“ਹੁਣ ਕਿੱਥੇ ਚੱਲ ਪਏ ਸਕੂਟੀ ਚੁੱਕਕੇ?”
ਸਕੂਟੀ ਤੇ ਬੈਠੇ ਨੂੰ ਵੇਖਕੇ ਉਸ ਪਿੱਛੋਂ ਆਵਾਜ਼ ਮਾਰੀ।
“ਬਜ਼ਾਰ ਚੱਲਿਆ ਹਾਂ।” ਮੈਂ ਸੰਖੇਪ ਜਿਹਾ ਜਬਾਬ ਦਿੱਤਾ।
“ਵਰ੍ਹੇ ਦਿਨ ਦਿਨ ਆਇਸ ਵੇਲੇ। ਇੰਨੀ ਭੀੜ ਹੈ ਬਾਜ਼ਾਰ ਵਿਚ। ਕੀ ਲੈਣ ਜਾਣਾ ਹੈ।” ਥੋੜੀ ਤਲਖੀ ਸੀ ਉਸਦੇ ਬੋਲਾਂ ਵਿੱਚ।
“ਦੀਵੇ …..” ਮੈਂ ਕਿਹਾ।
“ਦੀਵੇ ਤਾਂ ਮੈਂ ਕੱਲ ਹੀ ਖਰੀਦ ਲਏ ਸਨ ਵਾਧੂ। ਓਧਰ ਵੀ ਭੇਜ ਦਿੱਤੇ।”
“ਹੋਰ ਲੈਣੇ ਹਨ।” ਕਹਿਕੇ ਮੈਂ ਸਕੂਟੀ ਤੋਰ ਲਈ। ਬਜ਼ਾਰ ਵਿਚ ਗੇੜਾ ਮਾਰਿਆ। ਲੋਕ ਖਰੀਦਦਾਰੀ ਵਿਚ ਮਸਤ ਸਨ। ਡ੍ਰਾਈ ਫਰੂਟ ਤਾਜ਼ਾ ਫਲ ਮਿਠਾਈਆਂ ਰੰਗੋਲੀ ਵਾਲੇ ਰੰਗ ਬਸ ਲੋਕਾਂ ਦੀ ਭੀੜ ਸੀ। ਜੇ ਸ਼ਾਂਤ ਸਨ ਤਾਂ ਉਹ ਭੁੰਜੇ ਬੈਠੇ ਗਰੀਬ ਲੋਕ ਸਨ ਜਿੰਨਾ ਕੋਲ ਥੋੜੇ ਥੋੜੇ ਦੀਵੇ ਬਚੇ ਸਨ ਤੇ ਜਲਦੀ ਫਾਰਗ ਹੋਣ ਲਈ ਉਤਾਵਲੇ ਸਨ। ਇੱਕ ਮਾਈ ਤੇ ਉਸਦਾ ਛੋਟਾ ਜਿਹਾ ਪੁੱਤ ਯ ਪੋਤਾ ਕੋਈ ਸੋ ਕ਼ੁ ਦੀਵਾ ਲਈ ਕਿਸੇ ਗ੍ਰਾਹਕ ਦੇ ਇੰਤਜ਼ਾਰ ਵਿਚ ਬੈਠੇ ਸਨ।
“ਕਿਵੇਂ ਲਾਏ?”
“ਦਸ ਰੁਪਏ ਦੇ ਦਸ ਬਾਊ ਜੀ।”
‘ਚੰਗਾ ਸੋ ਰੁਪਏ ਦੇ ਦੇਂਦੇ।” ਕਹਿਕੇ ਮੈਂ ਸੋ ਦਾ ਨੋਟ ਉਸਦੇ ਹੱਥ ਫੜਾ ਦਿੱਤਾ। ਪੰਜ ਪੰਜ ਦੀਵੇ ਗਿਣਕੇ ਉਸਨੇ ਦੋ ਲਿਫਾਫੇ ਮੇਰੇ ਹੱਥ ਫੜਾ ਦਿੱਤੇ। ਓਹਨਾ ਦਾ ਮਾਲ ਵਿੱਕ ਗਿਆ ਸੀ ਤੇ ਉਹ ਆਪਣੇ ਘਰੇ ਜਾ ਸਕਦੇ ਸਨ।
ਮੈਂ ਆਪਣਾ ਮਿਸ਼ਨ ਫਤਹਿ ਕਰਕੇ ਘਰੇ ਆ ਗਿਆ। ਮੇਰੇ ਮਨ ਨੂੰ ਖੁਸ਼ੀ ਹੋਈ। ਭਾਵੇਂ ਘਰੇ ਆਕੇ ਮੈਨੂੰ ਆਪਣਾ ਮਕਸਦ ਸਮਝਾਉਣ ਵਿੱਚ ਕਾਫੀ ਸਮਾਂ ਲੱਗਿਆ।
ਊਂ ਗੱਲ ਆ ਇੱਕ
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ