#ਅਸਲ_ਦੋਸ਼ੀ
“ਮਖਿਆ ਅੱਜ ਮੋਨਿਕਾ ਦਾ ਫੋਨ ਆਇਆ ਸੀ। ਓਹਨਾਂ ਘਰੇ ਉਸਦਾ ਜੀਅ ਨਹੀਂ ਲੱਗਦਾ। ਡਾਕਟਰਨੀ ਬਾਹਲੇ ਰੁੱਖੇ ਜਿਹੇ ਸੁਭਾਅ ਦੀ ਹੈ। ਕੰਜੂਸ ਵੀ ਬਾਹਲੀ ਹੈ।” ਮੈਡਮ ਨੇ ਅੱਜ ਸ਼ਾਮੀ ਮੋਨਿਕਾ ਨਾਲ ਵਾਹਵਾ ਲੰਮੀ ਗੱਲਬਾਤ ਕਰਨ ਤੋਂ ਬਾਅਦ ਮੈਨੂੰ ਦੱਸਿਆ। ਮੋਨਿਕਾ ਕੋਈਂ ਸਾਡੀ ਰਿਸ਼ਤੇਦਾਰ ਯ ਕਰੀਬੀ ਨਹੀਂ ਹੈ। ਉਹ ਸਾਡੀ ਪੁਰਾਣੀ ਕੁੱਕ ਹੈ । ਅਸੀਂ ਬੇਟੇ ਕੋਲ ਸ਼ਿਫਟ ਹੋ ਗਏ ਤੇ ਇਸ ਕਰਕੇ ਉਸਦੀ ਛੁੱਟੀ ਹੋ ਗਈ ਤੇ ਉਹ ਇਥੋਂ ਫਾਰਿਗ ਹੋ ਗਈ ਸੀ। ਮੈਡਮ ਦੇ ਸਮਝਾਉਣ ਤੇ ਹੀ ਉਹ ਕਿਸੇ ਭੱਠਲ ਨਾਮਕ ਡਾਕਟਰ ਦੇ ਘਰ ਫੁੱਲ ਟਾਇਮ ਮੇਡ ਲੱਗ ਗਈ ਸੀ। ਸਾਡੇ ਤਾਂ ਉਹ ਸਵੇਰੇ ਸ਼ਾਮੀ ਖਾਣਾ ਬਣਾਉਣ ਹੀ ਆਉਂਦੀ ਸੀ। ਤੇ ਯ ਮੈਡਮ ਦੇ ਆਖੇ ਇਧਰਲੇ ਉਧਰਲੇ ਕੰਮ ਕਰ ਦਿੰਦੀ ਸੀ। ਘਰਾਂ ਵਿੱਚ ਤਾਂ ਚੱਕ ਧਰ ਹੀ ਬਹੁਤ ਹੁੰਦੀ ਹੈ। ਉਹ ਕਿਸੇ ਕੰਮ ਤੋਂ ਜਵਾਬ ਨਾ ਦਿੰਦੀ। ਕਦੇ ਉਹ ਮੈਡਮ ਨਾਲ ਵਿਸ਼ਕੀ ਨੂੰ ਘੁੰਮਾਉਣ ਚਲੀ ਜਾਂਦੀ ਤੇ ਕਦੇ ਨੇੜਲੀ ਗਿਆਨੀ ਦੀ ਹੱਟੀ ਤੋਂ ਘਰ ਦਾ ਕੋਈਂ ਸਮਾਨ ਫੜ੍ਹ ਲਿਆਉਂਦੀ। ਉਹ ਕਰਾਕਰੀ ਕੇਸ ਵਿੱਚ ਪਏ ਮਿਲਕ ਮੱਗ ਚੋ ਆਪੇ ਪੈਸੇ ਚੁੱਕ ਲੈਂਦੀ ਤੇ ਸਮਾਨ ਲਿਆਕੇ ਬਾਕੀ ਦੇ ਪੈਸੇ ਉਸੇ ਮੱਗ ਵਿੱਚ ਰੱਖ ਦਿੰਦੀ। ਕਈ ਵਾਰੀ ਉਹ ਮੈਡਮ ਦੇ ਵਾਲ ਡਾਈ ਕਰ ਦਿੰਦੀ ਯ ਸਿਰ ਤੇ ਤੇਲ ਵੀ ਝੱਸ ਦਿੰਦੀ। ਜਿਸ ਦਿਨ ਉਹ ਕੰਮ ਕਰਦੀ ਕਰਦੀ ਬਾਹਲੀ ਲੇਟ ਹੋ ਜਾਂਦੀ ਤਾਂ ਉਸਦੀ ਰੋਟੀ ਦੇ ਨਾਲ ਮੈਡਮ ਉਸਦੇ ਮੁੰਡੇ ਲਈ ਵੀ ਦੋ ਰੋਟੀਆਂ ਪੈਕ ਕਰ ਦਿੰਦੀ। ਘਰ ਵਿੱਚ ਕੋਈਂ ਚੀਜ਼ ਬਣਦੀ ਤਾਂ ਮੈਡਮ ਉਸਦਾ ਤੇ ਉਸਦੇ ਮੁੰਡੇ ਦਾ ਹਿੱਸਾ ਪਹਿਲਾਂ ਹੀ ਕੱਢਕੇ ਰੱਖ ਦਿੰਦੀ। ਮੈਡਮ ਹਰ ਤਿੱਥ ਤਿਉਹਾਰ ਤੇ ਮੋਨਿਕਾ ਲਈ ਕੋਈਂ ਸੂਟ ਯ ਕੋਈਂ ਗਿਫਟ ਵੀ ਖਰੀਦ ਲੈਂਦੀ। ਉਂਜ ਮੈਡਮ ਦੀਆਂ ਨੂੰਹਾਂ ਵੀ ਆਪਣੀ ਸੱਸ ਤੇ ਹੀ ਗਈਆਂ ਹਨ। ਉਹ ਵੀ ਮੋਨਿਕਾ ਨੂੰ ਕੁਝ ਨਾ ਕੁਝ ਦਿੰਦੀਆਂ ਹੀ ਰਹਿੰਦੀਆਂ। ਵੈਸੇ ਤਾਂ ਇਹਨਾਂ ਕੰਮਾਂ ਵਿੱਚ ਮੈਂ ਕਦੇ ਬਹੁਤੀ ਦਖਲ ਅੰਦਾਜੀ ਨਹੀਂ ਕੀਤੀ। ਪਰ ਜੇ ਮੈਂ ਕਦੇ ਕੁਝ ਟੋਕਦਾ ਤਾਂ ਤਿੰਨੇ ਮੈਨੂੰ ਗੁੱਸੇ ਹੋਣ ਲਗਦੀਆਂ। ਮੈਂ ਚੁੱਪ ਕਰ ਜਾਂਦਾ। ਬਹੁਤੇ ਵਾਰੀ ਮੋਨਿਕਾ ਆਪਣੇ ਪਸੰਦ ਦੀ ਕੋਈਂ ਚੀਜ਼ ਵੀ ਬਣਾ ਲੈਂਦੀ। ਜਦੋਂ ਮੋਨਿਕਾ ਹੱਥ ਵਿੱਚ ਸਮਾਨ ਵਾਲਾ ਲਿਫ਼ਾਫ਼ਾ ਲ਼ੈਕੇ ਆਪਣੇ ਘਰ ਨੂੰ ਜਾਂਦੀ ਤਾਂ ਬਾਹਰ ਬੈਠੀਆਂ ਔਰਤਾਂ ਬਿਟਰ ਬਿਟਰ ਝਾਕਦੀਆਂ ਤੇ ਮੂੰਹ ਜੋੜ ਜੋੜ ਗੱਲਾਂ ਕਰਦੀਆਂ। ਪਤਾ ਨਹੀਂ ਇੰਨਾ ਕੀ ਲਈ ਜਾਂਦੀ ਹੈ? ਮੈਡਮ ਇਹਨਾਂ ਗੱਲਾਂ ਦੀ ਪਰਵਾਹ ਨਾ ਕਰਦੀ ਤੇ ਨਾ ਹੀ ਮੋਨਿਕਾ ਮਹਿਸੂਸ ਕਰਦੀ। ਇਧਰੋਂ ਗਰਮੀਆਂ ਸਰਦੀਆਂ ਦੇ ਕਪੜੇ ਤੇ ਹੋਰ ਨਿੱਕ ਸੁੱਕ ਮਿਲਣ ਨਾਲ ਮੋਨਿਕਾ ਦਾ ਗੁਜ਼ਾਰਾ ਵਧੀਆ ਚੱਲੀ ਜਾਂਦਾ ਸੀ। ‘ਅਖੇ ਗਰੀਬ ਨੂੰ ਦਿੱਤੇ ਦਾ ਪੁੰਨ ਹੁੰਦਾ ਹੈ।’ ਸਾਡਾ ਪਰਿਵਾਰ ਇਸੇ ਵਿਚਾਰਧਾਰਾ ਦਾ ਹਾਮੀ ਸੀ। ਮੋਨਿਕਾ ਮੈਡਮ ਨਾਲ ਖ਼ੂਬ ਗੱਲਾਂ ਕਰਦੀ ਅਤੇ ਆਪਣੇ ਘਰ ਦੇ ਛੋਟੇ ਛੋਟੇ ਦੁੱਖ ਸੁੱਖ ਫਰੋਲਦੀ। ਆਪਣੀਆਂ ਧੀਆਂ ਦੀਆਂ ਗੱਲਾਂ ਕਰਦੀ ਤੇ ਆਉਣ ਵਾਲੇ ਤਿਉਹਾਰਾਂ ਤੇ ਧੀਆਂ ਨੂੰ ਦੇਣ ਦਾ ਫਿਕਰ ਕਰਦੀ। ਪਤੀ ਤੋਂ ਬਾਅਦ ਇੱਕ ਔਰਤ ਨੂੰ ਇਹ ਕੰਮ ਬਹੁਤ ਭਾਰੀ ਲਗਦੇ ਹਨ। ਭਾਵੇਂ ਮੋਨਿਕਾ ਦੀ ਸੱਸ ਵੀ ਫਿਕਰ ਕਰਦੀ ਸੀ ਪਰ ਮੋਨਿਕਾ ਨੂੰ ਮੈਡਮ ਦਾ ਪੂਰਾ ਸਹਾਰਾ ਸੀ। ਮੈਡਮ ਉਸ ਦੀਆਂ ਅੱਧੀਆਂ ਜ਼ਰੂਰਤਾਂ ਘਰੋਂ ਹੀ ਪੂਰੀਆਂ ਕਰ ਦਿੰਦੀ। ਮੋਨਿਕਾ ਨਾਲ ਗੱਲਾਂ ਕਰਣ ਦੇ ਬਹਾਨੇ ਮੈਡਮ ਦਾ ਸਾਰਾ ਦਿਨ ਦਿਲ ਲੱਗਿਆ ਰਹਿੰਦਾ ਤੇ ਮੈਡਮ ਵੀ ਆਪਣੇ ਗੋਡੇ ਗਿੱਟਿਆਂ ਦੇ ਦਰਦ ਨੂੰ ਭੁੱਲੀ ਰਹਿੰਦੀ। ਪਰ ਹੁਣ ਮੋਨਿਕਾ ਦੇ ਓਹ ਦਿਨ ਨਹੀਂ ਸੀ ਰਹੇ। ਸਾਰਾ ਦਿਨ ਉਹਨਾਂ ਘਰੇ ਰਹਿਣਾ ਹੁੰਦਾ ਹੈ। ਇੱਕ ਟਾਈਮ ਦੀ ਚਾਹ ਵੀ ਮਸਾਂ ਮਿਲਦੀ ਹੈ। ਨਾਸ਼ਤੇ ਦੀ ਤਾਂ ਕਦੇ ਡਾਕਟਰਨੀ ਨੇ ਸੁਲ੍ਹਾ ਵੀ ਨਹੀਂ ਮਾਰੀ। ਨਾਸ਼ਤਾ ਕਰਵਾਉਣਾ ਤਾਂ ਦੂਰ ਦੀ ਗੱਲ ਹੈ। ਜਿੱਥੇ ਪਾਣੀ ਵੀ ਪੁੱਛਕੇ ਪੀਣਾ ਪਵੇ ਉਸ ਘਰ ਵਿੱਚ ਕੰਮ ਕਰਨ ਨੂੰ ਕਿਸੇ ਦਾ ਵੀ ਜੀਅ ਨਹੀਂ ਕਰਦਾ। ਜਦੋਂ ਦਾ ਮੋਨਿਕਾ ਦਾ ਫੋਨ ਆਇਆ ਹੈ ਮੈਨੂੰ ਮੈਡਮ ਪ੍ਰੇਸ਼ਾਨ ਜਿਹੀ ਹੀ ਨਜ਼ਰ ਆਉਂਦੀ ਹੈ।
“ਆਹ ਕੀ ਗੱਲ ਹੋਈ। ਬਈ ਕੰਮ ਵਾਲੀ ਨੂੰ ਤੁਸੀਂ ਚਾਹ ਵੀ ਨਾ ਪਿਆਓ ਸਾਰਾ ਦਿਨ। ਇਹ ਕਾਹਦੀ ਅਮੀਰੀ ਹੋਈ।” ਮੇਰੇ ਕੋਲ ਬੈਡ ਤੇ ਬੈਠੀ ਹੋਈ ਮੈਡਮ ਬੋਲ਼ੀ। ਮੈਂ ਹਿਸਾਬ ਲਾਇਆ ਕਿ ਮੈਡਮ ਦੇ ਮਨ ਵਿੱਚ ਅਜੇ ਇਹੀ ਗੱਲ ਘੁੰਮੀ ਜਾਂਦੀ ਹੈ।
“ਆ ਮੋਨਿਕਾ ਆ ਜਾ, ਬਣਾ ਚਾਹ। ਮੈਂ ਤੈਨੂੰ ਹੀ ਉਡੀਕਦੀ ਪਈ ਹਾਂ ਕਿ ਕਦੋਂ ਮੋਨਿਕਾ ਆਵੇ ਤੇ ਚਾਹ ਪੀਏ।” ਅੰਦਰ ਵੜ੍ਹਦੀ ਨੂੰ ਮੈਡਮ ਅਕਸਰ ਕਹਿੰਦੀ ਤੇ ਦੋਨੇ ਰਸੋਈ ਚ ਖੜ੍ਹਕੇ ਇਕੱਠੀਆਂ ਚਾਹ ਪੀਂਦੀਆਂ। ਪਰ ਹੁਣ ਤਾਂ ਡਾਕਟਰਨੀ ਆਪਣਾ ਚਾਹ ਦਾ ਇੱਕ ਕੱਪ ਬਣਵਾਕੇ ਇਕੱਲੀ ਹੀ ਪੀ ਲੈਂਦੀ ਹੈ। ਕਈ ਵਾਰ ਮੈਂ ਸੋਚਦਾ ਕਿ ਮੈਡਮ ਮੋਨਿਕਾ ਦੀਆਂ ਆਦਤਾਂ ਵਿਗਾੜ ਰਹੀ ਹੈ। ਪਰ ਮੈਂ ਇਹ ਗੱਲ ਕਿਸੇ ਨੂੰ ਕਹਿੰਦਾ ਨਾ। ਮੇਰੇ ਯਾਦ ਆਇਆ ਕਿ ਬਹੁਤ ਸਾਲ ਮੈਂ ਮੇਰੇ ਇਕ ਦੋਸਤ ਨੂੰ ਬੈੰਕ ਵਿੱਚ ਜੋਇਨ ਕਰਵਾਉਣ ਗਿਆ। ਮਿਸਟਰ ਸੁੰਡਾ ਨਾਮ ਬੈੰਕ ਮੈਨੇਜਰ ਨੇ ਸਵਾ ਦਸ ਵਜੇ ਮੇਰੇ ਦੋਸਤ ਨੂੰ ਜੋਇਨ ਕਰਵਾਕੇ ਨਾਲ ਦੀ ਨਾਲ ਹੀ ਕੰਮ ਕਰਨ ਲਈ ਕਾਊਂਟਰ ਤੇ ਬਿਠਾ ਦਿੱਤਾ। “ਮੈਂ ਅੱਜ ਤੋਂ ਹੀ ਇਸਦੀ ਟ੍ਰੇਨਿੰਗ ਸ਼ੁਰੂ ਕਰ ਦਿੱਤੀ। ਪਹਿਲੇ ਛੇ ਮਹੀਨੇ ਕੰਮ ਕਰਕੇ ਇਹ ਸਾਰਾ ਕੁਝ ਸਿੱਖ ਜਾਵੇਗਾ ਤੇ ਸਾਰੀ ਉਮਰ ਮਾਰ ਨਹੀਂ ਖਾਵੇਗਾ। ਜੇ ਮੈਂ ਅੱਜ ਹੀ ਇਸ ਦੀਆਂ ਆਦਤਾਂ ਵਿਗਾੜ ਦਿੱਤੀਆਂ ਤਾਂ ਇਹ ਸਾਰੀ ਉਮਰ ਕੰਮ ਨਹੀਂ ਸਿੱਖ ਸਕੇਗਾ।” ਬੈੰਕ ਮੈਨੇਜਰ ਮਿਸਟਰ ਸੁੰਡਾ ਨੇ ਮੈਨੂੰ ਸਮਝਾਇਆ। ਤੇ ਮੇਰਾ ਉਹ ਦੋਸਤ ਖੁਦ ਇਕ ਸਫ਼ਲ ਬੈੰਕ ਮੈਨੇਜਰ ਬਣਿਆ ਤੇ ਹਾਲ ਹੀ ਵਿੱਚ ਰਿਟਾਇਰ ਹੋਇਆ ਹੈ। ਮੈਨੂੰ ਮਿਸਟਰ ਸੁੰਡਾ ਦੀ ਕਹੀ ਆਦਤਾਂ ਵਿਗਾੜਨ ਵਾਲੀ ਯਾਦ ਆ ਜਾਂਦੀ। ਮਤਲਬ ਕਿਸੇ ਨੂੰ ਭਾਰੀ ਛੋਟ ਦੇਕੇ ਅਸੀਂ ਅਗਲੇ ਦਾ ਭਵਿੱਖ ਖਰਾਬ ਕਰ ਦਿੰਦੇ ਹਾਂ।
ਮੈਨੂੰ ਲੱਗਿਆ ਕਿ ਡਾਕਟਰਾਂ ਘਰੇ ਕੰਮ ਕਰਦੀ ਮੋਨਿਕਾ ਕਦੇ ਵੀ ਆਪਣੇ ਆਪ ਨੂੰ ਸਹਿਜ ਮਹਿਸੂਸ ਨਹੀਂ ਕਰ ਸਕੇਗੀ। ਜਿੰਨੀ ਦੇਰ ਵੀ ਉਹ ਡਾਕਟਰਾਂ ਦੇ ਨੌਕਰੀ ਕਰੇਗੀ ਉਹ ਮਨ ਮਾਰਕੇ ਹੀ ਕਰੇਗ਼ੀ।
ਮੈਨੂੰ ਮੇਰੀ ਮੈਡਮ ਹੀ ਮੋਨਿਕਾ ਨਾਲੋਂ ਵੱਧ ਦੋਸ਼ੀ ਨਜ਼ਰ ਆਉਂਦੀ ਹੈ ਜਿਸ ਨੇ ਮੇਹਨਤੀ ਇਮਾਨਦਾਰ ਮੋਨਿਕਾ ਨੂੰ ਵੱਧ ਛੋਟਾਂ ਦੇ ਕੇ ਉਸ ਦੀਆਂ ਆਦਤਾਂ ਵਿਗਾੜ ਦਿੱਤੀਆਂ।
#ਰਮੇਸਸੇਠੀਬਾਦਲ
ਸਾਬਕਾ ਸੁਪਰਡੈਂਟ