ਦੀਵਾਲੀ ਤੋਂ ਤਿੰਨ ਕੁ ਦਿਨ ਪਹਿਲਾਂ ਮੈਂ ਬੇਟੇ ਨਾਲ ਬਠਿੰਡਾ ਮਾਰਕੀਟ ਗਿਆ। ਅਸੀਂ ਬਿਜਲੀ ਦੀਆਂ ਦੋ ਤਿੰਨ ਆਈਟਮਾਂ ਖਰੀਦਨੀਆ ਸਨ। ਫਲਾਈ ਓਵਰ ਦੇ ਨੇੜੇ ਮੋਹੱਲੇ ਚ ਉਹ ਦੁਕਾਨ ਸੀ। ਮੈਂ ਉਸ ਤੋਂ ਮਲਟੀ ਕਲਰ ਲੇਜ਼ਰ ਲਾਈਟ ਖਰੀਦੀ ਜਿਸਦੇ ਉਸਨੇ ਸਾਢੇ ਪੰਜ ਸੌ ਰੁਪਏ ਮੰਗੇ ਸਨ। ਉਹ ਲੇਜ਼ਰ ਲਾਈਟ ਮੈਂ ਡੱਬਵਾਲੀ ਚੁੱਕ ਲਿਆਇਆ। ਫਿਰ ਮੈਂ ਦੀਵਾਲੀ ਵਾਲੇ ਦਿਨ ਇੱਕ ਹੋਰ ਲੇਜ਼ਰ ਲਾਈਟ ਖਰੀਦਣ ਲਈ ਕਲੋਨੀ ਰੋਡ ਸਥਿਤ ਕਿਸੇ ਵੱਡੀ ਦੁਕਾਨ ਤੋਂ ਉਸਦਾ ਰੇਟ ਪੁੱਛਿਆ। ਦੁਕਾਨਦਾਰ ਨੇ ਸਿਰਫ ਗਿਆਰਾਂ ਸੋ ਮੰਗੇ। ਜਦੋ ਮੈ ਘੱਟ ਕਰਨ ਲਈ ਕਿਹਾ ਤਾਂ ਉਹ ਸਿਰਫ ਪੰਜਾਹ ਰੁਪਏ ਛੱਡਣ ਨੂੰ ਤਿਆਰ ਹੋਇਆ। ਦੁਗਣੇ ਦਾ ਫਰਕ ਵੇਖਕੇ ਮੈਂ ਆਪਣੀ ਸਲਾਹ ਕੈਂਸਲ ਕਰ ਦਿੱਤੀ। ਕੀ ਇਹ ਦੁਕਾਨਦਾਰੀ ਹੈ। ਦੁਕਾਨਦਾਰ ਦਾ ਫਰਜ਼ ਮੁਨਾਫ਼ਾ ਲੈਣਾ ਹੁੰਦਾ ਹੈ ਪਰ ਇਥੇ ਤਾਂ ਡਬਲ ਕਰਨ ਦਾ ਚੱਕਰ ਚੱਲ ਰਿਹਾ ਹੈ। ਕੀ ਇਹ ਦੁਕਾਨਦਾਰੀ ਹੈ ਯ ਲੁੱਟ।
ਵਿਉਪਾਰ ਦੁਕਾਨਦਾਰੀ ਬਿਜ਼ਨਸ ਦੇ ਅਸੂਲ ਹੁੰਦੇ ਹਨ। ਕਹਿੰਦੇ ਚੋਰਾਂ ਤੇ ਡਾਕੂਆਂ ਦੇ ਵੀ ਅਸੂਲ ਹੁੰਦੇ ਹਨ। ਪਰ ਇਥੇ ਵਿਉਪਾਰ ਜੋ ਧਰਮ ਅਨੁਸਾਰ ਚਲਦਾ ਹੁੰਦਾ ਸੀ ਉਸ ਨੂੰ ਵੀ ਲੁੱਟ ਦੇ ਅੱਡੇ ਵਿਚ ਬਦਲ ਦਿੱਤਾ ਜਾਂਦਾ ਹੈ। ਹਾਂ ਸਾਰੇ ਦੁਕਾਨਦਾਰ ਲੁਟੇਰੇ ਨਹੀਂ ਹੁੰਦੇ ਸਿਰਫ ਗਿਣਵੇਂ ਵੀ ਹੁੰਦੇ ਹਨ।
ਪਿਛਲੇ ਹਫਤੇ ਹੀ ਮੈਂ ਘਰ ਵਰਤਣ ਲਈ ਖੰਡ ਦਾ ਗੱਟਾ ਲੈਣ ਗਿਆ। ਮੈਂ ਦੁਕਾਨਦਾਰ ਲਈ ਅਣਜਾਣ ਗ੍ਰਾਹਕ ਸੀ ਪਰ ਮੇਰੇ ਨਾਲ ਮੇਰਾ ਇੱਕ ਅਜ਼ੀਜ਼ ਸੀ ਜੋ ਦੁਕਾਨਦਾਰ ਦਾ ਗੁਆਂਢੀ ਤੇ ਲਿਹਾਜੀ ਵੀ ਸੀ। ਦੁਕਾਨਦਾਰ ਕੋਲ ਕੋਈ ਦੋ ਕੁ ਸੌ ਗੱਟਾ ਖੰਡ ਦਾ ਪਿਆ ਸੀ। ਪਰ ਉਸਨੇ ਸਾਨੂੰ ਅਗਲੇ ਹਫ਼ਤੇ ਖੰਡ ਖਰੀਦਣ ਦਾ ਮਸ਼ਵਰਾ ਦੇਕੇ ਮੋੜ ਦਿੱਤਾ। ਦੁਕਾਨਦਾਰ ਮੁਤਾਬਿਕ “ਇਹ ਖੰਡ ਸਾਲ ਪੁਰਾਣੀ ਹੈ ਜਿਸਨੇ ਨਮੀ ਫੜ ਲਈ ਹੈ। ਤੇ ਤੁਸੀਂ ਖੰਡ ਘਰੇ ਸੰਭਾਲਣੀ ਹੈ ਅਗਲੇ ਛੇ ਮਹੀਨੇ। ਇਸ ਲਈ ਹਫਤੇ ਤੱਕ ਨਵਾਂ ਮਾਲ ਆਉਣ ਤੇ ਹੀ ਖ੍ਰੀਦਿਓ।”
ਇਸਤਰਾਂ ਉਸਨੇ ਗ੍ਰਾਹਕ ਦਾ ਵੀ ਭਲਾ ਸੋਚਿਆ। ਜੋ ਦੁਕਾਨਦਾਰੀ ਦੇ ਧਰਮ ਦਾ ਹਿੱਸਾ ਹੈ।
ਪਰ ਉਂਜ ਅੱਜ ਕੱਲ੍ਹ ਕਿਸੇ ਬਾਰੇ ਕੌਣ ਸੋਚਦਾ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ।