ਤੁਸੀ ਵੀ ਹੱਸ ਲਓ ਮੇਰੇ ਤੇ । ਪਹਿਲਾਂ ਕਿਹੜਾ ਤੁਸੀ ਘੱਟ ਗੁਜਾਰਦੇ ਹੋ ਮੇਰੇ ਨਾਲ। ਮੈਂ ਮੱਝ ਹਾਂ। ਇਕ ਐਸਾ ਜਾਨਵਰ ਜੋ ਦੁਨਿਆਂ ਦੇ ਬਹੁਤੇ ਹਿੱਸੇ ਨੂੰ ਦੁੱਧ ਦੀ ਪੂਰਤੀ ਕਰਦਾ ਹੈ। ਜਦੋਂ ਦੁੱਧ ਦੀ ਗੱਲ ਆਉਂਦੀ ਹੈ ਤਾਂ ਮੇਰਾ ਵੀ ਜਿਕਰ ਆਉਦਾ ਹੈ। ਪਰ ਪਤਾ ਨਹੀਂ ਕਿਉਂ ਮੇਰੇ ਵੱਲ ਕਿਸੇ ਧਾਰਮਿਕ ਆਗੂ ਲਿਖਾਰੀ ਜਾਂ ਅਰਥ ਸ਼ਸਤਰੀ ਨੇ ਧਿਆਨ ਨਹੀ ਦਿੱਤਾ । ਏਸੇ ਲਈ ਮੈਨੂੰ ਸ਼ਿਵ ਬਟਾਲਵੀ ਦੀਆਂ ਸਤਰਾਂ ਦਾ ਸਹਾਰਾ ਲੈਣਾ ਪਿਆ। ਮੈਂ ਇਕ ਦੁੱਖੀ ਜੀਵ ਹਾਂ। ਕਿਰ੍ਪਾ ਕਰਕੇ ਮੇਰੀਆਂ ਭਾਵਨਾਵਾਂ ਨੂੰ ਸਮਝਿਓ ਮੇਰੇ ਰੰਗ ਤੇ, ਵਜਨ ਤੇ ਅਕਲ ਤੇ ਨਾ ਜਾਇਓ। ਕਿਉਕਿ ਮਾੜੇ ਤੇ ਗਰੀਬ ਦਾ ਰੰਗ ਤੇ ਅਕਲ ਕਦੇ ਵੀ ਚੰਗੀ ਨਹੀਂ ਹੁੰਦੀ।
ਇਕ ਵੇਲਾ ਸੀ ਜਦੋਂ ਅਸੀ ਖੁੱਲੀਆਂ ਚਰਦੀਆਂ ਸੀ । ਜੰਗਲਾਂ ਬੇਲਿਆਂ ਹਰਾ ਘਾਹ ਜੜੀ ਬੂਟੀਆਂ ਖਾਂਦੀਆਂਤੇ ਸ਼ਾਮ ਨੂੰ ਆਰਾਮ ਨਾਲ ਜੁਗਾਲੀ ਕਰਦੀਆਂ ਸੀ । ਬਣਦਾ ਸਰਦਾ ਦੁੱਧ ਆਪਣੇ ਬੱਚਿਆਂ ਨੂੰ ਪਿਲਾਉਦੀਆਂ। ਘੰਟਿਆ ਬੱਧੀ ਛੱਪੜਾਂ ਤੇ ਤਾਰੀਆਂ ਲਾਉਦੀਆਂ। ਗਰਮੀ ਸਰਦੀ ਦਾ ਸਾਡੇ ਤੇ ਅਸਰ ਨਹੀਂ ਸੀ ਹੁੰਦਾ। ਅਸੀ ਹਰ ਪਾਸਿਓ ਖਾਣ ਪੀਣ ਸੌਣ ਨਹਾਉਣ ਤੇ ਪ੍ਰਜਨਣ ਕਿਰਿਆ ਲਈ ਅਜਾਦ ਸੀ ਤੇ ਸਾਡਾ ਦੁੱਧ ਦੇਣ ਦਾ ਵੀ ਕੋਈ ਸਮਾ ਨਿਸਚਿਤ ਨਹੀਂ ਸੀ ਹੁੰਦਾ । ਗਰਮੀਆਂ ਵਿੱਚ ਅਸੀਂ ਪਿੰਡੇ ਤੇ ਚਿੰਕੜ ਦਾ ਲੇਪ ਜਿਸ ਨੂੰ ਅਧੁਨਿਕ ਭਾਸ਼ਾ ਵਿੱਚ ਫੇਸ਼ੀਅਲ ਕਹਿੰਦੇ ਹਨ ਲਾਉਦੀਆਂ ਤੇ ਘੰਟਿਆਂ ਬੱਧੀ ਚਿਕੜ ਲੱਗੇ ਪਿੰਡੇ ਨਾਲ ਠੰਡਕ ਦਾ ਆਨੰਦ ਲੈਂਦੀਆਂ। ਪਰ ਜਦੋਂ ਤੋ ਅਸੀ ਮਨੁੱਖ ਦੇ ਸੰਗਲਾਂ ਵਿੱਚ ਬੱਝੀਆਂ ਹਾਂ। ਸਾਡਾ ਜਿਉਣਾ ਦੁੱਰਭਰ ਹੋ ਗਿਆ ਹੈ। ਖਾਣ ਪੀਣ ਤੇ ਵੀ ਪਾਬੰਦੀਆਂ ਹਨ। ਦੁੱਧ ਸਾਨੂੰ ਦੋਧੀਆਂ ਦੇ ਟਾਈਮ ਅਨੁਸਾਰ ਦੇਣਾ ਪੈਂਦਾ ਹੈ। ਜੇ ਦੂੱਧ ਦੇਣ ਦੀ ਸਥਿਤੀ ਵਿਚ ਨਾ ਹੋਈਏ ਤਾਂ ਟੀਕੇ ਨਾਲ ਦੁੱਧ ਲੈ ਲਿਆ ਜਾਂਦਾ ਹੈ ਮਸ਼ੀਨੀ ਗੋਲੀਆਂ ਨੂੰ ਸਾਡੇ ਖੁਰਾਕ ਦਾ ਹਿੱਸਾ ਬਣਾ ਦਿੱਤਾ ਹੈ। ਕਈ ਥਾਂ ਤੇ ਤਾਂ ਸਾਡਾ ਦੁੱਧ ਵੀ ਮਸ਼ੀਨਾਂ ਨਾਲ ਚੋਇਆ ਜਾਂਦਾ ਹੈ। ਏਸ ਹੰਕਾਰੀ, ਅਧੁਨਿਕ ਤੇ ਲਾਲਚੀ ਮਨੁੱਖ ਨੇ ਤਾਂ ਪਰੇਮ ਨਾਲ ਪਲੂਸ ਕੇ ਦੁੱਧ ਚੋਣ ਦੀ ਪ੍ਰਥਾ ਵੀ ਖਤਮ ਕਰ ਦਿਤੀ ਹੈ। ਸਾਡੀ ਪ੍ਰਜਨਣ ਕਿਰਿਆ ਨੂੰ ਵੀ ਟੀਕਿਆ ਤੇ ਨਿਰਭਰ ਕਰ ਦਿੱਤਾ ਹੈ। ਹੁਣ ਅਸੀਂ ਪੱਕੇ ਫਰਸ਼ਾ ਤੇ ਰਹਿੰਦੀਆਂ ਹਾਂ ਤੇ ਮਲ ਮੂਤਰ ਜਿਸ ਨੂੰ ਗੋਹਾ ਕਹਿੰਦੇ ਹਨ ਮਾਲਿਕਾਂ ਦੀ ਮਰਜੀ ਅਨੁਸਾਰ ਇੱਕ ਕੋਨੇ ਵਿੱਚ ਕਰਨ ਦੇ ਦਿਸ਼ਾ ਨਿਰਦੇਸ਼ਾ ਮਾਲਕਾਂ ਤੇ ਉਹਨਾਂ ਦੇ ਕਰਿੰਦਿਆਂ ਵੱਲੋਂ ਜਾਰੀ ਕੀਤੇ ਹੋਏ ਹਨ। ਜੇ ਆਦੇਸ਼ਾ ਦੀ ਇੰਨ ਬਿੰਨ ਪਾਲਣਾ ਕਰਨ ਵਿਚ ਸਾਡੇ ਤੋਂ ਕੋਈ ਕੁਤਾਹੀ ਹੋ ਜਾਵੇ ਤਾਂ ਨੌਕਰਾਂ ਵੱਲੋ ਡੰਡਿਆਂ ਦੀ ਮਾਰ ਮਿਲਣੀ ਯਕੀਨੀ ਹੈ।
ਕਿਉਕਿ ਮੈਂ ਮਾਦਾ ਵਰਗ ਨਾਲ ਸਬੰਧਿਤ ਹਾਂ ਇਸ ਲਈ ਈਰਖਾ ਕਰਨਾ ਮੇਰਾ ਜਨਮ ਸਿੱਧ ਅਧਿਕਾਰ ਹੈ। ਔਰਤਾਂ ਵੀ ਤਾਂ ਹਮੇਸ਼ਾ ਈਰਖਾ ਕਰਦੀਆ ਹਨ। ਮੈਂ ਵੀ ਈਰਖਾ ਕਰਨੋ ਰਹਿ ਨਹੀ ਸਕਦੀ । ਮੇਰੇ ਨਾਲ ਦਾ ਇੱਕ ਹੋਰ ਜਾਨਵਰ ਹੈਗਾ। ਉਹ ਵੀ ਦੁੱਧ ਦਿੰਦਾ ਹੈ । ਉਸ ਦੀ ਔਲਾਦ ਵੀ ਖੇਤਾਂ ਵਿੱਚ ਕਿਸਾਨਾ ਦੀ ਸਹਾਇਤਾ ਕਰਦੀ ਹੈ ਉਸਦਾ ਵੀ ਮਲ ਮੂਤਰ ਕੰਮ ਆਉਂਦਾ ਹੈ ।ਉਸ ਨੂੰ ਹਿੰਦੂ ਮਾਨਤਾ ਅਨੁਸਾਰ ਮਾਤਾ ਕਿਹਾ ਜਾਂਦਾ ਹੈ। ਅਖੇ ਕ੍ਰਿਸ਼ਨ ਭਗਵਾਨ ਜੀ ਗਊਆਂ ਚਰਾਉਦੇ ਸਨ। ਗਊ ਵਿਚ ਤੇਤੀ ਕਰੋੜ ਦੇਵਤਿਆਂ ਦਾ ਵਾਸ ਹੈ। ਵਗੈਰਾ ਵਗੈਰਾ ।ਜਿੰਨੇ ਮੂੰਹ ਉਨੀਆਂ ਗੱਲਾਂ। ਗਊ ਨੂੰ ਪੇੜਾ ਦੇਣਾ। ਗਊ ਦਾਨ ਕਰਨੀ। ਗਊ ਦੀ ਪੂਜਾ ਕਰਨੀ । ਗਊ ਮਾਤਾ ਦਾ ਨਾਂ ਲੈ ਕੇ ਸੈਕੜੇ ਸਾਲਾਂ ਤੋ ਪੰਡਿਤ ਪੁਜਾਰੀ ਤੇ ਦੁਨਿਆਂ ਨੂੰ ਲੁੱਟ ਰਹੇ ਹਨ। ਕ੍ਰਿਸ਼ਨ ਭਗਵਾਨ ਨੇ ਗਊਆਂ ਚਰਾਈਆ ਸੀ ਕਿਉਂਕਿ ਇਹ ਉਸਦਾ ਬਚਪਨ ਦਾ ਪੇਸ਼ਾ ਸੀ ।ਉਸਦਾ ਪਾਲਣ ਪੋਸ਼ਣ ਇੱਕ ਗਵਾਲਾ ਪਰੀਵਾਰ ਨੇ ਕੀਤਾ ਸੀ ਤੇ ਉਸ ਇਲਾਕੇ ਵਿਚ ਗਊਆਂ ਦੀ ਗਿਣਤੀ ਜਿਆਦਾ ਸੀ । ਪਰ ਮੇਰੇ ਨਾਲ ਬੇਇਨਸਾਫੀ ਕਿਉਂ।
ਕਿਸੇ ਧਾਰਮਿਕ ਗ੍ਰੰਥ ਵਿੱਚ ਮੇਰਾ ਜਿਕਰ ਨਹੀਂ ਆਉਂਦਾ । ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਤਾਂ ਮੱਝਾਂ ਚਰਾਈਆਂ ਸਨ। ਇਕ ਸਾਖੀ ਵਿੱਚ ਮੇਰਾ ਗੁਰੂ ਜੀ ਨਾਲ ਜਿਕਰ ਆਉਂਦਾ ਹੈ। ਪਰ ਉਸ ਤੋਂ ਬਾਅਦ ਵੀ ਮੈਨੂੰ ਕੋਈ ਵਿਸ਼ੇਸ਼ ਸਥਾਨ ਨਹੀਂ ਦਿੱਤਾ ਗਿਆ। ਬੱਸ। ਉਲਟਾ ਮੇਰਾ ਮਜਾਕ ਹੀ ਉਡਾਇਆ ਜਾਂਦਾ ਹੈ। ਅਖੇ ਮੱਝ ਅੱਗੇ ਬੀਨ ਵਜਾਉਣਾਂ। ਭਾਈ ਬੀਨ ਤਾਂ ਸਿਰਫ ਸੱਪ ਅੱਗੇ ਹੀ ਵਜਾਈ ਜਾਂਦੀ ਹੈ। ਫਿਰ ਗਾਂ ਹਾਥੀ ਘੋੜੇ ਗਧੇ ਅੱਗੇ ਬੀਨ ਵਜਾਉਣ ਦਾ ਵੀ ਕੋਈ ਲਾਭ ਨਹੀਂ। ਪਰ ਮੇਰਾ ਇਕੱਲੀ ਦਾ ਨਾ ਕਿਉ ਬਦਨਾਮ ਕੀਤਾ ਹੈ। ਹੋਰ ਤਾਂ ਹੋਰ ਜਦੋਂ ਕਿਸੇ ਮੋਟੀ ਤੇ ਕਾਲੀ ਜਿਹੀ ਔਰਤ ਦਾ ਜਿਕਰ ਆਉਦਾ ਹੈ ਤਾਂ ਉਸ ਨੂੰ ਮੱਝ ਜਿਹੀ ਕਿਹਾ ਜਾਂਦਾ ਹੈ। ਪਿਛੇ ਜਿਹੇ ਇੱਕ ਭਾਰੇ ਸਰੀਰ ਦੀ ਕਾਲੇ ਜਿਹੇ ਰੰਗ ਦੀ ਮਾਸਟਰਨੀ ਮਰਦਮ ਸ਼ੁਮਾਰੀ ਕਰਨ ਕਿਸੇ ਦੇ ਘਰ ਗਈ । ਸ਼ਾਮ ਨੂੰ ਸੱਠ ਸਾਲਾਂ ਦੀ ਬੁੱਢੀ ਅਣਪੜ੍ਹ ਨੇ ਆਪਨੇ ਘਰਆਲੇ ਨੂੰ ਮਰਦਮ ਸ਼ੁਮਾਰੀ ਬਾਰੇ ਦੱਸਦੀ ਨੇ ਕਿਹਾ ਕਿ ਇਕ ਮੱਝ ਜਿਹੀ ਮਾਸਟਰਨੀ ਨੇ ਮੈਥੋਂ ਬਲਾਂ ਹੀ ਸੁਆਲ ਪੁੱਛੇ । ਦੱਸੋ ਕਿਧਰ ਮਾਸਟਰਨੀ ਕਿਧਰ ਮਰਦਮ ਸ਼ੁਮਾਰੀ ਤੇ ਨਾਂ ਮੇਰਾ ਬਦਨਾਮ।
ਇਕ ਵਾਰੀ ਹਰਿਆਣੇ ਦੀ ਇਕ ਕਾਲੇ ਰੰਗ ਦੀ ਛੋਰੀ ਨੂੰੰ ਕਿਸੇ ਪੰਜਾਬੀ ਲੜਕੀ ਨੇ ਮੱਝ ਕਹਿ ਦਿੱਤਾ। ਉਸਨੂੰ ਮੱਝ ਦਾ ਮਤਲਵ ਨਹੀਂ ਸੀ ਪਤਾ । ਸ਼ਾਮ ਨੂੰ ਉਸਨੇ ਆਪਣੀ ਆਂਟੀ ਤੋਂ ਪੁਛਿਆ ਆਂਟੀ ਜੀ ਮੱਝ ਕਿਆ ਹੋਤੀ ਹੈ। ਜਦੋਂ ਉਸ ਨੂੰ ਪਤਾ ਲੱਗਿਆ ਕਿ ਭੈੰਸ ਨੂੰ ਪੰਜਾਬੀ ਵਿੱਚ ਮੱਝ ਕਹਿੰਦੇ ਹਨ ਤਾਂ ਵਿਚਾਰੀ ਬਹੁਤ ਰੋਈ ਤੇ ਅਗਲੇ ਦਿਨ ਕਾਲੇਜ ਜਾ ਕੇ ਆਪਣੀ ਸਹੇਲੀ ਨਾਲ ਖੂਬ ਲੜੀ ।
ਹਾਂ ਪੰਜਾਬੀ ਦੇ ਹਾਸਰਸ ਕਲਾਕਾਰ ਸ੍ਰੀ ਜਸਵਿੰਦਰ ਭੱਲੇ ਨੇ ਮੇਰਾ ਜਿਕਰ ਜਰੂਰ ਕੀਤਾ। ਇਕ ਗਾਣਾ ਜਿਹਾ ਵੀ ਗਾਇਆ ਹੈ । ਮੈਂ ਬਹੁਤ ਖੁਸ਼ ਹੋਈ । ਚਲੋ ਕੋਈ ਤਾਂ ਮੇਰੇ ਬਾਰੇ ਬੋਲਿਆ। ਮੈ ਮੱਝ ਜੋ ਠਹਿਰੀ। ਮੈਨੂੰ ਬਾਅਦ ਵਿੱਚ ਪਤਾ ਚੱਲਿਆ। ਕਿ ਉਸ ਨੇ ਤਾਂ ਪੈਸੇ ਲੈ ਕੇ ਤਾਰਾ ਫੀਡ ਦੇ ਗੁਣ ਗਾਏ ਹਨ। ਸਾਨੂੰ ਤਾਂ ਫੀਡ ਪਸੰਦ ਨਹੀਂ ਹੁੰਦੀ । ਪਰ ਸਾਡੇ ਨਾਂ ਤੇ ਚਾਚਾ ਚਤਰਾ ਵੀ ਆਪਣੀਆਂ ਝੋਲੀਆਂ ਭਰ ਗਿਆ। ਅਸੀ ਤਾਂ ਮੱਝ ਹੀ ਰਹਿਣਾ ਹੈ। ਭਾਵੇਂ ਸਾਨੂੰ ਕੋਈ ਮਾਂ, ਮਾਸੀ ਜਾਂ ਮਤਰੇਈ ਮਾਂ ਵੀ ਨਾ ਕਹੇ।
ਰਮੇਸ਼ ਸੇਠੀ ਬਾਦਲ।
ਮੋ. 98766 27233