ਅਚਾਨਕ ਫੋਨ ਦੀ ਘੰਟੀ ਵੱਜੀ..ਬੀਜੀ ਦਾ ਸੀ..!
ਓਸੇ ਵੇਲੇ ਅੱਖੀਆਂ ਪੂੰਝੀਆਂ..ਨੱਕ ਵੀ ਸਾਫ ਕੀਤਾ..ਅਵਾਜ ਦੇ ਹਾਵ ਭਾਵ ਬਦਲ ਹਰੇ ਬਟਨ ਤੇ ਉਂਗਲ ਦੱਬ ਦਿੱਤੀ..!
ਅੱਗਿਓਂ ਆਖਣ ਲੱਗੀ..”ਧੀਏ ਹਾਲ ਬਜਾਰ ਆਈ ਸਾਂ..ਸੋਚਿਆ ਤੇਰੇ ਵੱਲ ਵੀ ਹੁੰਦੀ ਜਾਵਾਂ”!
ਛੇਤੀ ਨਾਲ ਪੁੱਛਿਆ “ਕਿੰਨੀ ਦੇਰ ਲੱਗੂ ਤੁਹਾਨੂੰ..?
ਅੱਧਾ ਘੰਟਾ ਲੱਗ ਜਾਣਾ..!
ਸ਼ੁਕਰ ਕੀਤਾ ਅਜੇ ਅੱਧਾ ਘੰਟਾ ਤਾਂ ਹੈ ਠੀਕ ਠਾਕ ਹੋਣ ਲਈ..!
ਫੇਰ ਧਿਆਨ ਆਸ ਪਾਸ ਖਿੱਲਰੇ ਕਿੰਨੇ ਸਾਰੇ ਕੱਚ ਵੱਲ ਚਲਾ ਗਿਆ..ਉੱਥਲ-ਪੁੱਥਲ ਹੋਏ ਸਿਰਹਾਣੇ..ਚਾਦਰਾਂ..ਟਿਫਨ ਵਿਚੋਂ ਡੁੱਲੀ ਹੋਈ ਸਬਜੀ ਅਤੇ ਹੋਰ ਵੀ ਕਿੰਨਾ ਕੁਝ..ਸੁਵੇਰੇ-ਸੁਵੇਰੇ ਕਲੇਸ਼ ਵਾਲੀ ਸੁਨਾਮੀ ਦੀ ਤਸਵੀਰ ਪੇਸ਼ ਕਰ ਰਹੀ ਸੀ!
ਸੁਰਤ ਬਚਪਨ ਦੇ ਦਿਨਾਂ ਵੱਲ ਚਲੀ ਗਈ..ਮੈਂ ਓਨੀ ਦੇਰ ਤੱਕ ਰੋਂਦੀ ਰਹਿੰਦੀ ਜਿੰਨੀ ਦੇਰ ਤੱਕ ਮਾਂ ਦਾ ਧਿਆਨ ਨਾ ਪੈ ਜਾਇਆ ਕਰਦਾ..ਆਪਣੀ ਜਿਦ ਜੂ ਪਗਾਉਣੀ ਹੁੰਦੀ ਸੀ..ਜਿੰਨਾ ਜਿਆਦਾ ਰੋਣ ਓਨਾ ਹੀ ਜਿਆਦਾ ਮੁਆਵਜਾ..!
ਫੇਰ ਸੋਚਾਂ ਦੀ ਘੁੰਮਣ ਘੇਰੀ ਵਿਚ ਪਈ ਹੋਈ ਦਾ ਧਿਆਨ ਫੋਨ ਦੀ ਘੜੀ ਤੇ ਜਾ ਪਿਆ..ਸਿਰਫ ਦਸ ਮਿੰਟ ਹੀ ਤਾਂ ਰਹਿ ਗਏ ਸਨ!
ਓਸੇ ਵੇਲੇ ਜੂੜਾ ਖੋਹਲ ਵਾਲ ਵਹੁਣ ਲੱਗ ਪਈ..ਅੱਜ ਹੱਸ ਕੇ ਜੂ ਵਿਖਾਉਣਾ ਸੀ..ਜੰਮਣ ਵਾਲੀ ਨੂੰ..!
ਦਿਲ ਦੀ ਬਿਮਾਰੀ ਅਤੇ ਕਮਜ਼ੋਰ ਨਿਗਾ..ਤਾਂ ਵੀ ਧੀ ਦੇ ਸੁੱਕ ਗਏ ਹੰਜੂਆਂ ਦੇ ਨਿੱਕੇ-ਮੋਟੇ ਨਿਸ਼ਾਨ ਝੱਟ ਹੀ ਪਛਾਣ ਲਿਆ ਕਰਦੀ..ਫੇਰ ਉਦਾਸ ਹੋਣ ਲੱਗੀ ਕੋਈ ਓਹਲਾ ਵੀ ਨਹੀਂ ਸੀ ਰੱਖਦੀ!
ਪਤਾ ਨਹੀਂ ਕੀ ਹੋ ਗਿਆ ਉਸਨੂੰ..ਸ਼ਾਇਦ ਬੁੱਢੀ ਹੋ ਗਈ ਸੀ!
ਹਰਪ੍ਰੀਤ ਸਿੰਘ ਜਵੰਦਾ