ਵਾਹਵਾ ਪੁਰਾਣੀ ਗੱਲ ਹੈ। ਪੰਜਾਬ ਰੋਡਵੇਜ਼ ਤਰਨਤਾਰਨ ਡੀਪੂ ਵਿਚ ਇਕ ਭਜਨਾ ਨਾਂ ਦਾ ਡਰਾਈਵਰ ਹੁੰਦਾ ਸੀ। ਉਹ ਭਲੇ ਵੇਲੇ ਦਾ ਡਰਾਈਵਰ ਭਰਤੀ ਹੋਇਆ ਸੀ। ਤਰਨਤਾਰਨ ਦੇ ਨੇੜਲੇ ਪਿੰਡਾਂ ਕਸਬਿਆਂ ਵਿਚ ਉਹ ਚੱਲਦਾ ਹੁੰਦਾ ਸੀ। ਤਰਨਤਾਰਨ ਤੋਂ ਜੰਡਿਆਲਾ ਗੁਰੁ ਤੇ ਕਦੇ ਪੱਟੀ, ਕਦੇ ਮੁੰਡਾਪਿੰਡ – ਜਾਮਾਰਾਇ ਆਦਿ ਪਿੰਡਾਂ ਨੂੰ ਉਹ 🚌 ਬੱਸ ਲਿਜਾਂਦਾ ਹੁੰਦਾ ਸੀ। ਪੜ੍ਹਿਆ ਲਿਖਿਆ ਉਹ ਖ਼ਾਸ ਨਹੀਂ ਸੀ। ਤਰਨਤਾਰਨ ਨੇੜਲੇ ਪਿੰਡਾਂ- ਕਸਬਿਆਂ ਵਿਚ ਉਸ ਦੇ ਬੱਸ ਲਿਜਾਣ ਦਾ ਮਕਸਦ ਇਹ ਸੀ ਕਿ ਇਕ ਤਾਂ ਇਨ੍ਹਾਂ ਰੂਟਾਂ ‘ਤੇ ਚੱਲਣ ਵਾਲੇ ਡਰਾਈਵਰ ਨੂੰ ਟੈਂਸ਼ਨ ਘੱਟ ਹੁੰਦੀ ਸੀ, ਟਾਈਮ ਆਦਿ ਚੁੱਕਣ ਦੀ ਤੇ ਦੂਜਾ ਉਸ ਨੂੰ ‘ ਨਾਗਣੀ ‘ ਤੇ ‘ਦੇਸੀ ਕੱਢੀ ਹੋਈ ‘ ਪੰਜ ਰਤਨੀ ਆਮ ਮਿਲ ਜਾਂਦੀ ਸੀ। ਇਕ ਵਾਰ ਤਰਨਤਾਰਨ ਤੋਂ ਚੰਡੀਗੜ੍ਹ ਜਾਣ ਵਾਲੀ ਬੱਸ ਦਾ ਡਰਾਈਵਰ ਅਚਾਨਕ ਬਿਮਾਰ ਹੋ ਗਿਆ। ਭਜਨੇ ਡਰਾਈਵਰ ਦੀ ਡਿਊਟੀ ਗੱਡੀ ਚੰਡੀਗੜ੍ਹ ਲਿਜਾਣ ਦੀ ਲੱਗ ਗਈ। ਹੁਣ ਮੁਸ਼ਕਿਲ ਇਹ ਪੈਦਾ ਹੋ ਗਈ ਕਿ ਭਜਨਾ ਤਾਂ ਲੋਕਲ ਰੂਟਾਂ ‘ਤੇ ਬੱਸ ਚਲਾਉਣਾ ਗਿਝਾ ਹੋਇਆ ਸੀ, ਕਦੇ ਹਾਈਵੇ ‘ਤੇ ਬੱਸ ਲੈ ਕੇ ਨਹੀਂ ਸੀ ਗਿਆ। ਖ਼ੈਰ, ਉਸ ਨੇ ਨਾਗਣੀ ਛਕੀ ‘ਤੇ ਗੱਡੀ ਭਰ ਕੇ ਤੋਰ ਲਈ। ਤਰਨਤਾਰਨ ਤੋਂ ਜੰਡਿਆਲਾ ਗੁਰੂ ਤੱਕ ਬੱਸ ਆਰਾਮ ਨਾਲ ਲੈ ਗਿਆ, ਅੱਗੇ ਹਾਈਵੇ ਸ਼ੁਰੂ ਹੋ ਗਿਆ। ਭਜਨੇ ਨੂੰ ਹੱਥਾਂ ਪੈਰਾਂ ਦੀ ਪੈ ਗਈ। ਵਾਹਿਗੁਰੂ ਵਾਹਿਗੁਰੂ ਕਰਦਾ ਉਹ ਬੱਸ ਬਿਧੀਪੁਰ ਫਾਟਕ ਤੱਕ ਲੈ ਗਿਆ। ਅਗਾਂਹ ਗੱਡੀ ਜਦੋਂ ਜਲੰਧਰ ਵੱਲ ਮੋੜੀ ਤਾਂ ਅੱਗੇ ਕਈ ਚੌਕਾਂ ਵਿਚ ਟ੍ਰੈਫਿਕ ਲਾਈਟਾਂ ਦਾ ਪੰਗਾ ਪੈ ਗਿਆ। ਉਸ ਨੇ ਤਰਨਤਾਰਨ ਦੇ ਇਲਾਕੇ ਵਿਚ ਕਦੇ ਟ੍ਰੈਫਿਕ ਲਾਈਟਾਂ ਨਹੀਂ ਸੀ ਦੇਖੀਆਂ। ਖ਼ੈਰ, ਜਲੰਧਰ ਬੱਸ ਅੱਡੇ ‘ਤੇ ਪੁੱਜ ਕੇ ਭਜਨੇ ਦੀ ਜਾਨ ਵਿਚ ਜਾਨ ਆਈ। ਪਰ ਅਜੇ ਤਾਂ ਬੱਸ ਚੰਡੀਗੜ੍ਹ ਨੂੰ ਵੀ ਲਿਜਾਣੀ ਸੀ। ਉਹ ਉੱਥੇ ਹੀ ਅੜ ਗਿਆ ਕਿ ਮੈਂ ਅੱਗੇ ਗੱਡੀ ਨਹੀਂ ਲਿਜਾਣੀ, ਮੇਰੇ ਤੋਂ ਗੱਡੀ ਕਿਤੇ ਲੱਗ ਜਾਵੇਗੀ। ਨਾਲੇ ਮੈਂ ਤਾਂ ਜਲੰਧਰ ਮਸੀਂ ਪੁੱਜਾ ਹਾਂ, ਅੱਗੇ ਟਾਈਮ ਕਿੱਦਾਂ ਚੁੱਕਾਂਗਾ। ਖ਼ੈਰ। ਓਧਰੋਂ ਚੰਡੀਗੜ੍ਹ ਤੋਂ ਤਰਨਤਾਰਨ ਜਾਣ ਵਾਲੀ ਬੱਸ ਵੀ ਜਲੰਧਰ ਪੁੱਜ ਗਈ। ਅਧਿਕਾਰੀਆਂ ਨੇ ਉਸ ਦੇ ਡਰਾਈਵਰ ਨੂੰ ਭਜਨੇ ਵਾਲੀ ਬੱਸ ਦੇ ਕੇ ਚੰਡੀਗੜ੍ਹ ਵਾਪਸ ਤੋਰਿਆ ਤੇ ਭਜਨੇ ਨੂੰ ਉਸ ਦੀ ਗੱਡੀ ਤਰਨਤਾਰਨ ਲਿਜਾਣ ਲਈ ਕਿਹਾ। ਰੱਬ ਦਾ ਨਾਂ ਲੈਕੇ ਭਜਨੇ ਨੇ ਗੱਡੀ ਤਰਨਤਾਰਨ ਵੱਲ ਤੋਰ ਲਈ। ਓਸ ਦਿਨ ਤੋਂ ਬਾਅਦ ਭਜਨੇ ਡਰਾਈਵਰ ਦੀ ਡਿਊਟੀ ਕਿਸੇ ਵੱਡੇ ਰੂਟ ‘ਤੇ ਨਾ ਲੱਗੀ।
ਡਾ. ਗੁਰਪ੍ਰੀਤ ਲਾਡੀ
ਬਹੁਤ ਵਧੀਆ ਜੀ