ਦੋ ਦਿਨਾਂ ਮਗਰੋਂ ਬਰਾਤ ਚੜ੍ਹਨੀ ਸੀ..ਜਾਗੋ ਕੱਢਦਿਆਂ ਅੱਧੀ ਰਾਤ ਹੋ ਗਈ..ਘਰੇ ਮੁੜੀਆਂ ਤਾਂ ਆਖਣ ਲੱਗੀਆਂ ਹੁਣ ਭੰਗੜਾ ਪਾਉਣਾ..ਢੋਲੀ ਨਾ ਲੱਭੇ..ਇੱਕ ਬਾਬੇ ਜੀ ਨੂੰ ਲ਼ੱਭ ਕੇ ਆਂਦਾ..!
ਸੱਠ ਕੂ ਸਾਲ..ਸ਼ਾਇਦ ਨੀਂਦਰ ਵਿਚੋਂ ਉੱਠ ਕੇ ਆਇਆ ਸੀ..ਢੋਲ ਵਜਾਉਂਦਿਆਂ ਉਂਘਲਾਈ ਜਾਵੇ..ਤੜਕੇ ਦੇ ਤਿੰਨ ਵੱਜ ਗਏ..ਤਾਂ ਵੀ ਲਗਾਤਾਰ ਵਜਾਈ ਗਿਆ..ਮੁੜਕੇ ਪਾਣੀ ਦਾ ਗਲਾਸ ਮੰਗਿਆ..!
ਚਾਰ ਵਜੇ ਕੰਮ ਮੁੱਕਿਆ..ਉਸ ਨੇ ਦੋ ਸੌ ਰੁਪਈਏ ਮੰਗ ਲਏ..ਅੱਗਿਓਂ ਸਾਰੇ ਦੰਦ ਕੱਢੀ ਜਾਣ..ਪਹਿਲੋਂ ਫੁੱਫੜ ਵੱਲ ਘੱਲ ਦਿੱਤਾ..ਉਸਨੇ ਅੱਗਿਉਂ ਮਾਂ ਵੱਲ ਤੋਰ ਦਿੱਤਾ..ਉਹ ਗਲ਼ ਪੈ ਗਈ..ਅਖੇ ਮੈਨੂੰ ਪੰਜਾਹ ਕੰਮ..ਭਲਕੇ ਆਵੀਂ..ਬਥੇਰੀਆਂ ਵੇਲਾਂ ਹੋਈਆਂ!
ਹਾਰ ਕੇ ਓਥੇ ਨੁੱਕਰ ਵਿਚ ਥੰਮਲੇ ਦੀ ਢੋ ਲਾ ਕੇ ਪੈ ਗਿਆ..ਸੁਵੇਰੇ ਵੇਖਿਆ ਤਾਂ ਮਰਿਆ ਪਿਆ ਸੀ..ਢੋਲ ਓਸੇ ਤਰਾਂ ਗਲ਼ ਵਿੱਚ..ਸਾਰੇ ਆਖਣ ਬਦਸ਼ਗਨੀ ਹੋ ਗਈ..ਪਰ ਇੱਕ ਜਾਗਦੀ ਜਮੀਰ ਵਾਲਾ ਆਖਣ ਲੱਗਾ ਬਦਸ਼ਗਨੀ ਨਹੀਂ ਤੁਹਾਥੋਂ ਕਤਲ ਹੋ ਗਿਆ..!
ਸੋ ਦੋਸਤੋ ਕੁਝ ਕਤਲ ਸ਼ਰੇਆਮ ਹੁੰਦੇ..ਗਵਾਹ ਵੀ ਓਥੇ ਹੀ ਹੁੰਦੇ..ਵਰਤਿਆ ਹਥਿਆਰ ਵੀ ਕੋਲ ਹੀ ਪਿਆ ਹੁੰਦਾ ਪਰ ਕਿਸੇ ਠਾਣੇ ਰਿਪੋਰਟ ਦਰਜ ਨਹੀਂ ਹੁੰਦੀ..ਕਿਓੰਕੇ ਚਿੜੀਆਂ ਦੀ ਮੌਤ ਗੰਵਾਰ ਦਾ ਹਾਸਾ ਹੁੰਦਾ..ਉਹ ਚਿੜੀਆਂ ਜਿਹਨਾਂ ਨੂੰ ਅਖੀਰ ਤੀਕਰ ਗਲ਼ ਪਿਆ ਢੋਲ ਵਜਾਉਣਾ ਹੀ ਪੈਂਦਾ!
ਹਰਪ੍ਰੀਤ ਸਿੰਘ ਜਵੰਦਾ