ਤੇਰਾਵਾਸ ਵਿੱਚ ਜਾਕੇ ਪਿਤਾ ਜੀ ਕੁਰਸੀ ਤੇ ਵਿਰਾਜਮਾਨ ਗਏ। ਬਾਬੂ ਇੰਦਰਸੈਣ ਨੂੰ ਕਹਿਣ ਲੱਗੇ।ਕਿ ਭਾਈ ਤੁਸੀ ਸਾਰੇ ਸਾਡੇ ਕੋਲ ਆਏ ਸੀ ਕਿ ਪਿਤਾ ਜੀ ਸੇਠੀ ਸਾਹਿਬ ਨੂੰ ਬੁਲਾ ਲਵੋ। ਤੇ ਤੁਸੀਂ ਹੀ ਇਸ ਦੀ ਛੁੱਟੀ ਕਰ ਦਿੱਤੀ। ਪਿਤਾ ਜੀ ਨੇ ਇੱਕ ਇੱਕ ਕਰਕੇ ਬਾਬੂ ਜੀ, ਮੋਹਨ ਲਾਲ ਜੀ, ਬਾਈ ਅਵਤਾਰ ਜੀ, ਧਰਮ ਸਿੰਘ ਨੂੰ ਪੁੱਛਿਆ। ਫਿਰ ਪਿਤਾ ਜੀ ਨੇ ਬਾਬੂ ਜੀ ਨਾਲ ਮੇਰੇ ਪਾਪਾ ਜੀ ਦੀ ਜੱਫੀ ਵੀ ਪੁਵਾਈ ਤੇ ਮੈਨੂੰ ਸੇਵਾ ਤੇ ਆਉਣ ਦਾ ਹੁਕਮ ਕੀਤਾ। “ਭਾਈ ਹੁਣ ਇਹ ਬਾਹਰ ਜਾਕੇ ਤੁਹਾਡੇ ਨਾਲ ਗੁੱਸੇ ਵੀ ਹੋਣਗੇ ਕਿ ਸਾਡੀ ਸ਼ਿਕਾਇਤ ਕਿਓਂ ਲਗਾਈ।” ਪਿਤਾ ਜੀ ਨੇ ਫਰਮਾਇਆ। “ਪਿਤਾ ਜੀ ਅੱਜ ਤੁਹਾਡਾ ਕੀਮਤੀ ਸਮਾਂ ਖ਼ਰਾਬ ਕੀਤਾ।” ਰੋਂਦੇ ਹੋਏ ਨੇ ਕਿਹਾ। “ਨਹੀਂ ਬੇਟਾ ਅਸੀਂ ਤਾਂ ਵਹਿਲੇ ਹੀ ਹਾਂ। ਫਕੀਰਾਂ ਨੇ ਕੀ ਕਰਨਾ ਹੁੰਦਾ।” ਪਿਤਾ ਜੀ ਨੇ ਆਪਣੀ ਦਰਿਆਦਿਲੀ ਦਿਖਾਉਂਦੇ ਹੋਏ ਫਰਮਾਇਆ। ਮੈਨੂੰ ਆਪਣੇ ਆਪ ਨੂੰ ਸ਼ਰਮ ਜਿਹੀ ਆਈ ਕਿ ਕੁਲ ਮਾਲਿਕ ਜੀ ਨੇ ਸੱਚ ਲਈ ਕਿੰਨਾ ਜਬਰਦਸਤ ਸਟੈਂਡ ਲਿਆ ਹੈ ਮੇਰੇ ਵਰਗੀ ਨਾਚੀਜ ਲਈ। ਪਿਤਾ ਜੀ ਨੇ ਬਹੁਤ ਖੁਸ਼ੀਆਂ ਦਿੱਤੀਆਂ। ਤੇਰਾਵਾਸ ਤੋਂ ਬਾਹਰ ਆਕੇ ਵੀ ਮੇਰਾ ਰੋਣਾ ਬੰਦ ਨਾ ਹੋਇਆ। ਫਿਰ ਅਸੀਂ 49 ਨੰਬਰ ਕਮਰੇ ਕੋਲ ਦੀ ਹੁੰਦੇ ਹੋਏ ਪਾਰਕਿੰਗ ਵਿੱਚ ਖੜੀ ਆਪਣੀ ਗੱਡੀ ਕੋਲ ਆ ਗਏ। ਰਾਂਝਾ ਬਾਈ ਨਾਮਕ ਸਾਧੂ ਸਾਡੇ ਕੋਲ ਆਇਆ ਤੇ ਕਿਹਾ ਕਿ “ਤੁਹਾਨੂੰ ਬਾਬੂ ਜੀ ਨੇ ਬੁਲਾਇਆ ਹੈ।” ਉਥੇ ਬਾਬੂ ਜੀ ਨੇ ਸਾਨੂੰ ਬਰਫੀ ਨਾਲ ਚਾਹ ਪਿਲਾਈ। ਬਾਬੂ ਜੀ ਖੁਦ ਪਲੇਟ ਸਾਡੇ ਮੂਹਰੇ ਕਰ ਰਹੇ ਸਨ।
“ਇਹ ਤੁਹਾਨੂੰ ਉਂਜ ਹੀ ਬਰਫੀ ਨਹੀਂ ਖੁਆ ਰਹੇ। ਅੰਦਰੋਂ ਪਤੰਦਰ ਦਾ ਇੰਟਰਕਾਮ ਆਇਆ ਹੈ।” ਮੇਰੇ ਨੇੜੇ ਬੈਠੇ ਸਾਧੂ ਬਾਈ ਗੋਭੀ ਰਾਮ ਨੇ ਦੱਸਿਆ। ਇਸ ਤਰ੍ਹਾਂ ਨਾਲ ਮੈਂ ਫਿਰ ਸਕੂਲ ਸੇਵਾ ਤੇ ਜਾਣਾ ਸ਼ੁਰੂ ਕਰ ਦਿੱਤਾ। ਹੁਣ ਸਕੂਲ ਦੀਆਂ ਤਿਆਰੀਆਂ ਪੂਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਸਨ।
ਚੱਲਦਾ।
#ਰਮੇਸਸੇਠੀਬਾਦਲ