ਓਦੋ ਅਸੀਂ ਬੋਸਕੀ ਦੇ ਫੱਟੇਦਾਰ ਪਜਾਮੇ ਪਾਉਂਦੇ ਹੁੰਦੇ ਸੀ ਤੇ ਕਦੇ ਕਦੇ ਘਰਦੇ ਕੁੜਤਾ ਪਜਾਮਾ ਇੱਕੋ ਜਿਹੇ ਰੰਗ ਦਾ ਬਨਵਾ ਦਿੰਦੇ। ਯਾਨੀ ਸੂਟ ਬਣਾ ਦਿੰਦੇ। ਤੇ ਸਾਡੀ ਦੂਜਿਆਂ ਨਾਲੋ ਟੋਹਰ ਵਖਰੀ ਹੁੰਦੀ ਸੀ। ਬੋਸਕੀ ਦੇ ਪਜਾਮੇ ਦੀ ਮੋਹਰੀ ਵੱਡੀ ਹੁੰਦੀ ਸੀ ਪਰ ਕੁੜਤਾ ਪਜਾਮਾ ਬਣਾਉਂਦੇ ਸਮੇ ਦਰਜਿਆਨੀ ਕੋਲੋ ਪਜਾਮੇ ਦੀ ਮੋਹਰੀ ਥੋੜੀ ਜਿਹੀ ਘੱਟ ਰਖਵਾ ਲੈਂਦੇ। ਉਸ ਸਮੇ ਪੈੰਟ ਦੀ ਮੋਹਰੀ ਨੂੰ ਮੋੜਨ ਦਾ ਰਿਵਾਜ਼ ਸੀ। ਬਸ ਥਲੋਂ ਇੱਕ ਇੰਚੀ ਪੋਂਚੇ ਮੋੜਦੇ ਸਨ। ਤੇ ਅਸੀਂ ਪਜਾਮੇ ਤੋ ਪੈੰਟ ਦੀ ਫੀਲਿੰਗ ਲੈਣ ਲਈ ਪਜਾਮੇ ਦਾ ਪੋਂਚਾ ਮੋੜ ਲੈਂਦੇ। ਫਿਰ ਸੁੱਖ ਨਾਲ ਇੱਕ ਅੱਧੀ ਪੈੰਟ ਵੀ ਨਸੀਬ ਹੋਗੀ ਪਰ ਜਮਾਨਾ ਬੈਲਬੋਟਮ ਦਾ ਆ ਚੁਕਾ ਸੀ। ਮੁੰਡੇ ਫੈਸ਼ਨ ਚ ਅੰਨੇ ਸਨ। ਓਹ ਨਵੀ ਪੈੰਟ ਦੇ ਪੋਂਚੇ ਚ ਹੋਰ ਕਪੜੇ ਦੀ ਤੇ ਹੋਰ ਰੰਗ ਤਿਰਛੀ ਟਾਕੀ ਪਵਾਉਣ ਲੱਗ ਪਏ। ਤੇ ਓਹਨਾ ਦਾ ਇਹ ਕੜ੍ਹਾ ਸਾਡੇ ਵੀ ਲੋਟ ਆ ਗਿਆ। ਅਸੀਂ ਪੁਰਾਨੀ ਪੈੰਟ ਵਿਚ ਹੋਰ ਕਪੜੇ ਦੀ ਟਾਕੀ ਪੂਆ ਕੇ ਉਸਨੁ ਬੈੱਲਬੋਟਮ ਦਾ ਰੂਪ ਦੇਣ ਲੱਗ ਪਏ। ਸਾਡੀਆਂ ਪੁਰਾਣੀਆਂ ਪੈਂਟਾਂ ਦੀ ਵੀ ਕਦਰ ਪੈ ਗਈ। ਪਰ ਪਾਪਾ ਜੀ ਇਹਨਾ ਕੁੱਤ ਪਨਿਆਂ ਦੇ ਖਿਲਾਫ਼ ਸਨ। ਇੱਕ ਓਦੋ ਸੰਜੇ ਗਾਂਧੀ ਸਟਾਇਲ ਚ ਵੱਡੀਆਂ ਵੱਡਿਆਂ ਕਲਮਾਂ ਰੱਖਣ ਦਾ ਰਿਵਾਜ਼ ਬਣ ਗਿਆ। ਤੇ ਵਾਲ ਯਾਨੀ ਜੁਲਫਾਂ ਵੀ ਖਾਸੀਆਂ ਵੱਡੀਆਂ। ਚਲੋ ਕਟਿੰਗ ਦਾ ਖਰਚਾ ਘਟਿਆ । ਪਰ ਪਾਪਾ ਜੀ ਬੰਗਾਲੀ ਕਟਿੰਗ ਤੇ ਹੀ ਜੋਰ ਦਿੰਦੇ। ਅਸੀਂ ਅੰਗਰੇਜ਼ੀ ਹਜਾਮਤ ਕਰਵਾ ਕੇ ਗਾਰਡਨ ਗਾਰਡਨ ਹੋ ਜਾਂਦੇ। ਲੋਕੀ ਵੱਡੇ ਵੱਡੇ ਕਾਲਰਾਂ ਵਾਲੀਆਂ ਸ਼ਰਟਾਂ ਪਾਉਂਦੇ। ਇਹਨਾਂ ਨੂੰ ਕੁੱਤਾ ਕਾਲਰ ਕਹਿੰਦੇ ਸਨ। ਰੀਸ ਕਰਨ ਨੂੰ ਜੀ ਕਰਦਾ ਪਰ ਗਾਲਾਂ ਤੋ ਸਿਵਾਏ ਕੁਝ ਨਾ ਮਿਲਦਾ। ਵਸ ਲਗਦਾ ਮਾੜਾ ਮੋਟਾ ਫੈਸ਼ਨ ਕਰਕੇ ਯਾ ਰੀਸ ਕਰਕੇ ਅਸੀਂ ਪਿੰਡ ਦੇ ਮੁੰਡਿਆਂ ਚ ਆਪਣੀ ਟੋਹਰ ਕਾਇਮ ਰੱਖਣ ਦੀ ਕੋਸ਼ਿਸ਼ ਕਰਦੇ। ਫੈਸ਼ਨ ਦੀ ਬਿਮਾਰੀ ਪਿੰਡਾਂ ਵਿੱਚ ਘੱਟ ਸੀ। ਅਖਬਾਰਾਂ ਤੇ ਰੇਡੀਓ ਤੋਂ ਬਿਨਾਂ ਖਬਰਾਂ ਦਾ ਕੋਈ ਸਾਧਨ ਨਹੀਂ ਸੀ ਹੁੰਦਾ। ਸ਼ਹਿਰੀ ਫੈਸ਼ਨ ਪਿੰਡਾਂ ਤੱਕ ਨਹੀਂ ਸੀ ਪਹੁੰਚਿਆ। ਪਰ ਅੱਜ ਫੈਸ਼ਨ ਦੇ ਪ੍ਰਚਾਰ ਦੀ ਗਤੀ ਬਹੁਤ ਤੇਜ਼ ਹੈ। ਨੈੱਟ ਨੇ ਹੁਣ ਪਿੰਡਾਂ ਸ਼ਹਿਰਾਂ ਦਾ ਫਰਕ ਖਤਮ ਕਰ ਦਿੱਤਾ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ