ਆਪਣੀ ਜਿੰਦਗੀ ਦੇ ਕੋਈ ਚਾਲੀ ਸਾਲ ਤੇ ਸਤਾਰਾਂ ਦਿਨ ਮੈਂ ਵੀਹਵੀਂ ਸਦੀ ਵਿੱਚ ਗੁਜ਼ਾਰੇ। ਫਿਰ ਇੱਕਵੀ ਸਦੀ ਦਾ ਬਹੁਤ ਸ਼ੋਰ ਸੁਣਿਆ। ਤੇ ਦੂਆ ਮੰਗੀ ਕਿ ਘਟੋ ਘੱਟ ਚਾਲੀ ਸਾਲ ਇੱਕੀਵੀਂ ਸਦੀ ਚ ਜਿਉਣ ਦਾ ਮੌਕਾ ਤਾਂ ਜਰੂਰ ਮਿਲੇ। ਚਲੋ ਚਾਲੀ ਨਹੀਂ ਤਾਂ ਤੀਹ ਪੈਂਤੀ ਸਾਲ ਤਾਂ ਚਾਹੀਦੇ ਹੀ ਹਨ। ਮੈਂ ਆਪਣੀ ਜਿੰਦਗੀ ਵਿੱਚ ਮੋਦੀ ਮੁਕਤ ਭਾਰਤ ਦੇਖਣਾ ਚਾਹੁੰਦਾ ਹਾਂ। ਮੈਨੂੰ ਨੂੰ ਨਹੀਂ ਪਤਾ ਕਿ ਮੋਦੀ ਰਾਜ ਕਦੋਂ ਜਾਊ? ਪਰ ਮੈਨੂੰ ਇਸਦਾ ਫਾਇਦਾ ਹੈ ਕਿ ਮੋਦੀ ਭਗਤ ਜਦੋ ਮੋਦੀ ਜੀ ਦੇ ਲੰਬੇ ਸ਼ਾਸ਼ਨ ਲਈ ਪ੍ਰਾਥਨਾ ਕਰਨਗੇ ਤਾਂ ਮੇਰੀ ਲੰਬੀ ਜਿੰਦਗੀ ਦੀ ਪ੍ਰਾਥਨਾ ਆਪਣੇ ਆਪ ਹੋ ਜਾਵੇਗੀ।
ਛੇਵੇਂ ਸੱਤਵੇਂ ਦਹਾਕੇ ਦੇ ਜੰਮਿਆ ਨੇ ਅਸੀਂ ਯੁੱਗ ਪਲਟਦਾ ਵੇਖਿਆ ਹੈ। ਅਸੀਂ ਜਾਨਵਰਾਂ ਦੀ ਸਵਾਰੀ ਵੀ ਵੇਖੀ ਹੈ ਤੇ ਸਾਈਕਲ ਤੋਂ ਕਾਰ ਤੇ ਜਹਾਜ ਤੱਕ ਦਾ ਸਫ਼ਰ ਵੀ। ਜਿੱਥੇ ਅਸੀਂ ਖੂਹ ਟੋਬੇ ਛੱਪੜਾਂ ਤੇ ਨਹਾਉਣ ਦੇ ਮਜ਼ੇ ਲੁੱਟੇ ਹਨ ਉਥੇ ਚੀਨੀ ਦੀਆਂ ਟਾਈਲਾਂ ਵਾਲੇ ਚਮਕਦੇ ਬਾਥਰੂਮਾਂ ਵਿਚ ਨਹਾਉਣ ਦਾ ਸਵਾਦ ਵੀ ਚਖਿਆ ਹੈ। ਟੈਲੀਫੋਨ ਵੀ ਸਾਡੇ ਵੇਖਦੇ ਵੇਖਦੇ ਹੀ ਆਇਆ ਤੇ ਆਹ ਟੱਚ ਸਕਰੀਨ ਮੋਬਾਈਲ ਵੀ। ਕਾਲੀ ਤੇ ਸਫੈਦ ਫਿਲਮ ਵੀ ਅਸੀਂ ਵੇਖੀ ਹੈ ਤੇ ਰੰਗੀਨ ਅਤੇ ਥ੍ਰੀ ਡੀ ਵੀ। ਕਾਨੇ ਤੋਂ ਬਣੀ ਕਲਮ ਨਾਲ ਲਿਖਣਾ ਸ਼ੁਰੂ ਕਰਕੇ ਅਸੀਂ ਹੋਲਡਰ ,ਪੈਨ, ਬਾਲਪੈਨ ਤੇ ਫਿਰ ਕੀ ਬੋਰਡ ਰਾਹੀਂ ਲਿਖਣਾ ਸਿਖਿਆ ਹੈ। ਉਹ ਦਿਨ ਵੀ ਯਾਦ ਹਨ ਜਦੋਂ ਅਸਮਾਨ ਵਿੱਚ ਚਿੱਟੇ ਧੂੰਏਂ ਦੀ ਲਕੀਰ ਛੱਡਦੇ ਜਹਾਜ ਨੂੰ ਘੰਟਿਆਂ ਬੱਧੀ ਵੇਖਦੇ ਰਹਿੰਦੇ ਸੀ। ਤੇ ਹੁਣ ਜ਼ਹਾਜ ਆਵਾਜ਼ ਨਾਲੋਂ ਵੀ ਤੇਜ ਹਨ। ਕਿਸੇ ਖਾਲੀ ਬੋਤਲ ਵਿਚ ਲੀਰ ਪਾਕੇ ਮਿੱਟੀ ਦੇ ਤੇਲ ਨਾਲ ਜਗਦੇ ਦੀਵੇ, ਮਸਾਲਾਂ ਬਾਲ ਕੇ ਕੀਤੀ ਜਾਂਦੀ ਰੋਸ਼ਨੀ ਤੋਂ ਬਾਦ ਗੈਸ ਤੇ ਪੀਲੇ ਰੰਗ ਦੀ ਰੋਸ਼ਨੀ ਵਾਲੇ ਸੱਠ ਤੇ ਸੋ ਵਾਟ ਦੇ ਲਾਟੂ, ਟਿਊਬਾਂ ਤੇ ਹੁਣ ਐੱਲ ਈ ਡੀ ਦੇ ਬਲਬ।
ਅਸੀਂ ਇਹ ਯੁੱਗ ਪਲਟਦਾ ਅੱਖੀਂ ਵੇਖਿਆ ਹੈ। ਅਜੇ ਪਤਾ ਨਹੀਂ ਕੀ ਕੁਝ ਹੋਰ ਵੇਖਣਾ ਬਾਕੀ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ।