ਦੂਜੀ ਵਾਰ ਦੀ ਗੱਲ ਇੱਕ ਕੁੱਤੇ ਨੂੰ ਮਾਸ ਦਾ ਟੁਕੜਾ ਲੱਭ ਗਿਆ। ਜਦੋਂ ਉਹ ਮਾਸ ਦਾ ਟੁਕੜਾ ਮੂੰਹ ਵਿੱਚ ਲੈ ਕੇ ਬਿਨਾਂ ਕੰਧ ਵਾਲੇ ਰੋਡੇ ਪੁਲ ਉੱਤੋਂ ਦੀ ਲੰਘਿਆ ਤਾਂ ਉਸਨੂੰ ਪਾਣੀ ਵਿੱਚ ਇੱਕ ਪਰਛਾਈ ਦਿਖਾਈ ਦਿੱਤੀ। ਕੁੱਤੇ ਨੇ ਸੋਚਿਆ ਕਿ ਕਿਉਂ ਨਾ ਪਾਣੀ ਵਿਚਲੇ ਕੁੱਤੇ ਨੂੰ ਡਰਾ ਕੇ ਓਹਤੋਂ ਮਾਸ ਦਾ ਟੁਕੜਾ ਖੋਹ ਲਿਆ ਜਾਵੇ।ਕੁੱਤਾ ਅਜੇ ਭੌਂਕਣ ਲਈ ਮੂੰਹ ਖੋਲਣ ਹੀ ਲੱਗਿਆ ਸੀ ਕਿ ਦੂਰੋਂ ਖੜੀ ਦੇਖ ਰਹੀ ਲੂੰਮੜੀ ਨੇ ਉੱਚੀ ਦੇਣੇ ਆਵਾਜ਼ ਮਾਰ ਦਿੱਤੀ।ਵੀਰ ਜੀ, ਓਹ ਵੀਰ ਜੀ! ਤੇਰੇ ਦਾਦੇ ਵਾਲੀ ਕਹਾਣੀ ਯਾਦ ਕਰ ਕਿਵੇਂ ਓਹਨੇ ਭੌਂਕ ਕੇ ਆਪਣੇ ਵਾਲਾ ਮਾਸ ਦਾ ਟੁਕੜਾ ਵੀ ਗਵਾ ਲਿਆ ਸੀ।ਬਾਅਦ ਚ ਦੰਦਾਂ ਤੇ ਦੰਦ ਧਰ ਕੇ ਬੈਠਣਾ ਪਿਆ ਸੀ।ਪਰ ਮੇਰੇ ਕੋਲ ਇੱਕ ਤਰਕੀਬ ਹੈ।ਇਹ ਟੁਕੜਾ ਤੂੰ ਮੇਰੇ ਕੋਲ ਰੱਖ ਜਾਹ। ਚੁੱਪ ਚੁਪੀਤੇ ਛਾਲ ਮਾਰ ਕੇ ਪਾਣੀ ਆਲੇ ਕੁੱਤੇ ਤੋਂ ਮਾਸ ਦਾ ਟੁਕੜਾ ਖੋਹ ਲਿਆ।ਬਾਅਦ ਚ ਆਪਾਂ ਦੋਵੇਂ ਇਕੱਠੇ ਬੈਠ ਕੇ ਆਰਾਮ ਨਾਲ ਖਾਵਾਂਗੇ। ਕੁੱਤੇ ਨੇ ਲੂੰਮੜੀ ਦੀ ਚੱਕ ਆ ਕੇ ਚੁੱਪ ਚੁਪੀਤੇ ਪਾਣੀ ਚ ਛਾਲ ਮਾਰੀ।ਦਸ ਪੰਦਰਾਂ ਮਿੰਟ ਪਾਣੀ ਚ ਕੁੱਤੇਖਾਣੀ ਕਰਾਉਣ ਤੋਂ ਬਾਅਦ ਜਦੋਂ ਹਫ਼ਦਾ ਹਫ਼ਦਾ ਬਾਹਰ ਨਿੱਕਲਿਆ ,ਠੰਢ ਨਾਲ ਕੰਬਦਾ ਲੂੰਮੜੀ ਕੋਲ ਜਾਣ ਲੱਗਿਆ ਤਾਂ ਦੇਖਿਆ ਕਿ ਲੂੰਮੜੀ ਦੀਦੀ ਓਥੋਂ ਨੌਂ ਦੋ ਗਿਆਰਾਂ ਹੋ ਚੁੱਕੀ ਸੀ।ਕੁੱਤਾ ਢਿੱਲੇ ਜੇ ਬੁੱਲ੍ਹ ਕਰ ਕੇ ਚਿੱਚੜਾਂ ਆਲੇ ਭਿੱਜੇ ਕੰਨਾਂ ਤੇ ਪਾਂਚੇ ਮਾਰ ਮਾਰ ਕਹਿ ਰਿਹਾ ਸੀ ਕਿ ਕੁੱਤਾ ਹੋਊ ਜਿਹੜਾ ਅੱਗੇ ਤੋਂ ਕਿਸੇ ਦੀ ਗੱਲ ਤੇ ਯਕੀਨ ਕਰੂ।
ਜਸਵਿੰਦਰ ਰਾਏ ਭੱਠਲ
੧੯ ਅਕਤੂਬਰ ੨੦੨੨
ਹਾ ਹਾ ਇੱਕ ਵਾਰ ਫਿਰ ਧੋਖਾ