ਇਸ ਵਾਰ ਤਨਖਾਹ ਹਫਤਾ ਦੇਰ ਨਾਲ ਆਉਣੀ ਸੀ ….ਪਰਸ ਵਿਚ ਹੱਥ ਮਾਰਿਆ ਤਾਂ 500 ਦੇ ਨੋਟ ਤੋਂ ਇਲਾਵਾ 80 ਕ ਰੁਪਏ ਸੀ ਸਿਰਫ ….ਚਾਰ ਕ ਦਿਨ ਦਾ ਕਿਰਾਇਆ 80 ਰੁਪਏ ਰੱਖ, ਪੰਜ ਸੋ ਦਾ ਨੋਟ ਤਹਿ ਕਰ ਥੱਲੇ ਜਿਹੇ ਕਰ ਕੇ ਰੱਖ ਦਿਤੇ ਕਿ ਹੁਣ ਜੋ ਮਰਜੀ ਹੋ ਜੇ ਖਰਚਣੇ ਨੀ ਕਿਉਂਕਿ ਉਮੀਦ ਸੀ ਕਿ ਦੋ ਦਿਨ ਤਕ ਤਨਖਾਹ ਆ ਹੀ ਜਾਵੇ ..
ਅਗਲੇ ਦਿਨ ਐਤਵਾਰ ਸੀ ਤੇ ਆਉਣ ਜਾਣ ਲਈ ਸਵਾਉਂਣ ਲਈ ਸੂਟ ਕਢਿਆ ਸੀ ਕਈ ਦਿਨ ਦਾ ਤੇ ਦਰਜੀ ਨੂੰ ਦੇ ਕੇ ਆਉਣ ਬਾਰੇ ਸੋਚ ਰਹੀ ਸੀ …ਵੇਹਲਾ ਹੋਣ ਕਰਕੇ ਉਸਨੇ ਅਗਲੇ ਦਿਨ ਹੀ ਸੀ ਦੇਣ ਦਾ ਕਿਹਾ ਤੇ 350 ਰੁਪਏ ਵੀ ਦਸ ਤੇ ਸਮਾੲੀ ਦੇ …ਕੁਛ ਸੋਚ ਕੇ ਲਿਫ਼ਾਫ਼ੇ ਚ ਪਾਇਆ ਸੂਟ ਮੋੜ ਲਿਆਂਦਾ ਤੇ ਰਾਤ ਲਾ ਕੇ ਆਪ ਹੀ ਸੀ ਲਿਆ ….
ਸਵੇਰ ਨੂੰ ਮਸੀ ਉੱਠ ਕੇ ਘਰ ਦਾ ਕੰਮ ਨਬੇੜ ਕੇ ਕੰਮ ਤੇ ਪਹੁੰਚੀ ਤਾਂ ਕੰਮ ਦਾ ਢੇਰ ਲਗਿਓ ਸੀ …ਦੁਪਹਿਰ ਨੂੰ ਰੋਟੀ ਵੀ ਨੀ ਖਾਦੀ ਤੇ ਕੰਮ ਨਬੇੜਦੇ ਹੋਏ ਘੜੀ ਵਲ ਦੇਖਿਆ ਤਾਂ ਸ਼ਾਮ ਦੇ ਪੰਜ ਵੱਜਣ ਵਿਚ ਸਿਰਫ ਦਸ ਮਿੰਟ ਬਾਕੀ ਸੀ ਪਰ ਬਸ ਸਟੈਂਡ ਤੇ ਤੁਰ ਕੇ ਪਹੁੰਚਣ ਵਿਚ ਪੰਦਰਾਂ ਮਿੰਟ ਲਗਦੇ ਸੀ …ਆਖਰੀ ਬਸ ਹੈਨੀ ਸੀ ਅੱਜ ਤੇ ਜੇ ਇਹ ਵੀ ਲੰਘ ਜਾਣੀ ਸੀ ਜੇ ਰਿਕਸ਼ਾ ਨਾ ਕਰਦੀ …ਵੀਹ ਰੁਪਏ ਰਿਕਸ਼ਾ ਵਾਲੇ ਨੂੰ ਦੇ ਮਸਾਂ ਬਸ ਫੜੀ ਜੋ ਤੁਰੀ ਹੋਈ ਸੀ ਅੱਡੇ ਚੋ …
ਇਕ ਦਿਨ ਦਾ ਕਿਰਾਇਆ ਘਟ ਗਿਆ ਸੀ …ਖੈਰ ਘਰ ਪਹੁੰਚੀ ਤੇ ਫੇਰ ਕੰਮ ਲਗ ਗਈ ..ਅਗਲੇ ਦਿਨ ਨਾਲ ਕੰਮ ਕਰਦੀ ਮੈਡਮ ਦੇ ਘਰ ਕੋਈ ਪ੍ਰੋਗਰਾਮ ਹੋਣ ਕਰਕੇ ਜਿਆਦਾਤਰ ਸਟਾਫ ਓਧਰ ਗਿਆ ਹੋਇਆ ਸੀ ਤੇ ਅਸੀਂ ਸਿਰਫ ਦੋ ਜਾਣੀਆਂ ਸੀ …ਮੈ ਤਾ ਰੋਟੀ ਖਾ ਲਈ ਸੀ ਪਰ ਉਸ ਨੇ ਕੁਛ ਮੰਗਾਇਆ ਸੀ ਖਾਣ ਨੂੰ …ਮੁੰਡਾ ਡਿਲਿਵਰੀ ਦੇਣ ਆਇਆ ਤਾਂ ਉਹ ਫੋਨ ਤੇ ਬੀਜੀ ਤੇ ਮੈਨੂੰ ਪੇਮੈਂਟ ਕਰਨ ਲਈ ਇਸ਼ਾਰਾ ਕਰ ਰਹੀ ਸੀ …ਮੈ ਵੀ ਢੀਠ ਤੇ ਅਣਜਾਣ ਬਣ ਆਪਣੇ ਕੰਪਿਊਟਰ ਵਿਚ ਕੰਮ ਕਰਨ ਵਿਚ ਮਗਨ ਰਹੀ ਕਿਉਂਕਿ ਦੇਣ ਨੂੰ ਤਾਂ ਭਾਵੇ ਦੇ ਦਿੰਦੀ ਪਰ ਓਹਦਾ ਸੁਭਾ ਪਤਾ ਸੀ ਕਿ ਉਸ ਵਾਪਸ ਕਰਨ ਦਾ ਨਾਮ ਨੀ ਸੀ ਲੈਣਾ …
ਘਰ ਨੂੰ ਮੁੜ ਦੇ ਹੋਏ ਬਾਰ ਬਾਰ ਫੋਨ ਦੇਖੀ ਜਾਵਾਂ ਕਿ ਸ਼ਇਦ ਸੈਲਰੀ ਦਾ ਮੈਸਜ ਆਇਆ ਹੋਵੇ ਪਰ ਨਹੀਂ ਆਇਆ ਸੀ ..ਹੁਣ ਕੋਲੇ ਸਿਰਫ 30 ਰੁਪਏ ਸੀ ਤੇ ਪੰਜ ਸੋ ਦਾ ਨੋਟ ਓਦਾਂ ਤੁੜਾਨ ਨੂੰ ਦਿਲ ਨੀ ਸੀ ਕਰਦਾ …ਅਗਲੇ ਦਿਨ ਮੁੜ ਕੇ ਆਉਂਦੇ ਕੋਲ ਜਦ ਸਿਰਫ 10 ਰੁਪਏ ਰਹਿ ਗਏ ਤਾਂ ਦਿਲ ਨੂੰ ਡੋਬ ਜਿਹਾ ਪਿਆ ਕਿ ਹੁਣ 500 ਤੁੜਵਾਣਾ ਹੀ ਪੈਣਾ …ਸ਼ਾਮ ਨੂੰ ਅਧਾਰ ਕਾਰਡ ਲੱਭਦੀ ਨੇ ਪੁਰਾਣੀ ਡਾਇਰੀ ਫਰੋਲੀ ਤਾ ਵਿਚ ਪਤਾ ਨੀ ਕਦੋ ਦੇ ਰੱਖੇ ਦੋ ਪੰਜਾਹ ਪੰਜਾਹ ਦੇ ਨੋਟ ਝੋਲੀ ਚ ਆ ਡਿਗੇ …ਜਿਨ੍ਹਾਂ ਨੂੰ ਦੇਖ ਰੂਹ ਖਿੜ ਗਈ ਤੇ ਲਗਾ ਜਿਵੇ ਵਾਲੇਟ ਵਿਚ ਤਹਿ ਕਰ ਰਖਿਆ 500 ਦਾ ਨੋਟ ਉਛਲ ਉੱਛਲ ਕੇ ਕਹਿ ਰਿਹਾ ਹੋਵੇ ਕਿ ਦੇਖਿਆ ,ਫੇਰ ਬਚ ਗਿਆ ਮੈ …..
****************
ਗੁਲਜਿੰਦਰ ਕੌਰ