ਫਰਵਰੀ 1985 ਪਿਤਾ ਜੀ ਨੂੰ ਅਚਨਚੇਤ ਦਿੱਲੀ ਜਾਣਾ ਪੈ ਗਿਆ..ਪਿਤਾ ਜੀ ਦੇ ਚਾਚਾ ਜੀ ਸਖਤ ਬਿਮਾਰ ਹੋ ਗਏ ਸਨ..ਰਾਤੀ ਬਿਆਸੋਂ ਫੜੀ ਫਰੰਟੀਅਰ ਤੜਕੇ ਦਿੱਲੀ ਅੱਪੜ ਗਈ..ਪਹਾੜ ਗੰਜ ਵੱਲੋਂ ਨਿੱਕਲ ਵੇਖਿਆ ਬੱਸਾਂ ਵਿਚ ਬਹੁਤ ਜਿਆਦਾ ਭੀੜ..ਇੱਕ ਸਿੱਖ ਆਟੋ ਵਾਲਾ ਕੋਲ ਆਇਆ..ਆਖਣ ਲੱਗਾ ਜੀ ਕੱਲੇ ਜਾਣਾ ਠੀਕ ਨਹੀਂ ਆਓ ਮੈਂ ਛੱਡ ਅਉਂਦਾ..!
ਅਜੇ ਆਟੋ ਸ੍ਟਾਰ੍ਟ ਕੀਤਾ ਹੀ ਸੀ ਕੇ ਬਾਕੀ ਆਟੋ ਵਾਲਿਆਂ ਦੀ ਵੱਡੀ ਭੀੜ ਦਵਾਲੇ ਹੋ ਗਈ..ਵਾਰੀ ਤੋਂ ਪਹਿਲਾਂ ਸਵਾਰੀ ਕਿੱਦਾਂ ਚੁੱਕ ਸਕਦਾ..ਉਹ ਬਥੇਰਾ ਆਖੇ ਕੇ ਵਾਰੀ ਮੇਰੀ ਏ ਤੇ ਨਾਲੇ ਇਹ ਲੋਕ ਹੈਂਨ ਵੀ ਮੇਰੇ ਰਿਸ਼ਤੇਦਾਰ ਪਰ ਭੀੜ ਕਿਥੇ ਸੁਣਦੀ..ਫੇਰ ਨਵੰਬਰ ਚੁਰਾਸੀ ਦੇ ਨਾਹਰੇ ਲੱਗਣੇ ਸ਼ੁਰੂ ਹੋ ਗਏ..ਸਿੱਖੜੇ..ਬਲਦੇ ਟਾਇਰ ਹੋਰ ਵੀ ਕਿੰਨੀਆਂ ਭੜਕਾਊ ਅਖੌਤਾਂ..!
ਅਖੀਰ ਵੱਸ ਨਾ ਚੱਲਦਾ ਵੇਖ ਸਿੰਘ ਨੇ ਸੀਟ ਥੱਲੇ ਲੁਕਾਈ ਦੋ ਫੁੱਟੀ ਕਿਰਪਾਨ ਕੱਢ ਲਈ ਤੇ ਜੈਕਾਰਾ ਛੱਡ ਅੰਨੇਵਾਹ ਘੁਮਾਉਣੀ ਸ਼ੁਰੂ ਕਰ ਦਿੱਤੀ..ਏਨਾ ਜੋਸ਼ ਵੇਖ ਤਕਰੀਬਨ ਪੰਜਾਹ ਸੱਠ ਬੰਦਿਆਂ ਦੀ ਭੀੜ ਅੱਗੇ ਲੱਗ ਨੱਸ ਤੁਰੀ..ਪਹਾੜ ਗੰਜ ਵਾਲੇ ਪਾਸੇ ਰੇਲਵੇ ਪੁਲਸ ਠਾਣੇ ਵਿੱਚੋਂ ਸਿਪਾਹੀ ਵੀ ਆ ਗਏ..ਪਿਤਾ ਜੀ ਨੇ ਆਪਣਾ ਸ਼ਨਾਖਤੀ ਕਾਰਡ ਵਿਖਾਇਆ ਤਾਂ ਕਿਧਰੇ ਗੱਲ ਠੰਡੀ ਪਈ..!
ਫੇਰ ਜੰਗਪੁਰਾ ਭੋਗਲ ਤੀਕਰ ਉਹ ਸਾਨੂੰ ਅਨੇਕਾਂ ਕਹਾਣੀਆਂ ਸੁਣਾਈ ਗਿਆ..!
ਫੇਰ ਆਖਣ ਲੱਗਾ ਕੇ ਮੌਕੇ ਉੱਤੇ ਨਾ ਤੇ ਕੋਈ ਸਰਕਾਰ ਤੇ ਨਾ ਹੀ ਪੁਲਸ ਬਚਾਓ ਤੇ ਆਉਂਦੀ..ਦਸਮ ਪਿਤਾ ਵੱਲੋਂ ਹਰ ਵੇਲੇ ਸ਼ਸ਼ਤਰਧਾਰੀ ਹੋਣ ਦਾ ਸਿਧਾਂਤ ਹੀ ਕੰਮ ਆਉਦਾ..!
ਜਿਕਰਯੋਗ ਏ ਕੇ ਰਾਹ ਵਿੱਚ ਕਨਾਟ ਪਲੇਸ ਅਤੇ ਇੰਡੀਆਂ ਗੇਟ ਕੋਲੋਂ ਲੰਘਦਿਆਂ ਲੋਕ ਸਾਨੂੰ ਇੰਝ ਘੂਰ ਰਹੇ ਸਨ ਜਿੱਦਾਂ ਕਿਸੇ ਦੂਜੇ ਗ੍ਰਹਿ ਤੋਂ ਆਏ ਹੋਈਏ..!
ਅੱਜ ਕਿਸੇ ਆਹ ਫੋਟੋ ਘੱਲੀ..ਨਵੰਬਰ ਚੁਰਾਸੀ ਦੀਆਂ ਭੀੜਾਂ ਅੱਗਾਂ ਅਤੇ ਅੰਦਰ ਬਲਦੇ ਬਦਕਿਸਮਤ ਲੋਕ..!
ਚੁਰਾਸੀ ਵਿੱਚ ਰਿਲੀਜ਼ ਹੋਈ ਜਾਗੀਰ ਨਾਮ ਦੀ ਹਿੰਦੀ ਫਿਲਮ ਦਾ ਜਿਹੜਾ ਅੱਧਾ ਪੋਸਟਰ ਵਿਖਾਈ ਦੇ ਰਿਹਾ..ਇਹ ਫਿਲਮ ਵੀ.ਸੀ.ਆਰ ਤੇ ਅਸਾਂ ਬਹੁਤ ਵੇਰ ਵੇਖੀ..ਸਾਹਨੇਵਾਲ ਦੇ ਪੁੱਤਰ ਵੱਲੋਂ ਲੜੀ ਝੂਠੀ ਲੜਾਈ ਘਸੁੰਨ ਮੁੱਕੇ ਵੇਖ ਅਸੀਂ ਖੁਸ਼ ਵੀ ਬਹੁਤ ਹੋਏ ਸਾਂ ਪਰ ਅੱਜ ਇਹਸਾਸ ਹੁੰਦਾ ਕੇ ਹੋਂਦ ਵਾਸਤੇ ਲੜੀ ਗਈ ਆਰ ਪਾਰ ਵਾਲੀ ਵਿਚ ਅਤੇ ਪੈਸਿਆਂ ਖਾਤਿਰ ਲੜੀ ਗਈ ਝੂਠ ਮੂਠ ਦੀ ਵਿਚ ਕਿੰਨਾ ਫਰਕ ਹੁੰਦਾ..!
ਉਸ ਦਿਨ ਮਗਰੋਂ ਪੱਕਾ ਅਸੂਲ ਬਣਾ ਲਿਆ ਕੇ ਘਰੋਂ ਬਾਹਰ ਸਵੈ ਰੱਖਿਆ ਲਈ ਆਪਣੇ ਕੋਲ ਦਸਮ ਪਿਤਾ ਵੱਲੋਂ ਬਕਸ਼ੇ ਜੈਕਾਰੇ ਦੇ ਨਾਲ ਨਾਲ ਕੁਝ ਨਾ ਕੁਝ ਹੋਰ ਵੀ ਜਰੂਰ ਹੋਣਾ ਹੀ ਚਾਹੀਦਾ!
ਹਰਪ੍ਰੀਤ ਸਿੰਘ ਜਵੰਦਾ