#ਇੱਕ_ਦੋਸਤੀ_ਦਾ_ਕਿੱਸਾ (3)
ਵੱਡੀ ਭੈਣ ਦੇ ਵਿਆਹ ਦਾ ਕਾਰਜ ਨਿਪਟ ਗਿਆ। ਸ਼ਾਮ ਲਾਲ ਸ੍ਰੀ ਗੰਗਾਨਗਰ ਆਪਣੀ ਪੜ੍ਹਾਈ ਵਿੱਚ ਮਗਨ ਹੋ ਗਿਆ ਤੇ ਮੈਂ ਨੌਕਰੀ ਵਿੱਚ। ਪਰ ਸਾਡੀ ਚਿੱਠੀ ਪੱਤਰੀ ਜਾਰੀ ਰਹੀ। ਮੈਂ ਆਨੇ ਬਹਾਨੇ ਉਸ ਕੋਲ ਚਲਾ ਜਾਂਦਾ ਤੇ ਜਦੋਂ ਉਹ ਡੱਬਵਾਲੀ ਆਉਂਦਾ ਤਾਂ ਅਸੀਂ ਫਿਰ ਇਕੱਠੇ ਹੋ ਜਾਂਦੇ। ਉਂਜ ਅਸੀਂ ਬੈੰਕ ਦੀ ਜੋਬ ਲਈ ਫਾਰਮ ਭਰਦੇ ਰਹਿੰਦੇ। ਬੈੰਕ ਦੀ ਨੌਕਰੀ ਸ਼ਾਮ ਲਾਲ ਦਾ ਇੱਛਾ ਸੀ ਤੇ ਉਸਦੇ ਪਰਿਵਾਰ ਦਾ ਸੁਫਨਾ ਵੀ। ਪਰ ਮੇਰੀ ਨੀਅਤ ਵਿੱਚ ਖੋਟ ਸੀ। ਮੈਂ ਘਰ ਨਹੀਂ ਸੀ ਛੱਡਣਾ ਚਾਹੁੰਦਾ। ਪਰ ਮੈਂ ਸ਼ਾਮ ਲਾਲ ਨਾਲ ਪੇਪਰ ਦੇਣ ਜਰੂਰ ਜਾਂਦਾ। ਜਦੋਂ ਅਸੀਂ ਹਿਸਾਰ ਪੇਪਰ ਦੇਣ ਗਏ ਤਾਂ ਅਸੀਂ ਫਤੇਹਾਬਾਦ ਰਾਤ ਰੁਕੇ। ਉਥੇ ਉਸਦੇ ਨਾਨਕੇ ਸਨ ਤੇ ਓਥੇ ਹੀ ਮੇਰੀ ਭੈਣ ਦੇ ਸਹੁਰੇ ਸਨ। ਸਵੇਰੇ ਬੱਸ ਤੇ ਚੜ੍ਹਨ ਵੇਲੇ ਸ਼ਾਮ ਲਾਲ ਸੜ੍ਹਕ ਤੇ ਡਿੱਗ ਪਿਆ ਉਸ ਦੇ ਸੱਟਾਂ ਵੱਜੀਆਂ।ਇਸੇ ਤਰਾਂ ਇੱਕ ਵਾਰ ਅਸੀਂ ਅੰਬਾਲੇ ਵੀ ਪੇਪਰ ਦੇਣ ਗਏ। ਕਾਫੀ ਮੌਜ ਮਸਤੀ ਕੀਤੀ। ਅਸੀਂ ਚੰਡੀਗੜ੍ਹ, ਲੁਧਿਆਣੇ, ਜਲੰਧਰ ਵੀ ਪੇਪਰ ਦੇਣ ਜਾਂਦੇ ਰਹੇ। ਇੱਕ ਵਾਰ ਪੇਪਰ ਤੋਂ ਪਹਿਲਾਂ ਸ਼ਾਮ ਲਾਲ ਨੂੰ ਕਾਫੀ ਬੁਖਾਰ ਹੋ ਗਿਆ। ਪੇਪਰ ਦੇਣ ਜਾਣਾ ਅਸੰਭਵ ਜਿਹਾ ਹੋ ਗਿਆ। ਸ਼ਹਿਰ ਦੇ ਚਰਚਿਤ ਡਾਕਟਰ ਅਗਨੀਹੋਤਰੀ ਦੀ ਦਵਾਈ ਨੇ ਸ਼ਾਮ ਲਾਲ ਨੂੰ ਗੰਗਾਨਗਰ ਪੇਪਰ ਦੇਣ ਜਾਣ ਜੋਗਾ ਕਰ ਦਿੱਤਾ। ਸ਼ਾਮ ਲਾਲ ਦੀ ਮਿਹਨਤ ਰੰਗ ਲਿਆਈ ਤੇ ਇਸਨੇ ਆਪਣੇ ਘਰਦਿਆਂ ਦਾ ਸੁਫਨਾ ਪੂਰਾ ਕਰ ਦਿਖਾਇਆ। ਉਸਨੇ ਐਮ ਕਾਮ ਵੀ ਪੂਰੀ ਕਰ ਲਈ ਤੇ ਬੈੰਕ ਆਫ ਬੜੌਦਾ ਵਿੱਚ ਸਿਲੇਕਟ ਵੀ ਹੋ ਗਿਆ। ਉਸਨੂੰ ਰਾਜਸਥਾਨ ਦੇ ਝੁਣਝੁਨੁ ਜਿਲ੍ਹੇ ਦਾ ਮੰਡਾਵਾ ਕਸਬਾ ਮਿਲਿਆ। ਮੈਂ ਉਸਨੂੰ ਉਥੇ ਛੱਡਣ ਗਿਆ। ਚਾਰ ਪੰਜ ਦਿਨ ਉਥੇ ਰਿਹਾ। ਮੇਰੀ ਇਹ ਯਾਤਰਾ ਵੀ ਯਾਦਗਾਰੀ ਸੀ। ਅਸੀਂ ਜਿੰਦਗੀ ਵਿੱਚ ਪਹਿਲੀ ਵਾਰੀ ਆਪੇ ਰੋਟੀਆਂ ਪਕਾਈਆਂ। ਸਬਜ਼ੀਆਂ ਬਣਾਈਆਂ। ਇਹ ਜਿੰਦਗੀ ਦੇ ਨਵੇ ਤਜ਼ਰਬੇ ਸਨ। ਬੱਤੀਆਂ ਵਾਲੇ ਸਟੋਵ ਨੂੰ ਵਰਤਣਾ ਆਟਾ ਗੁੰਨ੍ਹਣਾ ਸਾਰੇ ਕੰਮ ਨਵੇਂ ਸਨ। ਅਸੀਂ ਰੋਟੀ ਵੀ ਪਕਾਉਂਦੇ ਤੇ ਅੱਖਾਂ ਵਿਚਲੇ ਹੰਝੂ ਇੱਕ ਦੂਜੇ ਤੋਂ ਲਕਾਉਂਦੇ ਵੀ। ਮੈਨੂੰ ਮਹਿਸੂਸ ਹੁੰਦਾ ਕਿ ਇਹ ਜਵਾਕ ਇਕੱਲਾ ਕਿਵੇਂ ਮੈਨੇਜ ਕਰੇਗਾ। ਸਬੱਬ ਹੀ ਕਿ ਪਹਿਲੇ ਦਿਨ ਹੀ ਸਾਡੀ ਰਾਣੀ ਸਤੀ ਮੰਦਿਰ ਦੇ ਪੁਜਾਰੀ ਨਾਲ ਦੋਸਤੀ ਪੈ ਗਈ। ਮੈਂ ਸ਼ਾਮ ਲਾਲ ਨੂੰ ਪੁਜਾਰੀ ਦੇ ਭਰੋਸੇ ਛੱਡਕੇ ਵਾਪਿਸ ਆ ਗਿਆ। ਪੁਜਾਰੀ ਨੇ ਆਪਣੀ ਦੋਸਤੀ ਆਖਿਰ ਤੱਕ ਨਿਭਾਈ। ਹਫਤੇ ਵਿੱਚ ਸਾਡੀਆਂ ਇੱਕ ਦੋ ਚਿੱਠੀਆਂ ਦਾ ਅਦਾਨ ਪਦਾਨ ਹੁੰਦਾ। ਹੁਣ ਚਿੱਠੀਆਂ ਤੇ ਵਿਸ਼ਵਾਸ ਹੀ ਸਾਡੀ ਦੋਸਤੀ ਦਾ ਆਧਾਰ ਸਨ। ਸੈਂਕੜੇ ਕਿਲੋਮੀਟਰ ਦੀ ਦੂਰੀ ਵੀ ਸਾਡੀ ਦੋਸਤੀ ਨੂੰ ਸੰਨ੍ਹ ਨਾ ਲਾ ਸਕੀ। ਸਾਡਾ ਆਪਸੀ ਪਿਆਰ ਤੇ ਵਿਸ਼ਵਾਸ ਉਸੇ ਤਰ੍ਹਾਂ ਕਾਇਮ ਸੀ।
ਚਲਦਾ
#ਰਮੇਸਸੇਠੀਬਾਦਲ
ਸਾਬਕਾ ਸੁਪਰਡੈਂਟ