ਬਹੁਤ ਪੁਰਾਣੀ ਗੱਲ ਹੈ। ਅਸੀਂ ਓਦੋਂ ਘੁਮਿਆਰੇ ਪਿੰਡ ਰਹਿੰਦੇ ਹੁੰਦੇ ਸੀ। ਤੇ ਸਾਡਾ ਪੁਰਾਣਾ ਘਰ ਬਹੁਤ ਹੀ ਭੀੜਾ ਹੁੰਦਾ ਸੀ। ਇਥੋਂ ਤੱਕ ਕਿ ਛਟੀਆਂ ਵੀ ਛੱਤ ਤੇ ਰੱਖਣੀਆ ਪੈਂਦੀਆਂ ਸਨ। ਇੱਕ ਹੀ ਪੰਡ ਰੱਖਣ ਦੀ ਜਗ੍ਹਾ ਸੀ ਉੱਪਰ ਵੀ। ਪਹਿਲਾਂ ਛਟੀਆਂ ਦੀ ਪੰਡ ਖੇਤੋਂ ਲਿਆਂਉਂਦੇ ਫਿਰ ਲੱਕੜ ਦੀ ਪੋੜੀ ਚੜ੍ਹਕੇ ਛੱਤ ਤੇ ਰੱਖਦੇ। ਅਜੇ ਇੱਕ ਪੰਡ ਬਾਹਰ ਗਲੀ ਵਿਚ ਲਿਆਕੇ ਰੱਖੀ ਹੀ ਸੀ। ਉਸ ਨੂੰ ਛੱਤ ਤੇ ਰੱਖਣ ਦਾ ਮੌਕਾ ਹੀ ਨਹੀ ਸੀ ਮਿਲਿਆ ਕਿ ਮੇਰੇ ਪਾਪਾ ਜੀ ਦੀ ਭੂਆ ਦਾ ਵੇਦ ਸਾਡੇ ਘਰ ਆ ਗਿਆ। ਓਹ ਹਰਿਆਣਾ ਦੇ ਆਦਮਪੁਰ ਸ਼ਹਿਰ ਵਿਚ ਰਹਿੰਦੇ ਸਨ ਜੋ ਸਾਬਕਾ ਮੁੱਖ ਮੰਤਰੀ ਚੋ ਭਜਨ ਲਾਲ ਦਾ ਸ਼ਹਿਰ ਹੈ। ਓਹ ਬਾਗੜੀ ਤੇ ਹਿੰਦੀ ਰਲਵੀਂ ਬੋਲਦੇ ਸਨ। “ਅਰੇ ਭਾਬੀ ਏ ਕਿਆ ਬਾਤ ਹੈ ਇਨਕੋ ਮੈ ਅਭੀ ਛੱਤ ਪੇ ਰੱਖ ਦੇਤਾ ਹੂੰ।” ਉਸਨੇ ਮੇਰੀ ਮਾਂ ਨੂੰ ਕਿਹਾ।
“ਬਸ ਆਪ ਏਕ ਬਾਰ ਯੇ ਬੰਡਲ ਮੁਝੇ ਉਠਵਾ ਦੋ।” ਮੇਰੀ ਮਾਂ ਨੇ ਓਹ ਛਟੀਆਂ ਦੀ ਪੰਡ ਉਸਨੂੰ ਚੁਕਵਾ ਦਿੱਤੀ ਤੇ ਆਪ ਅੰਦਰ ਕੰਮ ਚਲੀ ਗਈ। ਉਸਨੇ ਕਦੇ ਵੀ ਛਟੀਆਂ ਦੀ ਪੰਡ ਨਹੀ ਸੀ ਚੁੱਕੀ ਤੇ ਛੱਤ ਤੇ ਰੱਖਣ ਦਾ ਵੀ ਤਜੁਰਬਾ ਨਹੀ ਸੀ। ਉਸਨੇ ਪੰਡ ਸਿੱਧੀ ਚੁੱਕ ਲਈ। ਤੇ ਲੱਕੜ ਦੀ ਪੋੜੀ ਰਾਹੀਂ ਛੱਤ ਤੇ ਚੜ੍ਹਨ ਲੱਗਿਆ। ਜਦੋਂ ਓਹ ਪੋੜੀ ਦੇ ਦੋ ਤਿੰਨ ਕੁ ਟੰਬੇ ਹੀ ਚੜ੍ਹਿਆ ਤਾਂ ਛਟੀਆਂ ਉਪਰਲੇ ਟੰਬਇਆਂ ਚ ਅਟਕ ਗਈਆਂ। ਹੁਣ ਓਹ ਨਾ ਉੱਪਰ ਚੜ੍ਹ ਸਕਦਾ ਸੀ ਨਾ ਥੱਲੇ ਉਤਰ ਸਕਦਾ ਸੀ। ਓਹ ਵਿਚਾਰਾ ਵਿਚਾਲੇ ਫਸ ਗਿਆ ਤੇ ਲੱਗਿਆ ਰੋਲਾ ਪਾਉਣ। “ਅਰੇ ਕੋਈ ਮੁਝੇ ਨੀਚੇ ਉਤਾਰੋ। ਮੁਝੇ ਸਮਝ ਨਹੀ ਆ ਰਹਾ ਮੈ ਨੀਚੇ ਆਉ ਯਾ ਉਪਰ ਜਾਉ। ਅਰੇ ਕੋਈ ਮੁਝੇ ਨੀਚੇ ਕਿਉਂ ਨਹੀ ਉਤਾਰ ਰਹਾ।” ਸੱਥ ਵਿਚ ਬੈਠੇ ਬੰਦੇ ਇੱਕਠੇ ਹੋ ਗਏ ਤੇ ਲੱਗੇ ਉਸਦਾ ਮਖੌਲ ਉਡਾਉਣ। ਬੜੀ ਮੁਸ਼ਕਿਲ ਨਾਲ ਉਸਨੂੰ ਥੱਲੇ ਉਤਾਰਿਆ ਗਿਆ ਤੇ ਓਹ ਸ਼ਰਮ ਨਾਲ ਘਬਰਾ ਗਿਆ ਤੇ ਅੰਦਰ ਚਲਾ ਗਿਆ।
ਆਖਿਰ ਸ਼ਰਮ ਵੀ ਤਾਂ ਬੰਦਿਆ ਨੂੰ ਹੀ ਆਉਂਦੀ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ