1973 ਦੇ ਨੇੜੇ ਤੇੜੇ ਅਸੀਂ ਇੱਕ ਬਰਾਤ ਗਏ। ਉਸ ਸਮੇ ਬਰਾਤਾਂ ਅਕਸਰ ਰਾਤ ਰੁਕਦੀਆਂ ਸਨ। ਮੇਰੇ ਵੱਡੇ ਮਾਮੇ ਦੇ ਮੁੰਡੇ ਦਾ ਵਿਆਹ ਸੀ ਸ਼ਾਇਦ। ਬਾਰਾਤ ਲਈ ਰੰਗਦਾਰ ਸ਼ਮਿਆਣੇ ਲਗਾਉਣ ਦਾ ਰਿਵਾਜ ਸੀ ਓਦੋ। ਲੱਕੜ ਦੇ ਮੇਜ ਦੁਆਲੇ ਲੱਕਡ਼ ਦੀਆਂ ਫੋਲਡਿੰਗ ਕੁਰਸੀਆਂ ਹੁੰਦੀਆਂ ਸੀ। ਜਿਆਦਾ ਲਟਰਮ ਪਟਰਮ ਬਣਾਉਣ ਦਾ ਰਿਵਾਜ ਨਹੀ ਸੀ ਹੁੰਦਾ। ਬਰਾਤ ਨੂ ਖਾਣਾ ਖਵਾਉਣ ਲਈ ਪਿੱਤਲ ਦੇ ਤਿੰਨ ਯ ਚਾਰ ਕੌਲਿਆਂ ਨੂੰ ਇੱਕ ਸਟੈਂਡ ਨਾਲ ਜੋੜ ਕੇ ਸੁਕੀ ਸ਼ਬਜੀ , ਰਸੇ ਵਾਲੀ ਸ਼ਬਜੀ ਤੇ ਇੱਕ ਬੂੰਦੀ ਦਾ ਰਾਇਤਾ ਜੰਝ ਨੂੰ ਵਰਤਾਇਆ ਜਾਂਦਾ ਸੀ। ਸ਼ਬਜੀਆਂ ਪਾਉਣ ਤੋਂ ਪਹਿਲਾਂ ਹਰ ਥਾਲੀ ਵਿਚ ਲੱਡੂ , ਸ਼ੱਕਰਪਾਰੇ , ਜਲੇਬੀਆਂ ਲੋੜ ਅਨੁਸਾਰ ਵੰਡੀਆਂ ਜਾਂਦੀਆਂ ਸਨ। ਸਲਾਦ ਦਾ ਇੰਨਾ ਚਲਣ ਨਹੀ ਸੀ। ਹਾਂ ਖਾਣੇ ਤੋਂ ਬਾਅਦ ਟੈਂਟ ਦੇ ਰਸਤੇ ਲਾਂਘੇ ਕੋਲ ਸੰਤਰੇ ਕੇਲੇ ਫਰੂਟ ਦੇ ਰੂਪ ਵਿੱਚ ਰੱਖੇ ਜਾਂਦੇ ਸਨ। ਹਰ ਕੋਈ ਇੱਕ ਦੋ ਪੀਸ ਚੁੱਕ ਲੈਂਦਾ ਸੀ। ਅਕਸਰ ਜਾਂਝੀ (ਬਰਾਤੀ ) ਬਹੁਤ ਵਿਗੜੇ ਹੋਏ ਹੁੰਦੇ ਸਨ । ਓਹ ਲੜਕੀ ਵਾਲਿਆਂ ਨੂੰ ਤੰਗ ਕਰਦੇ। ਕਈ ਵਾਰੀ ਅੱਕੇ ਲੜਕੀ ਵਾਲੇ ਬਰਾਤੀਆਂ ਦੀ ਜੂਤਮ ਪਰੇਡ ਵੀ ਕਰ ਦਿੰਦੇ। ਜਦੋ ਕਦੇ ਬਾਰਾਤ ਲਈ ਬਣੀ ਸਬਜੀ ਘਟ ਜਾਂਦੀ ਜਾ ਰਾਇਤਾ ਥੁੜ ਜਾਂਦਾ ਤਾਂ ਸਿਆਣੇ ਲੋਕ ਰਾਇਤੇ ਵਿਚ ਲੱਸੀ ਯ ਪਾਣੀ ਪਾਕੇ ਲਾਲ ਮਿਰਚਾਂ ਵਾਧੂ ਪਾ ਕੇ ਦੰਗਡੰਗ ਟਪਾਉਂਦੇ।
ਗੱਲ ਮਾਮੇ ਦੇ ਮੁੰਡੇ ਦੀ ਬਾਰਾਤ ਦੀ ਸੀ। ਉਸ ਵਿਆਹ ਵਿਚ ਵੀ ਇਸ ਤਰਾਂ ਹੀ ਹੋਇਆ। ਆਲੂ ਮਟਰਾਂ ਦੀ ਸ਼ਬਜੀ ਸੀ ਤੇ ਸ਼ਬਜੀ ਥੁੜ ਗਈ। ਬਹੁਤੇ ਸਿਆਣੇ ਹਲਵਾਈ ਨੇ ਸ਼ਬਜੀ ਵਿਚ ਪਾਣੀ ਪਾ ਕੇ ਲਾਲ ਮਿਰਚਾਂ ਠੋਕ ਦਿਤੀਆਂ।
ਸਾਡੇ ਵਿਚਕਾਰਲੇ ਮਾਮਾ ਜੀ ਬਹੁਤ ਮਜਾਕੀਆ ਸੁਭਾਅ ਦੇ ਸਨ। ਜਦੋ ਸ਼ਬਜੀ ਵਿਚ ਉਹਨਾਂ ਨੂੰ ਕੋਈ ਮਟਰ ਦਾ ਦਾਨਾ ਯਾ ਆਲੂ ਨਜਰ ਨਾ ਆਇਆ ਤਾਂ ਉਸਨੇ ਰੋਟੀ ਖਵਾ ਰਹੇ ਇੱਕ ਬੰਦੇ ਦੀ ਬਾਂਹ ਫੜ ਲਈ ਤੇ ਕਹਿੰਦੇ ਯਾਰ ਮੇਰੀ ਲੱਤ ਫੜੀ ਜਰਾ ਮੈ ਸ਼ਬਜੀ ਦੇ ਕਟੋਰੇ ਵਿਚ ਟੁੱਬੀ ਮਾਰਦਾ ਹਾਂ ਸ਼ਾਇਦ ਥੱਲੇ ਪਿਆ ਕੋਈ ਮਟਰ ਦਾ ਦਾਨਾ ਹੀ ਮਿਲ ਜਾਵੇ।
ਇਹ ਸੁਣ ਕੇ ਸਾਰੀ ਬਾਰਾਤ ਤੇ ਲੜਕੀ ਵਾਲੇ ਵੀ ਹੱਸ ਪਏ।
#ਰਮੇਸ਼ਸੇਠੀਬਾਦਲ