ਇੱਕ ਪਰਿਵਾਰ ਦੀ ਦੂਜਿਆਂ ਤੇ ਸਕੀਮਾਂ ਪਾਉਣ, ਉਧਾਰੇ ਰੁਪਏ ਲੈ ਕੇ ਜਾਂ ਹੋਰ ਨੂੰ ਦਵਾ ਕੇ ਦੱਬ ਜਾਣ ਦੀ ਆਦਤ ਹੋਇਆ ਕਰਦੀ। ਰਿਸ਼ਤੇਦਾਰਾਂ ਵੱਲੋਂ ਕਿਸੇ ਸ਼ਗਨ/ਵਿਹਾਰ ਤੇ ਨੂੰਹਾਂ ਲਈ ਭੇਜੇ ਸ਼ਗਨ, ਕੱਪੜੇ ਹੋਰ ਵਸਤਾਂ ਪਰਿਵਾਰ ਦੀਆਂ ਵੱਡੀਆਂ ਬੁੜੀਆਂ(ਔਰਤਾਂ)ਆਪ ਰੱਖ ਜਾਂਦੀਆਂ ਅਤੇ ਧੀਆਂ ਦੀਆਂ ਫ਼ੜਾਂ ਮਾਰਨ ਤੇ ਨੂੰਹਾਂ ਨੂੰ ਸੁਣਾਉਣ (ਤੰਜ ਕਸਣ) ਲਈ ਹਰ ਵੇਲੇ ਕਮਰ ਕਸੀ ਰੱਖਦੀਆਂ।ਧੀਆਂ ਲਈ ਦੁਨੀਆਂ ਭਰ ਦੇ ਵਿਹਾਰ ਮੂਹਰੇ ਰੱਖ ਲੈਂਦੀਆਂ ਤੇ ਨੂੰਹਾਂ ਨੂੰ ਦੇਣ ਲਈ ਪਿੱਛੇ ਹਟ ਜਾਇਆ ਕਰਦੀਆਂ। ਪਰਿਵਾਰ ਚੋਂ ਕੁਝ ਕ ਤਾਂ ਨਿੱਕੀ ਜਿਹੀ ਗੱਲ ਨੂੰ ਮਸਾਲੇ ਲਾ ਹਰ ਥਾਂ ਪਹੁੰਚਾ ਦਿਆ ਕਰਦੇ। ਕਿਸੇ ਵੀ ਮੈਂਬਰ ਨੂੰ ਇਹ ਨਾ ਲੱਗਿਆ ਕਰਦਾ ਕਿ ਇਹ ਆਦਤਾਂ ਚ ਸੁਧਾਰ ਕਰਨ ਦੀ ਲੋੜ ਹੈ। ਨੂੰਹਾਂ ਇਹ ਸੋਚ ਕੇ ਰਹਿ ਜਾਂਦੀਆਂ ਕਿ ਜਿਹੋ ਜਿਹੇ ਮਾਹੌਲ ਚ ਬੀਬੀਆਂ ਰਹੀਆਂ, ਇਹਨਾਂ ਦੀਆਂ ਓਹੀ ਆਦਤਾਂ ਹੋਣੀਆਂ ਨੇ। ਇਹ ਸੁਧਰ ਥੋੜ੍ਹੀ ਸਕਦੀਆਂ! ਕਹਿਣਾ ਹੋਰ, ਕਮਾਉਣਾ ਹੋਰ ਦੋਹਰੇ ਕਿਰਦਾਰ ਵਾਲੇ ਬਾਹਰੋਂ ਲਿਫ਼ਾਫ਼ਾ ਬਣਾ ਕੇ ਦਿਖਾਉਣ ਚ ਮਾਹਿਰ ਹੋਇਆ ਕਰਦੇ।
ਓਸੇ ਪਰਿਵਾਰ ਦੀ ਬੀਬੀ ਘਰ ਆਈ ਗੁਆਂਢਣ ਨੂੰ ਲੰਮੇ ਚੌੜੇ ਵਿਸਥਾਰ ਚ ਦੱਸ ਰਹੀ ਸੀ ਕਿ ਸਾਡੇ ਸੰਸਕਾਰ ਤਾਂ ਇਵੇਂ ਨੇ, ਓਵੇਂ ਨੇ। ਅਸੀਂ ਇੰਝ ਹਾਂ ਅਸੀਂ ਉਂਝ ਹਾਂ,ਅਸੀਂ ਇੰਝ ਕਰਦੇ ਹਾਂ, ਅਸੀਂ ਇੰਝ ਨਹੀਂ ਕਰਦੇ। ਕੋਲ਼ ਬੈਠੀਆਂ ਨੂੰਹਾਂ ਭਾਵੇਂ ਚੁੱਪਚਾਪ ਸੁਣਦੀਆਂ ਰਹੀਆਂ ਪਰ ਸੰਸਕਾਰਾਂ ਬਾਰੇ ਸੁਣ ਕੇ ਓਹਨਾਂ ਦੇ ਕੰਨ ਹੱਸ ਰਹੇ ਸਨ।