ਮੇਰੀ ਪੋਤੀ ਕੋਈ ਡੇਢ ਕ਼ੁ ਸਾਲ ਦੀ ਹੈ। ਸਾਨੂੰ ਬਹੁਤ ਪਿਆਰੀ ਲਗਦੀ ਹੈ। ਗੱਲ ਕੱਲੀ ਮੇਰੀ ਪੋਤੀ ਦੀ ਹੀ ਨਹੀਂ। ਸਾਰੇ ਪੋਤੇ ਪੋਤੀਆਂ ਦੀ ਹੈ। ਦਾਦਾ ਦਾਦੀ ਨੂੰ ਹੀ ਨਹੀਂ ਸਭ ਨੂੰ ਪਿਆਰੇ ਲਗਦੇ ਹਨ। ਮੇਰੀ ਪੋਤੀ ਪੰਜਾਬੀ ਗਾਣਿਆਂ ਤੇ ਖੂਬ ਨੱਚਦੀ ਹੈ। ਅਸੀਂ ਖੁਸ਼ ਹੁੰਦੇ ਹਾਂ। ਦੂਸਰਿਆਂ ਦੇ ਪੋਤੇ ਪੋਤੀਆਂ ਵੀ ਛੋਟੇ ਹੁੰਦੇ ਹੀ ਖੂਬ ਨੱਚਦੇ ਹਨ। ਅਗਲੇ ਵੀ ਖੁਸ਼ ਹੁੰਦੇ ਹਨ। ਇਹ ਨਵੇਂ ਨਵੇਂ ਸ਼ਬਦ ਬੋਲਦੀ ਹੈ ਦਾਦਾ ਦਾਦਾ ਦਾਦੀ ਪਾਪਾ ਮੰਮੀ ਕਦੇ ਗਗਨ ਨੂੰ ਗੱਗੂ ਸੋਨੀਆ ਨੂੰ ਸੋਨੀ ਮੰਜੂ ਨੂੰ ਜੰਜੂ ਬੋਲਦੀ ਹੈ। ਜੋ ਸੁਣਦੀ ਹੈ ਓਹੀ ਬੋਲਦੀ ਹੈ। ਉਸ ਦਾ ਨਵਾਂ ਸ਼ਬਦ ਸਾਨੂੰ ਬੇਹੱਦ ਖੁਸ਼ੀ ਦਿੰਦਾ ਹੈ। ਬਾਕੀ ਲੋਕਾਂ ਦਾ ਵੀ ਇਹੀ ਹਾਲ ਹੈ। ਜੋ ਕੰਮ ਕਿਸੇ ਨੂੰ ਕਰਦਾ ਦੇਖ ਲੈਂਦੀ ਹੈ ਓਹੀ ਕਰਦੀ ਹੈ ਮਤਲਬ ਵੇਖਕੇ ਰੀਸ ਕਰਦੀ ਹੈ। ਹੋਰ ਜੁਆਕ ਕਿਹੜਾ ਮਾਂ ਦੇ ਪੇਟ ਚੋ ਸਿਖਕੇ ਆਉਂਦੇ ਹਨ। ਵੇਖਾ ਵੇਖੀ ਸਭ ਕੰਮ ਸਿੱਖਦੇ ਹਨ। ਇਹ ਵੀ ਕਦੇ ਪੋਚਾ ਮਾਰਦੀ ਹੈ ਕਦੇ ਝਾੜੂ ਲਾਉਂਦੀ ਹੈ ਬਿਸਤਰੇ ਦੀ ਚਾਦਰ ਵਿਛਾਉਣ ਦੀ ਕੋਸ਼ਿਸ਼ ਕਰਦੀ ਹੈ। ਸਾਰੇ ਬੱਚਿਆਂ ਦਾ ਇਹੀ ਹਾਲ ਹੈ। ਕਈ ਵਾਰੀ ਕਿਸੇ ਕੰਮ ਲਈ ਜਿੱਦ ਵੀ ਕਰਦੀ ਹੈ ਰਿਹਾੜ ਵੀ ਕਰਦੀ ਹੈ। ਜੇ ਰੋਕੀਏ ਫਿਰ ਰੋਂਦੀ ਵੀ ਹੈ। ਕਈ ਵਾਰੀ ਅੱਗੋਂ ਮਾਰਨ ਦੀ ਕੋਸ਼ਿਸ਼ ਕਰਦੀ ਹੈ ਅਸੀਂ ਵੀ ਹੱਸ ਪੈਂਦੇ ਹਾਂ ਜਿਵੇ ਹਰ ਮਾਂ ਪਿਓ ਦਾਦਾ ਦਾਦੀ ਹੱਸਦੇ ਹਨ। ਉਸਨੂੰ ਲਗੱਦਾ ਹੈ ਮਾਰਨਾ ਚੰਗੀ ਗੱਲ ਹੈ ਜੋ ਇਹ ਹੱਸ ਰਹੇ ਹਨ। ਉਹ ਫਿਰ ਮਾਰਦੀ ਹੈ।
ਅਕਸ਼ਰ ਕਦੇ ਕਦੇ ਮੇਰੀ ਪੋਤੀ ਵੀ ਦੂਸਰੇ ਬੱਚਿਆਂ ਵਾਂਗੂ ਰੋਣ ਲੱਗ ਜਾਂਦੀ ਹੈ। ਉਸਦਾ ਕੁਝ ਦੁੱਖਦਾ ਹੋਵੇ ਯ ਗਿਲੇ ਪਿੰਡੇ ਤੇ ਖੁਰਕ ਹੁੰਦੀ ਹੋਵੇ। ਫ਼ਿਰ ਉਹ ਚੁੱਪ ਨਹੀਂ ਕਰਦੀ।
ਅਖੇ ਇਸਨੂੰ ਨਜ਼ਰ ਲੱਗ ਗਈ। ਔਡ਼ ਪੌੜ ਕਰਨ ਤੋਂ ਇਲਾਵਾ ਉਸਦੀ ਨਜ਼ਰ ਉਤਾਰੀ ਜਾਂਦੀ ਹੈ। ਇਸਲਈ ਚਾਹੇ ਚੁੱਲ੍ਹੇ ਵਿੱਚ ਨਮਕ ਸੁਟਿਆ ਜਾਂਦਾ ਹੈ ਯ ਲਾਲ ਮਿਰਚਾਂ। ਇਸ ਦਾ ਸ਼ਾਇਦ ਕੋਈ ਵਿਗਿਆਨਿਕ ਪੱਖ ਹੋਵੇਗਾ। ਕਾਲਾ ਟਿੱਕਾ ਲਗਾਇਆ ਜਾਂਦਾ ਹੈ ਯ ਕਾਲਾ ਧਾਗਾ ਬੰਨਿਆ ਜਾਂਦਾ ਹੈ ਗੁੱਟ ਤੇ ਯ ਪੈਰ ਤੇ। ਹਰ ਬੱਚੇ ਨੂੰ ਨਜ਼ਰ ਲਗਨ ਦੀ ਆਸ਼ੰਕਾ ਹੁੰਦੀ ਹੈ। ਤੇ ਨਜ਼ਰ ਨੂੰ ਪੜ੍ਹੇ ਲਿਖੇ ਤੇ ਅਨਪੜ੍ਹ ਸਾਰੇ ਮੰਨਦੇ ਹਨ।
ਅਕਸ਼ਰ ਵੇਖਿਆ ਗਿਆ ਹੈ ਕਿ ਕੁਝ ਔਰਤਾਂ ਪਹਿਲਾਂ ਕਿਸੇ ਦੂਸਰੇ ਦੇ ਬੱਚੇ ਦੀਆਂ ਸ਼ਿਫ਼ਤਾਂ ਕਰੀ ਜਾਣਗੀਆਂ। ਇਹ ਆਪਣੀ ਅਸਲ ਉਮਰ ਨਾਲੋਂ ਵੱਡਾ ਲੱਗਦਾ ਹੈ।
ਲੈ ਇਹ ਤਾਂ ਆਪੇ ਮੋਬਾਈਲ ਚਲਾ ਲੈਂਦਾ ਹੈ।
ਲੈ ਇਹ ਛੋਟੀ ਜਿਹੀ ਆਪਣੀ ਪਸੰਦ ਦੇ ਕਪੜੇ ਪਹਿਨਦੀ ਹੈ।
ਇਸ ਨੂੰ ਕਾਰ ਦੀ ਚਾਬੀ ਬਾਰੇ ਪਤਾ ਹੈ।
ਭਾਈ ਹੁਣ ਜਦੋਂ ਘਰੇ ਕਾਰਾਂ ਹਨ ਤਾਂ ਬੱਚੇ ਨੂੰ ਕਾਰ ਦੀ ਚਾਬੀ ਬਾਰੇ ਹੀ ਪਤਾ ਹੋਵੇਗਾ। ਸਾਡੇ ਵੇਲਿਆਂ ਵਿੱਚ ਇੱਕ ਸਾਈਕਲ ਹੁੰਦਾ ਸੀ ਜਿਸ ਦੇ ਤਾਲਾ ਨਹੀਂ ਸੀ ਹੁੰਦਾ। ਇਹ ਜਨਰੇਸ਼ਨ ਗੈਪ ਹੈ। ਬੱਚੇ ਬਹੁਤ ਤੇਜ਼ ਹਨ। ਪਰ ਸਾਡੀ ਪੀੜ੍ਹੀ ਖੁਦ ਹੀ ਕਿਸੇ ਬੱਚੇ ਦੀਆਂ ਸ਼ਿਫ਼ਤਾਂ ਕਰਕੇ ਫ਼ਿਰ ਮੱਤ ਦਿੰਦੀ ਹੈ। ਭਾਈ ਬਚਾ ਰੱਖਿਆ ਕਰੋ। ਜੁਆਕ ਨੂੰ ਨਜ਼ਰ ਨਾ ਲੱਗਜੇ। ਆਪੇ ਬਾਬਾ ਮੱਥਾ ਟੇਕਦੀ ਹਾਂ ਆਪੇ ਬੁਢ ਸੁਹਾਗਣ ਰਹੋਂ ਵਾਲੀ ਗੱਲ। ਖੁਦ ਨਜ਼ਰ ਲਾਕੇ ਫਿਰ ਨਜ਼ਰ ਲੱਗਣ ਦੀ ਦੁਹਾਈ ਦਿੰਦੀਆਂ ਹਨ। ਤੇ ਨਾਲੇ ਟੋਟਕੇ ਦੱਸਦੀਆਂ ਹਨ।
ਕੌਣ ਸਮਝਾਵੇ ਕਿ ਅੰਟੀ ਜੀ ਮੈਨੂੰ ਤੁਹਾਡੀ ਨਜ਼ਰ ਤੋਂ ਹੀ ਖਤਰਾ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ