#ਕੌਫ਼ੀ_ਵਿਦ_ਗੁਰਵਿੰਦਰ_ਪੰਨੂ।
ਅਹਿਮਦਪੁਰ ਦਾਰੇਵਾਲਾ ਵਰਗੇ ਪਿਛੜੇ ਇਲਾਕੇ ਦਾ ਜੰਮਪਲ ਸ੍ਰੀ ਗੁਰਵਿੰਦਰ ਪੁੰਨੂੰ ਨਾਮ ਦਾ ਪੱਤਰਕਾਰ #ਤੇਜ਼_ਹਰਿਆਣਾ ਨਾਮਕ ਨਿਊਜ਼ ਚੈੱਨਲ ਚਲਾਉਂਦਾ ਹੈ। ਥੋੜੇ ਜਿਹੇ ਸਮੇ ਵਿੱਚ ਇਸ ਚੈੱਨਲ ਨੇ ਆਪਣਾ ਨਾਮ ਕਮਾ ਲਿਆ ਹੈ। ਇਹ ਇਲਾਕੇ ਦੀਆਂ ਸਟੀਕ ਖਬਰਾਂ ਅਤੇ ਪ੍ਰਮੁੱਖ ਸਮੱਸਿਆਵਾਂ ਨੂੰ ਆਪਣੇ ਚੈਨਲ ਰਾਹੀਂ ਪ੍ਰਸ਼ਾਸ਼ਨ ਤੱਕ ਪਹੁੰਚਾਉਣ ਦਾ ਕੰਮ ਕਰਦਾ ਹੈ। ਬਹੁਤੇ ਵਾਰੀ ਇਹ ਰਾਜਨੈਤਿਕ ਵਿਸ਼ਲੇਸ਼ਣ ਵੀ ਕਰਦਾ ਹੈ ਜੋ ਪੂਰਨ ਰੂਪ ਵਿੱਚ ਤੱਥਾਂ ਤੇ ਅਧਾਰਿਤ ਹੁੰਦੇ ਹਨ। ਚਾਹੇ ਕੋਈ ਕਲਮ ਦਾ ਸਿਪਾਹੀ ਹੈ ਚਾਹੇ ਇਲੈਕਟ੍ਰੋਨਿਕ ਮੀਡੀਆ ਕਰਮੀ ਹੈ ਆਮ ਕਰਕੇ ਇਸ ਖੇਤਰ ਵਿੱਚ ਕਦਮ ਰੱਖਦੇ ਹੀ ਉਸ ਤੇ ਦਾਗ ਲਗਣੇ ਸ਼ੁਰੂ ਹੋ ਜਾਂਦੇ ਹਨ। ਬਹੁਤੇ ਪੱਤਰਕਾਰ ਇਸ ਗੰਦੀ ਦਲਦਲ ਵਿੱਚ ਧੱਸ ਵੀ ਜਾਂਦੇ ਹਨ। ਉਹਨਾਂ ਦਾ ਅਕਸ ਓਨਾ ਸਾਫ ਨਹੀਂ ਰਹਿੰਦਾ ਜਿੰਨਾ ਪੱਤਰਕਾਰਿਤਾ ਦੇ ਪੇਸ਼ੇ ਅਨੁਸਾਰ ਸਾਫ ਰਹਿਣਾ ਲਾਜ਼ਮੀ ਹੁੰਦਾ ਹੈ। ਪਰ ਸਾਫ ਤੇ ਬੇਦਾਗ ਚਿਹਰਿਆਂ ਵਿਚੋਂ ਇੱਕ ਹੈ #ਗੁਰਵਿੰਦਰ_ਪੰਨੂੰ। ਭਾਵੇਂ ਮਜਬੂਰੀ ਵਸ ਯ ਸ਼ਿਸ਼ਟਾਚਾਰ ਦੇ ਨਾਤੇ ਅਸੀਂ ਕਿਸੇ ਲਿਬੜੇ ਪਤਰਕਾਰ ਨੂੰ ਵੀ ਲਿਬੜਿਆ ਨਹੀਂ ਕਹਿ ਸਕਦੇ। ਪਰ ਇਸ ਮਾਮਲੇ ਵਿੱਚ ਪੁੰਨੂੰ ਦਾ ਕਿਰਦਾਰ ਸ਼ੀਸ਼ੇ ਵਾਂਗੂ ਸਾਫ ਤੇ ਪਾਰਦਰਸ਼ੀ ਹੈ। ਪੁੰਨੂੰ ਸਿਰਫ ਘਰੋਂ ਮਾਇਕ ਤੇ ਮੋਬਾਈਲ ਚੁੱਕਕੇ ਮੀਡੀਆ ਪੱਤਰਕਾਰ ਨਹੀਂ ਬਣਿਆ। ਇਸ ਨੇ ਬਕਾਇਦਾ ਮਾਸ ਕਮਿਊਨੀਕੇਸ਼ਨ ਵਰਗੇ ਵਿਸ਼ੇ ਵਿੱਚ ਪੜ੍ਹਾਈ ਕੀਤੀ ਹੈ। ਸ਼ਬਦਾਂ ਦਾ ਭਾਰੀ ਖਜ਼ਾਨਾ ਹੈ ਗੁਰਵਿੰਦਰ ਕੋਲ। ਇੰਨਾ ਹੀ ਨਹੀਂ ਆਪਣੀ ਗੱਲ ਕਹਿਣ ਦਾ ਹੁਨਰ ਵੀ ਹੈ। ਗੋਦੀ ਮੀਡੀਆ ਵਾਂਗੂ ਗੁਰਵਿੰਦਰ ਨੇ ਕਦੇ ਕਿਸੇ ਦੀ ਗੋਦੀ ਵਿਚ ਬਹਿਕੇ ਪੀਲੀ ਪੱਤਰਕਾਰਿਕਤਾ ਨਹੀਂ ਕੀਤੀ। ਭਾਵੇਂ ਅੱਜ ਦੀ ਕੌਫੀ ਦਾ ਸਬੱਬ ਅਚਾਨਕ ਹੀ ਬਣਿਆ ਸੀ। ਪਰ ਫਿਰ ਵੀ ਮੈਨੂੰ ਆਪਣਾ ਬਰੀਕ ਛਾਣਨਾ ਲਾਉਣ ਦਾ ਪੂਰਾ ਮੌਕਾ ਮਿਲਿਆ। ਜਿਵੇਂ ਥੋੜੇ ਜਿਹੇ ਸਮੇ ਵਿੱਚ ਗੁਰਵਿੰਦਰ ਨੇ ਆਪਣੇ ਖੰਭ ਖਿਲਾਰ ਲਏ ਹਨ। ਲਗਦਾ ਹੈ ਕਿ ਇਹ ਖੰਭ ਆਪਣੇ ਨਾਮ ਅਨੁਸਾਰ ਪੂਰੇ ਹਰਿਆਣੇ ਵਿੱਚ ਫੈਲ ਜਾਣਗੇ। ਸਧਾਰਨ ਗੱਲਾਂ ਰਾਹੀਂ ਮੈਂ ਅਗਲੇ ਨੂੰ ਆਪਣੇ ਚਸ਼ਮੇ ਵਿੱਚ ਦੀ ਨਿਹਾਰਦਾ ਹਾਂ। ਸਿਰਫ ਉਸਦੇ ਪੇਸ਼ੇ ਪ੍ਰਤੀ ਉਸਦੇ ਨਜ਼ਰੀਏ ਨੂੰ ਪੜਤਾਲਦਾ ਹਾਂ। ਮੈਂ ਉਸਦੇ ਧਰਮ , ਜਾਤ, ਗੋਤ, ਆਸਥਾ, ਸਮਾਜਿਕ ਤੇ ਰਾਜਨੈਤਿਕ ਨਜ਼ਰੀਏ ਵੱਲ ਬਹੁਤੀ ਡੂੰਘਾਈ ਵਿੱਚ ਨਹੀਂ ਜਾਂਦਾ। ਬਾਕੀ ਕੋਈ ਵੀ ਪੱਤਰਕਾਰ ਪੂਰੇ ਸਮਾਜ ਨੂੰ ਖ਼ਸ਼ ਨਹੀਂ ਕਰ ਸਕਦਾ। ਇਹ ਪੇਸ਼ਾ ਬਿਨਾਂ ਤਨਖਾਹ ਵਾਲਾ ਸ਼ੋਂਕ ਹੈ। ਜਿਸ ਵਿੱਚ ਜਿਆਦਾਤਰ ਘਰ ਫੂਕ ਕੇ ਤਮਾਸ਼ਾ ਵੇਖਣਾ ਪੈਂਦਾ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ