ਰਸੀਦੀ ਟਿਕਟ | rasidi ticket

ਅੱਜ ਤੋਂ ਕਈ ਦਹਾਕੇ ਪਹਿਲਾਂ ਪੰਜਾਬੀ ਦੀ ਸਿਰਮੌਰ ਲੇਖਿਕਾ ਅੰਮ੍ਰਿਤਾ ਪ੍ਰੀਤਮ ਨੇ ਆਪਣੀ ਜੀਵਨ ਗਾਥਾ ਲਿਖੀ ਤੇ ਨਾਮ ਰੱਖਿਆ ਰਸੀਦੀ ਟਿਕਟ। ਜੇਹੋ ਜਿਹੀ ਉਹ ਆਪ ਚਰਚਿਤ ਸੀ ਤੇ ਨਾਮ ਵੀ ਅਜੀਬ ਜਿਹਾ ਹੀ ਰੱਖਿਆ। ਇਹ ਵੀ ਕੋਈ ਕਿਤਾਬ ਦਾ ਨਾਮ ਹੋਇਆ। ਪਰ ਇਹ ਉਸਦੇ ਜੀਵਨ ਦੀ ਕਹਾਣੀ ਸੀ ਸੱਚੀ ਤੇ ਉਸ ਨੇ #ਰਸੀਦੀਟਿਕਟ ਲਗਾਕੇ ਪੱਕੀ ਕਰ ਦਿੱਤੀ।
ਰਸੀਦੀ ਟਿਕਟ ਚਾਹੇ ਇੱਕ ਰੁਪਏ ਦੀ ਹੁੰਦੀ ਹੈ ਪਰ ਇਸ ਦੀ ਅਸਲ ਕੀਮਤ ਓਹੀ ਜਾਣਦਾ ਹੈ ਜਿਸ ਨੇ ਜਰੂਰਤ ਵੇਲੇ ਇੱਕ ਰੁਪਏ ਦੀ ਟਿਕਟ ਖਾਤਿਰ ਵਾਧੂ ਕੁੱਤੇ ਭਕਾਈ ਕੀਤੀ ਹੋਵੇ। ਇੰਦਰਾ ਗਾਂਧੀ ਵਰਗੀ ਤਾਕਤਵਰ ਨੇਤਾ ਤੋਂ ਲੈ ਕੇ ਪੀ ਵੀ ਨਰਸਿਨ੍ਹਾ ਰਾਵ ਵਰਗੇ ਮੂਕ ਦਰਸ਼ਕ ਮਨਮੋਹਨ ਸਿੰਘ ਵਰਗੇ ਅਰਥ ਸ਼ਾਸ਼ਤਰੀ ਤੋਂ ਬਾਦ ਦੇਸ਼ ਨੂੰ 3000ਕਰੋੜ ਦੀ ਮੂਰਤੀ ਬਣਾਕੇ ਦੇਣ ਵਾਲਾ ਪ੍ਰਧਾਨ ਮੰਤਰੀ ਵੀ ਮਿਲ ਗਿਆ ਪਰ ਇੰਚ ਗੁਣਾ ਇੰਚ ਦੀ ਰਸੀਦੀ ਟਿਕਟ ਛਾਪਣ ਵਾਲਾ ਪ੍ਰਧਾਨ ਮੰਤਰੀ ਨਹੀਂ ਆਇਆ। ਕਾਂਗਰਸ ਤੋਂ ਬਾਦ ਮਿਲੀਆਂ ਜੁਲੀਆ ਸਰਕਾਰਾਂ ਤੇ ਨਿਰੋਲ 56″ਵਾਲੇ ਦੀ ਸਰਕਾਰ ਵੀ ਇਹ ਕਮੀ ਦੂਰ ਨਹੀਂ ਕਰ ਸਕੀ।
ਕਦੇ ਨਕਦ ਲੈਣਦੇਣ ਦੀ ਰਸੀਦ ਤੇ ਵਰਤੀਆਂ ਜਾਣ ਵਾਲੀਆਂ ਰਸੀਦੀ ਟਿਕਟਾਂ ਅੱਜ ਕੱਲ ਬੈੰਕ ਦੇ ਪੀ ਪੀ ਐਫ ਖਾਤੇ ਤੋਂ ਸੇਵਿੰਗ ਖਾਤੇ ਵਿੱਚ ਰਕਮ ਟਰਾਂਸਫਰ ਕਰਾਉਣ ਲਈ ਵੀ ਜਰੂਰੀ ਕਰ ਦਿੱਤੀਆਂ ਗਈਆਂ ਹਨ। ਅੱਜ ਬੈੰਕ ਖਾਤੇ ਵਿਚ ਰਕਮ ਟਰਾਂਸਫਰ ਕਰਾਉਣ ਲਈ ਰਸੀਦੀ ਟਿਕਟਾਂ ਦੀ ਜਰੂਰਤ ਸੀ। ਪਹਿਲਾਂ ਬਜ਼ਾਰ ਵਿੱਚ ਕੋਸ਼ਿਸ਼ ਕੀਤੀ। ਫਿਰ ਡਾਕਖਾਨੇ ਜਾਕੇ ਗੁਹਾਰ ਲਗਾਈ। ਅਫਸੋਸ ਟਿਕਟਾਂ ਓਥੇ ਵੀ ਨਹੀਂ ਸਨ। ਪਰ ਅਜੀਜ Manish Sharma ਨੇ ਆਪਣੇ ਪਰਸ ਵਿਚੋਂ ਦੇ ਕੇ ਬੁੱਤਾ ਸਾਰਨ ਦੀ ਕੋਸ਼ਿਸ਼ ਕੀਤੀ। ਪਰ ਬੈੰਕ ਜਾਕੇ ਪਤਾ ਲਗਿਆ ਕਿ ਟਿਕਟਾਂ ਇੱਕ ਦੋ ਨਹੀਂ ਦੱਸ ਦੱਸ ਚਾਹੀਦੀਆਂ ਹਨ। ਸਮੱਸਿਆ ਫਿਰ ਖੜੀ ਹੋ ਗਈ। ਫ਼ਿਰ ਬੈੰਕ ਵਾਲਿਆਂ ਨੇ ਨਜ਼ਦੀਕ ਹੀ ਕੰਮ ਕਰ ਰਹੇ ਰਾਇਲ ਫੋਟੋ ਸਟੇਟ ਵਾਲੇ Rajan Monga ਦੀ ਦੱਸ ਪਾਈ। ਜੋ ਮੇਰਾ ਹੀ ਅਜੀਜ ਹੈ। ਹੁਣ ਬੰਦਾ ਸਟੇਟ ਬੈੰਕ ਆਫ ਇੰਡੀਆ ਦੀ ਬ੍ਰਾਂਚ ਵਿਚ ਗਿਆ ਹੋਵੇ ਤੇ ਕਾਊਂਟਰ ਦਰ ਕਾਊਂਟਰ ਜ਼ਾਕੇ ਚਾਰ ਘੰਟੇ ਤੋਂ ਪਹਿਲਾਂ ਕਿਵੇਂ ਵਾਪਿਸ ਆ ਸਕਦਾ ਹੈ।
ਗੱਲ ਰਸੀਦੀ ਟਿਕਟ ਦੀ ਹੈ ਸਰਕਾਰ ਨੂੰ ਚਾਹੀਦਾ ਹੈ ਜੀ ਜਿਸ ਦਫਤਰ ਵਿੱਚ ਰਸੀਦੀ ਟਿਕਟ ਜਰੂਰੀ ਹੋਵੇ ਓਥੇ ਹੀ ਉਪਲਭਦ ਕਰਵਾਈ ਜਾਵੇ। ਭਾਵੇਂ ਇੱਕ ਰੁਪਏ ਦੀ ਬਜਾਇ ਦਸ ਰੁਪਏ ਖਾਤੇ ਵਿਚੋਂ ਕੱਟ ਲਏ ਜਾਣ।
ਵਿਕਾਸ ਦੇ ਨਾਮ ਦਾ ਢੰਡੋਰਾ ਪਿੱਟਣ ਵਾਲੀਆਂ ਸਰਕਾਰਾਂ ਇੱਕ ਰਸੀਦੀ ਟਿਕਟ ਦੀ ਕਮੀ ਨਹੀਂ ਦੂਰ ਕਰ ਸਕਦੀਆਂ। ਇਸ ਵਿੱਚ ਭਾਜਪਾ ਦੀ ਮੋਦੀ ਸਰਕਾਰ ਹੀ ਨਹੀਂ ਸੱਤਰ ਸਾਲ ਰਾਜ ਕਰਨ ਵਾਲੀ ਕਾਂਗਰਸ ਸਰਕਾਰ ਵੀ ਬਰਾਬਰ ਦੀ ਦੋਸ਼ੀ ਹੈ।
ਜਿਹੜੀ ਸਰਕਾਰ ਰਸੀਦੀ ਟਿਕਟ ਵਰਗੀ ਜਰੂਰਤ ਦੀ ਪੂਰਤੀ ਨਹੀਂ ਕਰ ਸਕਦੀ ਉਸ ਤੋਂ ਹੋਰ ਕਿਸ ਵਿਕਾਸ ਦੀ ਉਮੀਦ ਕੀਤੀ ਜਾ ਸਕਦੀ ਹੈ।
ਫਿਰ ਕਹਿੰਦੇ ਬੂਟਾ ਗਾਲਾਂ ਕੱਢਦਾ ਹੈ।

#ਰਮੇਸ਼ਸੇਠੀਬਾਦਲ

One comment

Leave a Reply

Your email address will not be published. Required fields are marked *