ਤਿੱਖੀ ਧੁੱਪ..ਚੱਕਰ ਆਇਆ..ਲੱਗਾ ਹੁਣੇ ਹੀ ਡਿੱਗ ਜਾਵਾਂਗਾ..ਪਾਸੇ ਜਿਹੇ ਹੋ ਬੈਠ ਗਿਆ..ਪਾਣੀ ਦੀ ਬੋਤਲ ਕੱਢੀ..ਗਟਾ-ਗਟ ਅੱਧੀ ਮੁਕਾ ਦਿੱਤੀ..!
ਫੇਰ ਕੋਲੋਂ ਲੰਘਦੇ ਰਿਕਸ਼ੇ ਨੂੰ ਹੱਥ ਦਿੱਤਾ..ਆਖਿਆ ਛਤਰੀ ਵੀ ਤਾਂਣ ਦੇਵੇ..ਵੀਹ ਲੱਖ ਦੀ ਗੱਡੀ ਵਾਲਾ ਅੱਜ ਰਿਕਸ਼ੇ ਵਿਚ..ਕੋਈ ਵੇਖੂ ਤਾਂ ਕੀ ਆਖੂ..ਏਜੰਸੀ ਵਾਲਿਆਂ ਤੇ ਵੀ ਗੁੱਸਾ ਆ ਰਿਹਾ ਸੀ..ਸਿਰਫ ਦੋ ਕਿਸ਼ਤਾਂ ਟੁੱਟਣ ਤੇ ਭਲਾ ਕੋਈ ਇੰਝ ਗੱਡੀ ਕਿੱਦਾਂ ਲੈ ਕੇ ਜਾ ਸਕਦਾ..!
ਕੋਲੋਂ ਤੁਰੇ ਜਾਂਦੇ ਲੋਕ ਮੇਰਾ ਮਜਾਕ ਉਡਾਉਂਦੇ ਲੱਗੇ..ਮੈਂ ਪੈਡਲ ਮਾਰ ਗਾਉਂਦੇ ਜਾਂਦੇ ਨੂੰ ਪੈ ਨਿੱਕਲਿਆ..”ਓਏ ਬੰਦ ਕਰ ਮਾਣਕ..ਇਥੇ ਮਾਏ ਜਿੰਦਗੀ ਦੀ ਵਾਟ ਲੱਗੀ ਪਈ ਤੇ ਤੈਨੂੰ ਗੀਤ ਅਹੁੜ ਰਹੇ ਨੇ”
ਬ੍ਰੇਕ ਮਾਰ ਲਈ..ਆਖਣ ਲੱਗਾ ਇਹ ਮੇਰਾ ਰਿਕਸ਼..ਮੇਰੀ ਮਰਜੀ ਗਾਵਾਂ ਜਾਂ ਚੁੱਪ ਰਹਾਂ..ਜੇ ਚੰਗਾ ਨਹੀਂ ਲੱਗਦਾ ਤਾਂ ਇਸੇ ਵੇਲੇ ਉੱਤਰ ਜਾ..ਬੇਸ਼ੱਕ ਪੈਸੇ ਵੀ ਨਾ ਦੇਵੀਂ!
ਮੇਰਾ ਮੱਥਾ ਠਣਕਿਆ..ਜੇ ਮੈਨੂੰ ਇਥੇ ਲਾਹ ਦਿੱਤਾ ਤਾਂ ਇਸ ਵੇਲੇ ਤਾਂ ਕੁਝ ਨੀ ਮਿਲਣਾ..ਕਿਸੇ ਇਸ ਹਾਲਤ ਵਿਚ ਵੇਖ ਲਿਆ ਤਮਾਸ਼ਾ ਵੱਖ ਬਣੂੰ..ਮੈਂ ਚੁੱਪ ਕਰ ਗਿਆ..ਉਸਨੇ ਇੱਕ ਵਾਰ ਫੇਰ ਤੋਂ ਗਾਉਣਾ ਸ਼ੁਰੂ ਕਰ ਦਿੱਤਾ..”ਸਾਰੀ ਉਮਰ ਗਵਾ ਲਈ ਤੂੰ..ਜਿੰਦੜੀਏ ਕੁਝ ਨਾ ਜਹਾਨ ਵਿਚੋਂ ਖੱਟਿਆ”!
ਫੇਰ ਸਵਾਲ ਕਰ ਦਿੱਤਾ..ਸਰਦਾਰ ਜੀ ਥੋਡਾ ਨਾਮ ਕੀ ਏ..?
ਆਖਿਆ ਸੰਤੋਖ ਸਿੰਘ..!
ਉਹ ਉੱਚੀ ਉੱਚੀ ਹੱਸ ਪਿਆ ਅਖ਼ੇ ਮਾਪਿਆਂ ਗਲਤ ਨਾਮ ਰੱਖ ਦਿੱਤਾ ਤੁਹਾਡਾ..ਏਨਾ ਗੁੱਸਾ..ਏਨੀ ਬੇਸਬਰੀ..ਸਬਰ ਸੰਤੋਖ ਤੇ ਨਿਮਰਤਾ ਬੜੀਆਂ ਵੱਡੀਆਂ ਚੀਜਾਂ ਹੁੰਦੀਆਂ..ਸਰਦਾਰ ਜੀ ਬਾਣੀ ਪੜਿਆ ਕਰੋ..ਫੇਰ ਵੇਖਿਓ ਜਿਹੋ ਜਿਹਾ ਨਾਮ ਓਹੀ ਜਿਹੀ ਸੀਰਤ ਬਣ ਜਾਊ..!
ਮੈਂ ਚੁੱਪ ਰਿਹਾ ਪਰ ਇਸ ਮਗਰੋਂ ਮੈਨੂੰ ਓਸਤੇ ਗੁੱਸਾ ਆਉਣਾ ਬੰਦ ਹੋ ਗਿਆ..!
ਉਸਨੂੰ ਪੁੱਛਿਆ ਤੇਰਾ ਟੱਬਰ..?
ਆਖਣ ਲੱਗਾ ਛੇ ਮਹੀਨੇ ਪਹਿਲੋਂ ਨਾਲਦੀ ਤੇ ਦੋ ਸਾਲ ਦਾ ਪੁੱਤ..ਸੁੱਤੇ ਪਿਆਂ ਤੇ ਕੋਠਾ ਆਣ ਪਿਆ..ਦੋਵੇਂ ਥਾਏਂ ਮੁੱਕ ਗਏ..ਬੱਸ ਸੱਤ ਮਹੀਨੇ ਦੀ ਆਹ ਧੀ ਬਚੀ ਏ..ਨਾਲ ਹੀ ਮਗਰ ਲਮਕਾਏ ਪੰਘੂੜੇ ਵਿਚ ਸੁੱਤੀ ਹੋਈ ਵੱਲ ਇਸ਼ਾਰਾ ਕਰ ਦਿੱਤਾ..ਬੜੀ ਕਰਮਾ ਵਾਲੀ ਏ..ਕਦੀ ਰੋਂਦੀ ਨਹੀਂ..ਬੱਸ ਜਦੋਂ ਭੁੱਖ ਲੱਗਦੀ ਤੇ ਹੱਥ ਪੈਰ ਮਾਰਨ ਲੱਗਦੀ ਏ..!
ਮੈਂ ਮਗਰ ਭਓਂ ਕੇ ਵੇਖਿਆ..ਉਹ ਵਾਕਿਆ ਹੀ ਬੜੇ ਆਰਾਮ ਨਾਲ ਸੁੱਤੀ ਪਈ ਸੀ..!
ਆਖਿਆ ਇਸਨੂੰ ਘਰੇ ਕਿਓਂ ਨੀ ਛੱਡ ਕੇ ਆਉਂਦਾ?
ਆਖਣ ਲੱਗਾ ਸਰਦਾਰ ਜੀ ਸਮਾਂ ਬੜਾ ਭੈੜਾ ਆ ਗਿਆ..ਗਲੀ-ਗਲੀ ਮਾਸ ਨੋਚਦੇ ਅਵਾਰਾ ਭੇੜੀਏ ਤੁਰੇ ਫਿਰਦੇ..ਛੇਆਂ-ਛੇਆਂ ਮਹੀਨਿਆਂ ਦੀਆਂ ਨੂੰ ਵੀ ਨਹੀਂ ਬਖਸ਼ਦੇ..ਸੋ ਕਦੇ ਵਸਾਹ ਨਹੀਂ ਖਾਦਾ..!
ਫਿਰ ਕਿੰਨੇ ਚਿਰ ਤੱਕ ਗੱਲਾਂ ਕਰੀ ਗਿਆ..ਏਨੇ ਨੂੰ ਮੋੜ ਆ ਗਿਆ ਤੇ ਰਿਕਸ਼ਾ ਰੋਕ ਦਿੱਤਾ..ਮੇਰੇ ਦਿੱਤੇ ਸੌ ਦੇ ਨੋਟ ਵਿਚੋਂ ਪੰਝੀ ਰੁਪਈਏ ਵਾਪਿਸ ਮੋੜਨ ਲੱਗਾ ਤਾਂ ਆਖਿਆ ਰੱਖ ਲੈ ਯਾਰ..ਏਨੀਆਂ ਸੋਹਣੀਆਂ ਗੱਲਾਂ ਕੀਤੀਆਂ..ਦਿਲ ਨੂੰ ਢਾਰਸ ਜਿਹੀ ਬੱਝ ਗਈ!
ਆਖਣ ਲੱਗਾ ਜੀ ਗੁਰੂ ਰਾਮਦਾਸ ਦੀ ਨਗਰੀ ਵਿਚ ਕੀਤੀ ਮੇਹਨਤ ਤੋਂ ਵੱਧ ਦੇ ਪੈਸੇ ਹਜਮ ਕਰਨੇ ਬੜੇ ਔਖੇ..ਰੱਖ ਲਵੋ!
ਬਕਾਇਆ ਜੇਬ ਵਿਚ ਪਾਉਂਦੇ ਹੋਏ ਦਾ ਮੇਰਾ ਧਿਆਨ ਅਜੇ ਵੀ ਉਸਦੇ ਗਾਣੇ ਵੱਲ ਸੀ..”ਦੁਨੀਆਂ ਕਰਦੀ ਮਾਇਆ-ਮਾਇਆ..ਮਾਇਆ ਹੈ ਦੋ ਪਲ ਦੀ ਛਾਇਆ..ਹੋਸ਼ ਭੁਲਾ ਲਈ ਤੂੰ ਜਿੰਦੜੀਏ..ਕੁਝ ਨਾ ਜਹਾਨ ਵਿਚੋਂ ਖੱਟਿਆ..”
ਇੰਝ ਲੱਗਾ ਜਿੱਦਾਂ ਲਗਪਗ ਪੂਰੀ ਤਰਾਂ ਮੁੱਕ ਗਏ ਨੂੰ ਕੋਈ ਜਿੰਦਗੀ ਜਿਊਣ ਦਾ ਇੱਕ ਟੋਟਕਾ ਦੇ ਗਿਆ ਹੋਵੇ..ਭਾਵੇਂ ਉਸਦੀ ਸਾਰੀ ਦੁਨੀਆ ਹੀ ਮੁੱਕ ਗਈ ਸੀ ਤਾਂ ਵੀ ਏਨੀ ਚੜ੍ਹਦੀ ਕਲਾ..ਇਹ ਭਲਾ ਕਿੱਦਾਂ ਸੰਭਵ..ਏਨਾ ਨੁਕਸਾਨ ਕਰਵਾ ਕੇ ਵੀ ਏਡਾ ਉੱਚਾ ਮਨੋਬਲ?
ਇਸ ਹਿਸਾਬ ਨਾਲ ਤੇ ਫੇਰ ਮੇਰਾ ਸਭ ਕੁਝ ਹੀ ਬਾਕੀ ਏ..ਸਹੀ ਸਲਾਮਤ ਏ..ਕੁਝ ਵੀ ਨਹੀਂ ਗਵਾਚਿਆ..ਸਵਾਏ ਮੁੱਲ ਵਿਕਦੇ ਕੁਝ ਕੂ ਦੁਨਿਆਵੀ ਖਿਡੌਣਿਆਂ ਤੋਂ..!
ਏਨੇ ਨੂੰ ਉਹ ਭਾਵੇਂ ਅੱਖੋਂ ਓਹਲੇ ਹੋ ਗਿਆ ਸੀ ਪਰ ਉਸਦੇ ਆਖੇ ਬੋਲ ਅਜੇ ਵੀ ਕੰਨਾਂ ਵਿਚ ਧਮਾਲ ਪਾ ਰਹੇ ਸਨ..”ਸਰਦਾਰ ਜੀ ਇਸ ਨਿੱਕੀ ਧੀ ਦੀ ਜੁੰਮੇਵਾਰੀ ਹੁਣ ਮੈਨੂੰ ਕਦੀ ਹੇਠਾਂ ਨਹੀਂ ਡਿੱਗਣ ਦਿੰਦੀ..”!
ਹਰਪ੍ਰੀਤ ਸਿੰਘ ਜਵੰਦਾ