕੰਨ ਠੀਕ ਨਹੀ ਹੋ ਰਹੇ ਉਹਨਾ ਨੂੰ ਕੱਟਣਾ ਪੈ ਰਿਹਾ ਹੈ।ਹੁਣ ਮੈਨੂੰ ਇਹੀ ਅਫਸੋਸ ਹੈ ਕਿ ਮੇਰਾ ਕੰਮ ਨਵੀ ਜਿੰਦਗੀ ਦੇਣਾ ਹੈ ਪਰ ਅਸੀ ਅੰਗ ਕੱਟ ਕੇ ਉਹਨਾ ਨੂੰ ਅਪਾਹਿਜ ਬਣਾ ਰਹੇ ਹਾਂ। ਅੱਜ ਹੀ ਮੈ ਇੱਕ ਬੱਚੇ ਦੀਆਂ ਉਗਲਾਂ ਕੱਟ ਕੇ ਆਇਆ ਹਾਂ। ਤੇ ਡਾਕਟਰ ਤਾਅ ਦੀ ਅੱਖ ਚ ਇੱਕ ਹੱਝੂ ਰੁੜਕੇ ਉਸਦੀ ਗੱਲ੍ਹ ਤੱਕ ਆ ਗਿਆ।
ਪਾਪਾ ਤੁਸੀ ਜੋ ਵੀ ਕਰ ਰਹੇ ਹੋ ਉਹਨਾ ਦੀ ਭਲਾਈ ਲਈ ਕਰ ਰਹੇ ਹੋ। ਅਗਰ ਤੁਸੀ ਅਜੇਹਾ ਨਾ ਕਰੋਗੇ ਤਾਂ ਇੰਨਫੈਕਸ਼ਨ ਨਾਲ ਮਰੀਜਾਂ ਦੀ ਜਾਣ ਵੀ ਜਾ ਸਕਦੀ ਹੈ। ਤੁਸੀ ਦਿਲੋ ਜਾਣ ਨਾਲ ਆਪਣਾ ਕੰਮ ਕਰੋ। ਪਤਾ ਨਹੀ ਕਿੰਨੇ ਲੋਕਾਂ ਨੂੰ ਤੁਸੀ ਜੀਵਨਦਾਨ ਦੇ ਰਹੇ ਹੋ।
ਇਨਾਂ ਸੁਣ ਕੇ ਡਾਕਟਰ ਤਾਅ ਦੀਆਂ ਅੱਖਾਂ ਚ ਚਮਕ ਆ ਗਈ ।ਤੇ ਉਸਨੂੰ ਲੱਗਿਆ ਕਿ ਅੱਜ ਫਿਰ ਫਿਰ ਭਗਵਾਨ ਸ੍ਰੀ ਕ੍ਰਿਸਨ ਧੀ ਦੇ ਰੂਪ ਇੱਕ ਹੋਰ ਅਰਜਨ ਨੂੰ ਗੀਤਾ ਗਿਆਨ ਦੇ ਰਿਹਾ ਹੋਵੇ।