ਇਹ ਗੱਲ ਕੋਈ 1978-79 ਦੀ ਹੋਵੇਗੀ। ਉਸ ਟਾਇਮ ਵਿਆਹ ਵਾਲੀ ਲੜਕੀ ਦੇ ਵਿਆਹ ਵਾਲਾ ਸਮਾਨ ਆਮ ਲੋਕ ਟਰੈਕਟਰ ਟਰਾਲੀਆਂ ਤੇ ਛੱਡ ਕੇ ਆਉਂਦੇ ਸਨ।
ਇਸ ਤਰਾਂ ਹੀ ਸਾਡੀ ਮਾਸੀ ਦੀ ਲੜਕੀ ਦਾ ਵਿਆਹ ਸੀ। ਸਮਾਨ ਟਰਾਲੀਆਂ ਤੇ ਛੱਡ ਕੇ ਆਉਣਾ ਸੀ। ਸਮਾਨ ਟਰਾਲੀਆਂ ਵਿਚ ਲੋਡ ਕਰ ਲਿਆ। ਉਸ ਟਾਇਮ ਸ਼ੀਸੇ ਵਾਲੇ ਡਰਾਸਿੰਗ ਟੇਬਲ ਦੇਣ ਦਾ ਬਹੁਤ ਰਿਵਾਜ਼ ਸੀ ਸ਼ੀਸਾ ਟੁੱਟ ਨਾ ਜਾਵੇ ਇਸ ਗੱਲ ਤੋਂ ਸ਼ੀਸਾ ਬਚਾ ਕੇ ਲਿਜਾਣਾ ਪੈਂਦਾ ਸੀ।
ਟਰਾਲੀਆਂ ਤੋਰ ਲਈਆਂ ਦੋ ਬੰਦੇ ਸਮਾਨ ਨਾਲ ਭੇਜ ਦਿੱਤੇ।ਉਹ ਬੰਦੇ ਡਰਾਸਿੰਗ ਟੇਬਲ ਦੇ ਸ਼ੀਸੇ ਨੂੰ ਫੜ੍ਹ ਕੇ ਟਰੈਕਟਰ ਦੇ ਟਾਇਰਾ ਉਪਰਲੇ ਬਣੇ ਮਿਡਗਾਰਡ ਤੇ ਬੈਠ ਗਏ।ਉਨ੍ਹਾਂ ਨੂੰ ਇਹ ਕਿਹਾ ਗਿਆ ਸ਼ੀਸਾ ਟੁੱਟਣ ਵਾਲੀ ਚੀਜ ਹੈ ਪਹਿਲਾਂ ਇਸ ਨੂੰ ਜਾਣ ਸਾਰ ਸੰਭਾਲ ਦੇਣਾ। ਜਦ ਕੁਝ ਰਸਤਾ ਤਹਿ ਕਰ ਗਏ ਤਾਂ ਕਹਿੰਦੇ ਟਰੈਕਟਰ ਰੋਕ ਕੇ ਪਿਸ਼ਾਬ ਕਰ ਲਈਏ। ਸੜਕ ਤੋਂ ਥੱਲੇ ਇਕ ਪਾਸੇ ਸਟਾਰਟ ਟਰੈਕਟਰ ਖੜ੍ਹਾ ਕਰ ਦਿੱਤਾ ਮਿਡਗਾਰਡ ਉੱਪਰ ਸ਼ੀਸਾ ਰੱਖ ਕੇ ਆਪ ਪਾਸੇ ਪਿਸ਼ਾਬ ਕਰਨ ਚਲੇ ਗਏ ਜਦ ਵਾਪਿਸ ਟਰੈਕਟਰ ਕੋਲ ਆਉਣ ਲੱਗੇ ਤਾਂ ਸਟਾਰਟ ਟਰੈਕਟਰ ਤੋਂ ਤਿਲਕ ਤਿਲਕ ਕੇ ਥੱਲੇ ਡਿਗਣ ਸਾਰ ਸ਼ੀਸਾ ਟੁੱਟ ਗਿਆ।ਸ਼ੀਸਾ ਟੁੱਟਣ ਦੀ ਆਵਾਜ਼ ਸੁਣ ਕੇ ਤਿਨੇ ਜਾਣੇ ਇਕਦਮ ਦਹਿਲ ਗਏ ਬਾਕੀ ਸਫ਼ਰ ਉਨ੍ਹਾਂ ਬੜੇ ਚਿੰਤਤ ਹੋ ਕੇ ਤਹਿ ਕੀਤਾ।
ਪਹੁੰਚਣ ਸਾਰ ਉਨ੍ਹਾਂ ਨੂੰ ਕਿਹਾ ਗਿਆ ਪਹਿਲਾਂ ਸ਼ੀਸਾ ਫੜ੍ਹਾ ਦੇਵੋ ਟੁੱਟ ਨਾ ਜਾਵੇ ਇਹ ਢਿੱਲਾ ਜਿਹਾ ਮੂੰਹ ਕਰਕੇ ਕਹਿੰਦੇ ਉਹ ਤਾਂ ਟੁੱਟ ਗਿਆ। ਬਸ ਫਿਰ ਕੀ ਸੀ ਸੁਹਰੇ ਪਰਿਵਾਰ ਨੂੰ ਦੋ ਟਰਾਲੀਆਂ ਭਰ ਕੇ ਗਏ ਸਮਾਨ ਦਾ ਉਨ੍ਹਾਂ ਚਾਅ ਨਹੀਂ ਹੋਇਆ ਜਿੰਨਾਂ ਸ਼ੀਸਾ ਟੁੱਟਣ ਦਾ ਦੁੱਖ ਹੋਇਆ।
ਸੁਖਵਿੰਦਰ ਸਿੰਘ ਮੁੱਲਾਂਪੁਰ
m. 9914184794