ਮੇਰੇ ਨਾਨਾ ਜੀ 106 ਸਾਲ ਦੀ ਉਮਰ ਭੋਗ ਕੇ ਇਸ ਸੰਸਾਰ ਚੋਂ ਰੁਖ਼ਸਤ ਹੋਏ ਸਨ। ਜਦੋ ਤੋਂ ਮੇਰੀ ਸੁਰਤ ਸੰਭਲੀ ਹੈ ਮੈਂ ਉਹਨਾਂ ਨੂੰ ਬਜ਼ੁਰਗ ਹੀ ਵੇਖਿਆ। ਚਿੱਟਾ ਧੋਤੀ ਕੁੜਤਾ।ਸਿਰ ਤੇ ਚਿੱਟੀ ਲੜ੍ਹ ਛੱਡੇ ਵਾਲੀ ਪੱਗ ਤੇ ਮੋਢੇ ਤੇ ਹਲਕਾ ਗੁਲਾਬੀ ਪਰਨਾ। ਚਿੱਟੀਆਂ ਮੁੱਛਾਂ ਦਾਹੜੀ ਸ਼ੇਵ ਕੀਤੀ ਹੋਈ। ਸਾਰੀ ਜਿੰਦਗੀ ਤਕਰੀਬਨ ਵਿਹਲੀਆਂ ਹੀ ਖਾਧੀਆਂ। ਜਮੀਨ ਚੰਗੀ ਸੀ। ਕੰਮ ਕਰਨ ਦੀ ਆਦਤ ਨਹੀਂ ਸੀ। ਕਮਾਉਣ ਅਤੇ ਬਹੁਤਾ ਚੰਗਾ ਖਾਣ ਦੀ ਇੱਛਾ ਵੀ ਨਹੀਂ ਸੀ। ਸ਼ਾਇਦ ਇਸੇ ਨੂੰ ਸਬਰ ਸੰਤੋਖ ਕਹਿੰਦੇ ਹਨ। ਓਹਨੀ ਦਿਨੀਂ ਉਹ ਮੇਰੇ ਛੋਟੇ ਮਾਮਾ ਜੀ ਨਾਲ ਜਸਵੰਤ ਸਿਨੇਮੇ ਦੇ ਪਿੱਛੇ ਕਿਸੇ ਕਿਰਾਏ ਦੇ ਮਕਾਨ ਵਿਚ ਰਹਿੰਦੇ ਸਨ। ਘਰ ਵਿੱਚ ਹੀ ਛੋਟੀ ਜੀ ਹੱਟੀ ਪਾਈ ਹੋਈ ਸੀ। ਬਸ ਆਹਰੇ ਲੱਗੇ ਰਹਿੰਦੇ ਸਨ ਪਿਓ ਪੁੱਤ।
ਇੱਕ ਦਿਨ ਮੈਂ ਵੇਖਿਆ ਨਾਨਾ ਜੀ ਚਾਹ ਦੀ ਬਾਟੀ ਭਰ ਕੇ ਨਾਲ ਬਿਸਕੁਟ ਡਬੋਕੇ ਖਾਣ ਦੀ ਕੋਸ਼ਿਸ਼ ਕਰ ਰਹੇ ਸਨ। ਪਰ ਜਦੋ ਉਹ ਲਗਭਗ ਅੱਧਾ ਭਿੱਜਿਆ ਬਿਸਕੁਟ ਮੂੰਹ ਤੱਕ ਲਿਜਾਣ ਦੀ ਕੋਸ਼ਿਸ਼ ਕਰਦੇ ਬਿਸਕੁਟ ਗਿੱਲਾ ਹੋਣ ਕਰਕੇ ਚਾਹ ਦੀ ਬਾਟੀ ਵਿੱਚ ਹੀ ਡਿੱਗ ਪੈਂਦਾ। ਇਸੇ ਕੋਸ਼ਿਸ਼ ਦੇ ਚੱਕਰ ਵਿਚ ਉਹ ਚਾਰ ਪੰਜ ਬਿਸਕੁਟ ਚਾਹ ਵਿਚ ਹੀ ਡੇਗ ਚੁੱਕੇ ਸਨ। ਉਹਨਾਂ ਨੇ ਹਾਰ ਨਹੀਂ ਮੰਨੀ। ਆਖਿਰ ਉਹ ਪੰਜਵਾਂ ਯ ਛੇਵੇਂ ਬਿਸਕੁਟ ਦਾ ਅੱਧਾ ਹਿੱਸਾ ਖਾਣ ਵਿੱਚ ਕਾਮਜਾਬ ਹੋ ਗਏ। ਫਿਰ ਉਹ ਚਾਹ ਨਾਲ ਭਰੀ ਹੋਈ ਬਾਟੀ ਵਿੱਚ ਓਹੀ ਡਿੱਗੇ ਹੋਏ ਬਿਸਕੁਟ ਘੋਲ ਕੇ ਪੀ ਗਏ। ਮੈਨੂੰ ਬੜਾ ਹੋਰੋਂ ਹੋਰੋਂ ਜਿਹੇ ਲੱਗਿਆ।
ਪਰ ਅੱਜ ਦੁੱਧ ਨਾਲ ਬਿਸਕੁਟ ਖਾਂਦੇ ਵਕਤ ਇਹੀ ਹਾਦਸਾ ਮੇਰੇ ਨਾਲ ਵਾਪਰਿਆ। ਬਿਸਕੁਟਾਂ ਨਾਲ ਘੁਲਿਆ ਦੁੱਧ ਵਾਹਵਾ ਸਵਾਦ ਲਗਿਆ।
ਪਰ ਕਈ ਪੜ੍ਹੇ ਲਿਖੇ ਲੋਕ ਬਿਸਕੁਟ ਚਾਹ ਵਿੱਚ ਡਬੋ ਕੇ ਖਾਣ ਨੂੰ ਅਸਭਿਅਕ ਮੰਨਦੇ ਹਨ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ