ਨਸੀਬ ਕੌਰ ਉਮਰ ਸੱਤਰ ਸਾਲ..ਦੋ ਪੁੱਤ ਚੁਰਾਸੀ ਮਗਰੋਂ ਵਗੀ ਹਨੇਰੀ ਵਿਚ ਕੁਰਬਾਨ ਹੋ ਗਏ..ਘਰਵਾਲੇ ਨੂੰ ਵੀ ਗੁਜਰਿਆਂ ਪੂਰੇ ਦਸ ਸਾਲ ਹੋ ਗਏ ਸਨ..!
ਜਾਇਦਾਤ ਸਰਮਾਏ ਦੇ ਨਾਮ ਤੇ ਕੋਲ ਬਚੀ ਸੀ ਕੱਪੜੇ ਸਿਉਣ ਵਾਲੀ ਪੂਰਾਣੀ ਜਿਹੀ ਮਸ਼ੀਨ..!
ਸਾਰਾ ਦਿਨ ਕੱਪੜੇ ਸਿਊਂਦੀ ਰਹਿੰਦੀ..ਵਾਰੀ ਵੱਟੇ ਵਿਚ ਕੋਈ ਚੌਲ..ਕੋਈ ਸ਼ੱਕਰ ਤੇ ਕੋਈ ਆਟੇ ਦੀ ਨਿੱਕੀ ਬੋਰੀ ਦੇ ਜਾਂਦਾ..ਕਦੇ ਕਿਸੇ ਅੱਗੇ ਹੱਥ ਨਹੀਂ ਅੱਡਿਆ..!
ਰੋਜ ਸੁਵੇਰੇ ਬਾਹਰ ਗਲੀ ਵੱਲ ਮਸ਼ੀਨ ਰੱਖ ਲੈਂਦੀ..ਸਾਰੀ ਦਿਹਾੜੀ ਨਿੱਕੇ ਨਿੱਕੇ ਜੁਆਕਾਂ ਦਾ ਮੇਲਾ ਲਗਿਆ ਰਹਿੰਦਾ..ਕਿਸੇ ਦੀ ਸ਼ਰਾਰਤ ਦਾ ਵੀ ਕਦੀ ਗੁੱਸਾ ਨਾ ਕਰਦੀ..ਜੁਆਕ ਆਪੋ ਵਿਚ ਲੜ ਪੈਂਦੇ ਤਾਂ ਛੁਡਵਾ ਦਿਆ ਕਰਦੀ..!
ਇੱਕ ਵਾਰ ਪਿੰਡ ਦੀ ਪੰਚਾਇਤ ਨੂੰ ਕੁੜੀਆਂ ਦੇ ਸਕੂਲ ਦੀ ਇਮਾਰਤ ਲਈ ਗ੍ਰਾੰਟ ਆਈ..ਪਰ ਸ਼ਰਤ ਮੁਤਾਬਿਕ ਅੱਧੀ ਉਗਰਾਹੀ ਪਿੰਡ ਵਿਚੋਂ ਕਰਨੀ ਜਰੂਰੀ ਸੀ..!
ਉਗਰਾਹੀ ਕਰਦੀ ਢਾਣੀ ਨਸੀਬ ਕੌਰ ਕੋਲੋਂ ਦੀ ਲੰਘੀ ਤਾਂ ਉਸਤੋਂ ਕੋਈ ਪੈਸੇ ਨਾ ਮੰਗੇ..ਸਗੋਂ ਸਰਪੰਚ ਆਖਣ ਲੱਗਾ “ਅਗਲੀ ਵਾਰ ਪੰਚਾਇਤ ਅਫਸਰ ਕੋਲ ਜਾਊ ਤਾਂ ਤੇਰੀ ਪੈਨਸ਼ਨ ਦੀ ਗੱਲ ਜਰੂਰ ਕਰੂੰ..”!
ਏਨੀ ਗੱਲ ਸੁਣ ਲੋਹੀ ਲਾਖੀ ਹੋ ਗਈ..”ਅਖ਼ੇ ਸਰਪੰਚਾ ਜਿੰਨੀ ਦੇਰ ਇਹ ਹੱਡ-ਪੈਰ ਚੱਲਦੇ ਨੇ ਮੈਨੂੰ ਨਹੀਂ ਲੋੜ ਕਿਸੇ ਪੈਨਸ਼ਨ ਦੀ..ਨਾਲੇ ਮੈਥੋਂ ਕਿਓਂ ਨਹੀਂ ਮੰਗੀ ਤੂੰ ਗਰਾਹੀ ਅੱਜ..ਏਨੀ ਗਈ ਗੁਜਰੀ ਸਮਝ ਲਿਆ ਈ..ਏਨੀ ਗੱਲ ਨਾ ਭੁੱਲੀਂ ਦੋ ਸ਼ਹੀਦ ਪੁੱਤਾਂ ਦੀ ਮਾਂ ਹਾਂ”
“ਬੱਸ ਮਾਤਾ ਤੇਰੀ ਹਾਲਤ ਦੇਖ ਮੰਗਣ ਦਾ ਹੀਆ ਨਹੀਂ ਪਿਆ..ਊਂ ਤੇਰੇ ਨਾਲ ਵੈਰ ਥੋੜਾ ਕੋਈ”
ਅੱਛਾ ਹਾਅ ਗੱਲ ਏ…ਖਲੋ ਜਰਾ ਫੇਰ ਇਥੇ ਇੱਕ ਮਿੰਟ..ਮੈਂ ਹੁਣੇ ਆਈ”
ਗੋਡਿਆਂ ਤੇ ਹੱਥ ਰੱਖ ਉਠੀ..ਅੰਦਰ ਗਈ ਤੇ ਪੋਟਲੀ ਵਿਚ ਬੱਜੇ ਸੌ ਸੌ ਦੇ ਪੰਜ ਨੋਟ ਲਿਆ ਸਰਪੰਚ ਨੂੰ ਫੜਾਉਂਦੀ ਹੋਈ ਆਖਣ ਲੱਗੀ..”ਹਜੂਰ ਸਾਬ ਚੜਾਉਣ ਲਈ ਸਾਂਭ ਕੇ ਰੱਖੇ ਸਨ ਕਦੇ ਦੇ..ਓਥੇ ਫੇਰ ਦੇਖੀ ਜਾਊ..ਪਰ ਆਹ ਕੰਮ ਜਰੂਰੀ ਏ”
ਚਾਰੇ ਪਾਸੇ ਚੁੱਪੀ ਛਾ ਗਈ ਤੇ ਕਈਆਂ ਦੇ ਹੱਥ ਆਪਣੇ ਆਪ ਹੀ ਜੁੜ ਗਏ..ਸ਼ਾਇਦ ਓਥੇ ਖੜੇ ਖਲੋਤੇ ਹੀ ਸਾਰਿਆਂ ਨੂੰ ਪੰਜਾਂ ਤਖਤਾਂ ਦੇ ਦਰਸ਼ਨ ਹੋ ਗਏ ਸਨ!
ਹਰਪ੍ਰੀਤ ਸਿੰਘ ਜਵੰਦਾ