ਨਫਰਤ | nafrat

ਅਮ੍ਰਿਤਸਰ ਸ਼ਹਿਰ..
ਬੱਸ ਅੱਡੇ ਕੋਲ ਪੈਂਦਾ ਮੁਹੱਲਾ ਸ਼ਰੀਫ ਪੂਰਾ..!
ਓਥੇ ਜਾਣਾ ਤਾਂ ਦੂਰ ਦੀ ਗੱਲ ਮੈਨੂੰ ਉਸ ਮੁੱਹਲੇ ਦਾ ਨਾਮ ਸੁਣਨਾ ਤੱਕ ਵੀ ਪਸੰਦ ਨਹੀਂ ਸੀ..!
ਕਦੀ ਲੋੜ ਪੈ ਜਾਂਦੀ ਤਾਂ ਨੌਕਰ ਨੂੰ ਭੇਜ ਦਿਆ ਕਰਦਾ..!

ਕਈ ਵਾਰ ਅੱਧੀ ਰਾਤ ਜਾਗ ਖੁੱਲ ਜਾਂਦੀ ਤਾਂ ਸੋਚਦਾ ਕਾਸ਼ ਉਹ ਮਰ ਹੀ ਜਾਂਦੀ..ਕੋਈ ਇੰਝ ਥੋੜੀ ਕਰਦਾ ਆਪਣੇ ਬਾਪ ਨਾਲ..ਜੋ ਬਾਪ ਹੋਣ ਦੇ ਨਾਲ ਨਾਲ ਮਾਂ ਬਣ ਕੇ ਵੀ ਵਿਚਰਿਆ ਹੋਵੇ..!

ਅਜੇ ਵੀ ਯਾਦ ਏ ਜਦੋਂ ਉਹ ਨਿੱਕੀ ਜਿਹੀ ਨੂੰ ਛੱਡ ਕੇ ਤੁਰ ਗਈ ਸੀ ਤਾਂ ਰਿਸ਼ਤੇਦਾਰਾਂ ਵੱਲੋਂ ਦੂਜੇ ਵਿਆਹ ਲਈ ਕਿੰਨਾ ਜ਼ੋਰ ਪਿਆ ਪਰ ਉਸ ਨਿੱਕੀ ਜਿਹੀ ਵੱਲ ਵੇਖ ਮੈਥੋਂ ਹਰ ਵਾਰ ਨਾਂਹ ਨਿੱਕਲ ਜਾਂਦੀ..ਅਤੇ ਮੁੜ ਇਹ ਨਾਂਹ ਅਖੀਰ ਤੱਕ ਕਾਇਮ ਰਹੀ!

ਫੇਰ ਉਸ ਦਿਨ ਇੱਕ ਬਿਜਲੀ ਡਿੱਗੀ ਜਦੋਂ ਪਤਾ ਲੱਗਾ ਕੇ ਉਸਨੇ ਚੁੱਪ ਚੁਪੀਤੇ ਗੁਰੂ ਘਰ ਫੇਰੇ ਲੈ ਲਏ ਨੇ..!

ਸਾਕ ਬਰਾਦਰੀ ਰਿਸ਼ਤੇਦਾਰੀ ਆਂਢ ਗਵਾਂਢ ਜਾਣਕਾਰ..ਸਭ ਦੇ ਸਾਮਣੇ ਕੱਖੋਂ ਹੌਲਾ ਪਾ ਗਈ ਸੀ..ਨਾਲਦੀ ਦੀ ਫੋਟੋ ਅੱਗੇ ਖਲੋ ਕੇ ਕਿੰਨੇ ਦਿਨ ਰੋਂਦਾ ਰਿਹਾ..!

ਫੇਰ ਸਹੁੰ ਖਾਦੀ..ਸਾਰੀ ਉਮਰ ਸ਼ਕਲ ਨਹੀਂ ਵੇਖਣੀ..ਭਾਵੇਂ ਜੋ ਮਰਜੀ ਹੋ ਜਾਵੇ..ਕੋਈ ਵਾਹ ਵਾਸਤਾ ਵੀ ਨਹੀਂ ਰੱਖਣਾ..!

ਜਿੰਦਗੀ ਆਪਣੀ ਰਫਤਾਰ ਨਾਲ ਤੁਰੀ ਗਈ..ਕਈ ਵਾਰ ਚੇਤਾ ਆ ਜਾਂਦਾ ਤਾਂ ਧਿਆਨ ਦੂਜੇ ਪਾਸੇ ਪਾ ਲਿਆ ਕਰਦਾ..!

ਕਿਸੇ ਧੀ ਧਿਆਣੀ ਦੇ ਵਿਆਹ ਤੇ ਜਾਂਦਾ ਤਾਂ ਡੋਲੀ ਤੁਰਨ ਵਾਲੇ ਮੰਜਰ ਤੋਂ ਪਹਿਲਾਂ ਹੀ ਓਥੋਂ ਨਿੱਕਲ ਆਇਆ ਕਰਦਾ..!

ਅਖੀਰ ਜਦੋਂ ਅਤੀਤ ਦੇ ਕਾਲੇ ਪਰਛਾਵੇਂ ਵਜੂਦ ਤੇ ਅਸਰ ਕਰਨੋਂ ਨਾ ਹਟੇ ਤਾਂ ਇਕ ਦਿਨ ਆਪਣਾ ਸ਼ਹਿਰ ਵੀ ਬਦਲ ਲਿਆ..!

ਇੱਕ ਵਾਰ ਜੀਰਕਪੁਰ ਗਈ ਇੱਕ ਬਰਾਤ ਵਿਚ ਸ਼ਾਮਲ ਹੋਣ ਦਾ ਮੌਕਾ ਮਿਲਿਆ..!
ਲਾਵਾਂ ਫੇਰਿਆਂ ਮਗਰੋਂ ਇੱਕ ਪਾਸੇ ਬੈਠੇ ਹੋਏ ਦਾ ਧਿਆਨ ਅਚਾਨਕ ਕੋਲ ਖੇਡਦੇ ਨਿਆਣਿਆਂ ਦੇ ਇੱਕ ਝੁੰਡ ਵੱਲ ਚਲਾ ਗਿਆ..ਆਪਣੇ ਧਿਆਨ ਨਿੱਕੀਆਂ ਨਿੱਕੀਆਂ ਖੇਡਾਂ ਖੇਡਦਿਆਂ ਹੋਇਆ ਨੂੰ ਵੇਖ ਆਪਣੇ ਵਾਲੇ ਦੋਹਾਂ ਦਾ ਬਚਪਨ ਚੇਤੇ ਆ ਗਿਆ..!

ਫੇਰ ਕੌੜੀਆਂ ਯਾਦਾਂ ਦੇ ਬੱਦਲ ਘਟਾ ਬਣ ਕੇ ਫੇਰ ਜ਼ਿਹਨ ਤੇ ਛਾ ਜਾਣ ਲੱਗੇ ਤਾਂ ਸੋਚਿਆ ਕੇ ਓਥੋਂ ਉੱਠ ਕਿਸੇ ਹੋਰ ਪਾਸੇ ਨੂੰ ਹੋ ਜਾਵਾਂ..!

ਤੁਰਨ ਹੀ ਲੱਗਾ ਸਾਂ ਕੇ ਅਚਾਨਕ ਜੂਸ ਦਾ ਗਿਲਾਸ ਫੜੀ ਨਿੱਕਾ ਜਿਹਾ ਬੱਚਾ ਮੇਰੇ ਵਿਚ ਆਣ ਵੱਜਾ..!
ਸਾਰਾ ਕੁਝ ਡੁੱਲ ਗਿਆ ਤੇ ਉਸਦੇ ਸਾਰੇ ਕੱਪੜੇ ਖਰਾਬ ਹੋ ਗਏ ਤੇ ਉਹ ਰੋਣ ਲੱਗ ਪਿਆ..ਮੇਰੇ ਵੱਲ ਵੇਖ ਏਨੀ ਗੱਲ ਹੀ ਆਖੀ ਜਾ ਰਿਹਾ ਸੀ ਕੇ ਹੁਣ ਮੇਰੀ ਮੰਮੀ ਗੁੱਸੇ ਹੋਊ..!

ਮੈਂ ਉਸ ਨੂੰ ਚੁੱਕ ਲਿਆ..ਅਥਰੂ ਪੂੰਝੇ..ਕੱਪੜੇ ਸਾਫ ਕੀਤੇ ਤੇ ਮੁੜ ਆਖਿਆ ਫਿਕਰ ਨਾ ਕਰ..ਮੈਨੂੰ ਆਪਣੀ ਮੰਮੀ ਕੋਲ ਲੈ ਜਾ..ਮੈਂ ਆਪੇ ਦੱਸ ਦੂ ਕੇ ਤੂੰ ਕੁਝ ਨਹੀਂ ਕੀਤਾ ਸਗੋਂ ਮੈਂ ਹੀ ਤੇਰੇ ਵਿਚ ਵੱਜਾ ਸਾਂ..ਤੇਰੀ ਮੰਮੀ ਤੈਨੂੰ ਕੁਝ ਨੀ ਆਖੇਗੀ..!

ਏਨੀ ਗੱਲ ਸੁਣ ਬੇਫਿਕਰ ਜਿਹਾ ਹੋ ਗਿਆ ਤੇ ਆਪਣੀਆਂ ਦੋਵੇਂ ਬਾਹਵਾਂ ਮੇਰੇ ਗਲ਼ ਦਵਾਲੇ ਪਾ ਆਪਣਾ ਸਿਰ ਮੇਰੇ ਮੋਢੇ ਤੇ ਰੱਖ ਲਿਆ..!
ਅਜੇ ਅਸੀ ਕਿਸੇ ਤੀਜੇ ਦੀ ਤਲਾਸ਼ ਸ਼ੁਰੂ ਹੀ ਕੀਤੀ ਸੀ ਪਿੱਛਿਓਂ ਕਿਸੇ ਨੇ ਉਸਨੂੰ ਧੂ ਕੇ ਮੇਰੇ ਕੁੱਛੜੋਂ ਲਾਹ ਲਿਆ..!

ਮੈਂ ਮੁੜ ਕੇ ਵੇਖਿਆ ਤਾਂ ਸੁੰਨ ਜਿਹਾ ਹੋ ਗਿਆ..ਕਿਸੇ ਵੇਲੇ ਮੇਰੇ ਜਿਗਰ ਦਾ ਟੋਟਾ ਰਿਹਾ ਇੱਕ ਵਜੂਦ ਅੱਜ ਆਪਣੇ ਜਿਗਰ ਦੇ ਟੋਟੇ ਨੂੰ ਆਪਣੀ ਬੁੱਕਲ ਵਿਚ ਲੈ ਕੇ ਲਾਡ ਪਿਆਰ ਕਰ ਰਿਹਾ ਸੀ..!

ਫੇਰ ਅਗਲੇ ਹੀ ਪਲ ਨਜਰਾਂ ਮਿਲੀਆਂ..ਕੁਝ ਚਿਰ ਲਈ ਇੰਝ ਲੱਗਾ ਜਿੱਦਾਂ ਸਮਾਂ ਰੁਕ ਗਿਆ ਹੋਵੇ..ਨਾ ਉਸ ਤੋਂ ਕੋਈ ਗੱਲ ਹੋਈ ਤੇ ਨਾ ਮੈਥੋਂ ਹੀ ਕੁਝ ਆਖਿਆ ਗਿਆ..!

ਫੇਰ ਅਗਲੇ ਹੀ ਪਲ ਉਸਨੇ “ਪਾਪਾ ਤੁਸੀ” ਆਖ ਚੁੱਪ ਦੀ ਛਾਤੀ ਵਿੰਨ ਦਿੱਤੀ ਤੇ ਛੇਤੀ ਨਾਲ ਮੇਰੇ ਸੀਨੇ ਨਾਲ ਇੰਝ ਲੱਗ ਗਈ ਜਿੱਦਾਂ ਕਿੰਨੇ ਵਰ੍ਹਿਆਂ ਤੋਂ ਡਾਰੋਂ ਵਿੱਛੜੀ ਇੱਕ ਕੂੰਝ ਆਪਣਿਆਂ ਵਿਚ ਆਣ ਰਲੀ ਹੋਵੇ..!

ਮੇਰੇ ਜ਼ਿਹਨ ਵਿਚ ਕਿੰਨੇ ਚਿਰ ਤੋਂ ਪ੍ਰਵਾਨ ਚੜ੍ਹਦੀ ਗੁੱਸੇ ਅਤੇ ਪਛਤਾਵੇ ਦੀ ਅੱਗ ਪੋਹ ਮਾਘ ਦੇ ਸਿਆਲਾਂ ਵਾਲੀ ਠੰਡੀ ਧੁੰਦ ਬਣ ਅੱਖੀਆਂ ਵਿਚ ਫੈਲ ਗਈ ਤੇ ਮੈਨੂੰ ਬਿੰਦ ਕੂ ਲਈ ਦਿਸਣੋਂ ਹਟ ਗਿਆ..!

ਆਪਣੀ ਮਾਂ ਦੀ ਕੁੱਛੜ ਚੜਿਆ ਨਿੱਕਾ ਜਿਹਾ ਉਹ ਸਾਮਣੇ ਵਾਪਰਦੇ ਘਟਨਾ ਕਰਮ ਤੋਂ ਹੈਰਾਨ ਹੋਇਆ ਬੱਸ ਏਨੀ ਗੱਲ ਪੁੱਛੀ ਜਾ ਰਿਹਾ ਸੀ..”ਮੰਮਾ ਇਹ ਕੌਣ ਨੇ..”?

ਤੇ ਨੈਪਕਿਨ ਨਾਲ ਨੱਕ ਪੂੰਝਦੀ ਕੋਲੋਂ ਹਰ ਵਾਰ ਬੱਸ ਏਨਾ ਹੀ ਆਖ ਹੂੰਦਾ..”ਪੁੱਤ ਇਹ ਤੇਰਾ ਓਹੀ ਗਵਾਚਿਆ ਹੋਇਆ ਨਾਨਾ ਜੀ ਏ..ਜਿਹੜਾ ਜਦੋਂ ਵੀ ਚੇਤੇ ਆਉਂਦਾ ਤਾਂ ਤੈਨੂੰ ਜੱਫੀ ਪਾ ਰੱਜ ਕੇ ਰੋ ਲਿਆ ਕਰਦੀ ਸਾਂ”

ਦੂਰ ਆਸਮਾਨ ਵਿਚ ਸੁਵੇਰ ਤੋਂ ਹੀ ਕਾਲੇ ਸਿਆਹ ਬੱਦਲਾਂ ਨਾਲ ਲੁਕਣਮੀਚੀ ਖੇਡਦੇ ਹੋਏ ਸੂਰਜ ਦੀ ਲਾਲੀ ਹੁਣ ਢਲਦੇ ਵੇਲੇ ਆਪਣੇ ਪੂਰੇ ਜੋਵਨ ਤੇ ਆ ਗਈ ਸੀ..ਤੇ ਵਰ੍ਹਿਆਂ ਤੋਂ ਮੇਰੀ ਰੂਹ ਤੇ ਪਿਆ ਇੱਕ ਵਾਧੂ ਜਿਹਾ ਭਾਰ ਇੱਕ ਝਟਕੇ ਨਾਲ ਹੀ ਅਹੁ ਗਿਆ-ਅਹੁ ਗਿਆ ਹੋ ਗਿਆ!

ਦੋਸਤੋ ਇਸ ਸੱਚੀ ਕਹਾਣੀ ਨੂੰ ਤੁਹਾਡੇ ਨਾਲ ਸਾਂਝਿਆਂ ਕਰਨ ਦਾ ਮਕਸਦ ਸਿਰਫ ਤੇ ਸਿਰਫ ਏਨੀ ਗੱਲ ਦੱਸਣਾ ਏ ਕੇ ਹਯਾਤੀ ਦੇ ਇੱਕ ਨਿੱਕੇ ਜਿਹੇ ਪਲ ਵਿਚ ਇਨਸਾਨ ਦੀ ਪੂਰੀ ਜਿੰਦਗੀ ਬਦਲਣ ਦੀ ਸਮ੍ਰਥਾ ਹੁੰਦੀ ਏ..ਅਤੇ ਘੂਕ ਸੁੱਤੀ ਆਂਦਰਾਂ ਦੀ ਮਿੱਠੀ ਨਿੱਘੀ ਸਾਂਝ ਜਦੋਂ ਕਦੀ ਆਪਣਾ ਪਾਸਾ ਪਰਤਦੀ ਏ ਤਾਂ ਮਨ ਹੀ ਮਨ ਉਸਾਰ ਲਈਆਂ ਨਫਰਤ ਦੀਆਂ ਕਿੰਨੀਆਂ ਸਾਰੀਆਂ ਕੰਧਾਂ ਨੂੰ ਵੀ ਫਨਾਹ ਹੁੰਦਿਆਂ ਘੜੀ ਨਹੀਂ ਲੱਗਦੀ..!

ਹਰਪ੍ਰੀਤ ਸਿੰਘ ਜਵੰਦਾ

Leave a Reply

Your email address will not be published. Required fields are marked *