#ਜਨਮਦਿਨ_ਤੇ_ਵਿਸ਼ੇਸ਼।
ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਿਮਾ ਸਰਕਾਰੀ ਦੇ ਲਾਲਾ ਮੋਹਨ ਲਾਲ ਗਰੋਵਰ ਜੀ ਦੇ ਤਿੰਨ ਪੁੱਤਰ ਮਾਸਟਰ ਬਸੰਤ ਰਾਮ, ਮਾਸਟਰ ਜਸਵੰਤ ਰਾਏ ਤੇ ਮਾਸਟਰ ਕਸਤੂਰ ਚੰਦ ਗਰੋਵਰ ਵਿਚੋਂ ਵੱਡੇ ਸ੍ਰੀ ਬਸੰਤ ਰਾਮ ਗਰੋਵਰ ਦੇ ਘਰ 18 ਨਵੰਬਰ 1959 ਨੂੰ ਮਾਤਾ ਪੂਰਨਾ ਦੇਵੀ ਦੀ ਕੁੱਖੋਂ ਜੰਮੀ ਬੇਟੀ ਦਾ ਨਾਮ #ਸਰੋਜ_ਰਾਣੀ ਰੱਖਿਆ ਗਿਆ। ਸੰਸਕਾਰਾਂ ਚ ਬੱਝੇ ਪਰਿਵਾਰ ਨੇ ਬੇਟੀ ਨੂੰ ਅਦਬ ਦਿੰਦੇ ਹੋਏ ਉਸਦਾ ਕੋਈਂ ਨਿੱਕ ਨੇਮ ਨਹੀਂ ਰੱਖਿਆ। ਕਹਿੰਦੇ ਆਪ ਜੀ ਨੂੰ ਮਾਂ ਨੇ ਸੁੱਖਾਂ ਸੁੱਖਕੇ ਲਿਆ ਸੀ ਕਿ ਬੁਢਾਪੇ ਵਿੱਚ ਇਹ ਮੇਰੇ ਸੁੱਖ ਦੁੱਖ ਦੀ ਸਾਥੀ ਹੋਵੇਗੀ। ਸੰਸਾਰ ਦੀ ਇਹੀ ਰੀਤ ਹੈ ਕਿ ਮਾਂਵਾਂ ਧੀਆਂ ਹੀ ਇੱਕ ਦੂਜੇ ਦੇ ਦੁੱਖ ਸਮਝਦੀਆਂ ਹਨ। ਚਾਹੇ ਉਸ ਜਮਾਨੇ ਵਿੱਚ ਧੀਆਂ ਦੇ ਜਨਮ ਨੂੰ ਬੁਰਾ ਸਮਝਿਆ ਜਾਂਦਾ ਸੀ ਪਰ ਇੱਥੇ ਮਾਂ ਤੇ ਬਾਬੁਲ ਡਾਢੇ ਖੁਸ਼ ਸਨ। ਮਾਂ ਮੂੰਹਮੰਗੀ ਧੀ ਨੂੰ ਪਾਕੇ ਬਾਗੋਬਾਗ ਸੀ।
ਸਰੋਜ ਰਾਣੀ ਦੀ ਸਕੂਲੀ ਸਿੱਖਿਆ ਆਪਣੇ ਹੀ ਪਿੰਡ ਮਹਿਮਾ ਸਰਜਾ ਤੋਂ ਪੂਰੀ ਹੋਈ। ਪੜ੍ਹਾਈ ਵਿੱਚ ਹੁਸ਼ਿਆਰ ਹੋਣ ਕਰਕੇ ਆਪਜੀ ਨੇ ਸ਼ਕੂਲ ਵਿੱਚੋ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣਾ ਨਾਮ ਸਕੂਲ ਦੇ ਮੈਰਿਟ ਬੋਰਡ ਤੇ ਲਿਖਵਾਇਆ।
ਉੱਚ ਸਿੱਖਿਆ ਲਈ ਕਾਲਜ ਘਰ ਤੋਂ ਦੂਰ ਹੋਣ ਕਰਕੇ ਅਤੇ ਹੋਸਟਲਾਂ ਦੇ ਝੰਜਟਾਂ ਨੂੰ ਮੁੱਖ ਰੱਖਦੇ ਹੋਏ ਆਪਜੀ ਨੇ ਗਿਆਨੀ ਕਰਕੇ ਬੀ ਏ #ਵਾਇਆ_ਬਠਿੰਡਾ ਕੀਤੀ। ਸਿੱਖਿਆ ਖੇਤਰ ਨਾਲ ਜੁੜੇ ਇਸ ਪਰਿਵਾਰ ਨੇ ਆਪਣੇ ਸੀਮਤ ਸਾਧਨਾਂ ਦੇ ਬਾਵਜੂਦ ਆਪਜੀ ਨੂੰ ਫਰੀਦਕੋਟ ਦੇ ਸਰਕਾਰੀ ਕਾਲਜ ਤੋਂ ਜੇਬੀਟੀ ਅਤੇ ਬੀ ਐਡ ਕਰਵਾਈ। ਅਤੇ ਬੀਏ ਵਿੱਚ ਮੈਥ ਨੂੰ ਵਾਧੂ ਵਿਸ਼ੇ ਵਜੋਂ ਕਰਵਾਇਆ। ਇਸ ਤੋਂ ਬਾਅਦ ਹਰਿਆਣਾ ਦੇ ਸਿੱਖਿਆ ਵਿਭਾਗ ਵਿੱਚ ਆਪ ਜੀ ਦੀ ਨਿਯੁਕਤੀ ਬਤੋਰ ਜੇਬੀਟੀ ਅਧਿਆਪਕਾ ਨਿਰੋਲ ਮੈਰਿਟ ਦੇ ਆਧਾਰ ਤੇ ਸਰਸਾ ਜਿਲ੍ਹੇ ਦੇ ਪਿੰਡ ਅਹਿਮਦਪੁਰ ਦਾਰੇਵਾਲਾ ਹੋਈ। ਫਿਰ ਪ੍ਰੋਮੋਸ਼ਨ ਤੋਂ ਬਾਅਦ ਆਪ ਐਸਐਸ ਮਿਸਟਰੈਸ ਬਣੇ।
24 ਮਾਰਚ1985 ਨੂੰ ਆਪ ਜੀ ਦੀ ਸ਼ਾਦੀ ਮੰਡੀ ਡੱਬਵਾਲੀ ਵਿੱਚ ਕਨੂੰਨਗੋ ਲੱਗੇ ਸ੍ਰੀ ਓਮ ਪ੍ਰਕਾਸ਼ ਸੇਠੀ ਦੇ ਵੱਡੇ ਸਪੁੱਤਰ ਸ੍ਰੀ #ਰਮੇਸ਼ਸੇਠੀਬਾਦਲ ਨਾਲ ਹੋਈ। ਇਸ ਪ੍ਰਕਾਰ ਆਪ ਫਿਰ Saroj Rani Insan ਬਣ ਗਏ। ਆਪ ਜੀ ਦੀ ਕੁੱਖੋਂ ਦੋ ਸਪੁੱਤਰਾਂ ਲਵਗੀਤ ਤੇ ਨਵਗੀਤ ਨੇ ਜਨਮ ਲਿਆ। ਆਪ ਜੀ ਨੇ ਦੋਨਾਂ ਬੇਟਿਆਂ ਨੂੰ ਉੱਚ ਸਿੱਖਿਆ ਦਵਾਕੇ ਇੰਜੀਨੀਅਰ ਲਗਵਾਇਆ।
ਆਪ ਜੀ ਨੇ ਆਪਣੀ ਨੋਕਰੀ ਦੇ ਅਖੀਰਲੇ ਕਾਫੀ ਸਾਲ ਡੱਬਵਾਲੀ ਦੇ ਸਰਕਾਰੀ ਗਰਲਜ਼ ਸੀਨੀਅਰ ਸਕੈਂਡਰੀ ਸਕੂਲ ਵਿੱਚ ਗੁਜਾਰੇ। ਆਪਣਾ ਸ਼ਾਨਦਾਰ ਕੈਰੀਅਰ ਮੁਕੰਮਲ ਕਰਦੇ ਹੋਏ ਆਪ 30 ਨਵੰਬਰ 2017 ਨੂੰ ਸੇਵਾਮੁਕਤ ਹੋਏ। ਇਸੀ ਦੌਰਾਨ ਨਵੰਬਰ 2017 ਵਿੱਚ ਆਪਣੇ ਵੱਡੇ ਬੇਟੇ ਲਵਗੀਤ ਦੀ ਸ਼ਾਦੀ ਬਟਾਲਾ ਨਿਵਾਸੀ ਗਗਨਦੀਪ ਨਾਲ ਕੀਤੀ। ਸੇਵਾਮੁਕਤੀ ਤੋਂ ਬਾਅਦ ਮਾਰਚ 2019 ਵਿੱਚ ਜੰਮੀ ਆਪਣੀ ਪੋਤੀ #ਸੌਗਾਤ ਦੀ ਸੇਵਾਸੰਭਾਲ ਕਰਨ ਲਈ ਆਪਣੇ ਆਪਣਾ ਪ੍ਰਵਾਸ ਨੋਇਡਾ ਕੀਤਾ। ਫਿਰ ਜਦੋਂ ਕਰੋਨਾ ਨੇ ਦਸਤਕ ਦਿੱਤੀ ਤਾਂ ਮਾਰਚ 2020 ਆਪ ਪਰਿਵਾਰ ਸਮੇਤ ਡੱਬਵਾਲੀ ਪਰਤ ਆਏ। ਅਕਤੂਬਰ 2020 ਵਿੱਚ ਹੀ ਆਪ ਜੀ ਦੇ ਛੋਟੇ ਬੇਟੇ ਨਵਗੀਤ ਦੀ ਸ਼ਾਦੀ ਡੱਬਵਾਲੀ ਦੀ ਪ੍ਰਤਿਮਾ ਮੁਰੇਜਾ ਨਾਲ ਹੋਈ। ਜਿਸ ਤੋਂ ਦਸੰਬਰ 2022 ਵਿੱਚ ਪੋਤੀ #ਰੌਣਕ ਨੇ ਜਨਮ ਲਿਆ। ਵੱਡੇ ਬੇਟੇ ਦੇ ਪਰਿਵਾਰ ਸਮੇਤ ਆਸਟਰੇਲੀਆ ਜਾਣ ਕਰਕੇ ਆਪਜੀ ਨੇ #114ਸ਼ੀਸ਼ਮਹਿਲ ਨੂੰ ਆਪਣਾ ਸਥਾਈ ਨਿਵਾਸ ਬਣਾਇਆ ਹੈ।
ਅੱਜ ਕੱਲ੍ਹ ਆਪ ਸ਼ੂਗਰ ਬੀਪੀ ਥਾਇਆਰਾਈਡ ਤੇ ਗੋਢੇ ਗਿੱਟਿਆ ਦੇ ਦਰਦ ਨਾਲ ਜੂਝਦੇ ਹੋਏ ਪੋਤੀ ਨੂੰ ਸੰਭਾਲਣ ਲਈ ਚੌਵੀ ਘੰਟੇ ਆਪਣੀਆਂ ਸੇਵਾਵਾਂ ਦੇ ਰਹੇ ਹਨ।
ਆਪ ਜੀ ਬਾਰੇ ਇਹ ਮਸ਼ਹੂਰ ਹੈ ਕਿ ਆਪ ਬਹੁਤ ਵਧੀਆ ਮੇਜ਼ਬਾਨ ਹਨ। ਆਏ ਮਹਿਮਾਨਾਂ ਨੂੰ ਧੱਕੇ ਨਾਲ ਖਵਾਉਣ ਵਿੱਚ ਵਿਸ਼ਵਾਸ ਕਰਦੇ ਹਨ। ਆਪ ਜੀ ਨੇ ਆਪਣੀ ਮੰਮੀ ਅਤੇ ਮੰਮੀ ਜੀ ਤੋਂ ਬਹੁਤ ਵਧੀਆ ਕੁਕਿੰਗ ਸਿਖੀ। ਆਪ ਜੀ ਨੂੰ ਸਰੋਂ ਦਾ ਸਾਗ, ਬਾਜਰੀ ਦੀ ਰੋਟੀ ਤੇ ਸਬਜ਼ੀਆਂ ਬਣਾਉਣ ਵਿੱਚ ਕਾਫੀ ਮੁਹਾਰਤ ਹਾਸਿਲ ਹੈ। ਆਪ ਜੀ ਪੂੜੇ ਅਤੇ ਮਾਲ੍ਹ ਪੂੜੇ ਬਣਾਉਣ ਵਿੱਚ ਪੂਰੇ ਨਿਪੁੰਨ ਹਨ। ਚਾਹੇ ਉਮਰ ਦੇ ਲਿਹਾਜ ਨਾਲ ਦ੍ਰਿਸ਼ਟੀ ਕਮਜ਼ੋਰ ਹੈ ਪਰ ਫਿਰ ਵੀ ਜੇ ਕੋਈਂ ਸੂਈ ਵਿੱਚ ਧਾਗਾ ਪਾਕੇ ਦੇ ਦੇਵੇ ਤਾਂ ਬੱਟਨ ਲਗਾਉਣ ਟਾਂਕੇ ਲਾਉਣ ਵਿੱਚ ਮਿੰਟ ਮਾਰਦੇ ਹਨ। ਆਮ ਭਾਰਤੀ ਔਰਤਾਂ ਵਾੰਗੂ ਆਪ ਜੀ ਵੀ ਸੂਟ ਫੋਬੀਏ ਦਾ ਸ਼ਿਕਾਰ ਹਨ। ਬਾਹਰ ਜਾਣ ਵੇਲੇ ਯ ਕਿਸੇ ਦੇ ਸਮਾਰੋਹ ਬਾਰੇ ਸੁਣਕੇ “ਮੇਰੇ ਕੋਲ੍ਹ ਤਾਂ ਸੂਟ ਕੋਈਂ ਨਹੀਂ। ਯ ਮੈਂ ਕਿਹੜਾ ਸੂਟ ਪਾਵਾਂ।” ਵਰਗੇ ਕ੍ਰਾਂਤੀਕਾਰੀ ਡਾਇਲੋਗ ਉਚਾਰਦੇ ਹਨ।
ਇਸ ਤੋਂ ਇਲਾਵਾ ਆਪ ਜੀ ਨੂੰ ਪੰਜਾਬੀ ਫ਼ਿਲਮਾਂ ਦੇਖਣ ਦਾ ਸ਼ੋਂਕ ਹੈ ਪਰਿਵਾਰ ਨਾਲ ਇਹ ਹਿੰਦੀ ਦੀ ਬਜਾਇ ਪੰਜਾਬੀ ਫ਼ਿਲਮਾਂ ਨੂੰ ਪਹਿਲ ਦਿੰਦੇ ਹਨ। “ਨਿੱਕਾ ਜਿਲੇਦਾਰ’ ਆਪ ਜੀ ਦੀ ਪਸੰਜੀਦਾ ਫ਼ਿਲਮ ਹੈ। ਜਿੱਥੇ ਆਪ ਸੌਣ ਤੋਂ ਪਹਿਲਾਂ ਕੁੱਝ ਸਮਾਂ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦੇ ਹਨ ਉੱਥੇ ਇਹ ਦੇਰ ਰਾਤ ਨੂੰ ਇੱਕ ਝਾਤੀ ਸ਼ੋਸ਼ਲ ਮੀਡੀਏ ਤੇ ਜਰੂਰ ਮਾਰਦੇ ਹਨ। ਚਾਹੇ ਜਿੰਨੀ ਮਰਜ਼ੀ ਨੀਂਦ ਆਉਂਦੀ ਹੋਵੇ। ਆਪ ਜੀ ਦਾ ਗਰੀਬ ਅਮੀਰ ਪ੍ਰਤੀ ਨਜ਼ਰੀਆ ਬਹੁਤ ਵਧੀਆ ਹੈ। ਇਹ ਆਪਣੇ ਕੰਮ ਵਾਲੀਆਂ ਨੂੰ ਪੂਰਾ ਸਤਿਕਾਰ ਦਿੰਦੇ ਹਨ। ਓਹਨਾ ਨਾਲ ਬੈਠਕੇ ਚਾਹ ਪੀਂਦੇ ਦੇਖੇ ਜਾਂਦੇ ਹਨ। ਪਰ ਇੱਕ ਮਾਂ ਵਾੰਗੂ ਪਲ ਵੀ ਝਿੜਕ ਵੀ ਦਿੰਦੇ ਹਨ। ਕੌੜੀ ਗੱਲ ਆਖਣ ਤੋਂ ਗੁਰੇਜ਼ ਨਹੀਂ ਕਰਦੇ। ਆਪਣੇ ਕਰੀਬੀਆਂ ਪ੍ਰਤੀ ਵੀ ਇਹਨਾਂ ਦਾ ਇਹੀ ਰਵਈਆ ਹੈ। ਇਸਨੂੰ ਬੀਪੀ ਦਾ ਅਸਰ ਵੀ ਕਿਹਾ ਜਾ ਸਕਦਾ ਹੈ। ਇਹ ਕੌੜਾ ਵੀ ਬੋਲਦੇ ਹਨ ਤੇ ਮਿੱਠਾ ਵੀ। ਜਾਣਕਾਰ ਇਹਨਾਂ ਦੀ ਇਸ ਵਿਲੱਖਣ ਆਦਤ ਤੋਂ ਜਾਣੂ ਹਨ। ਮੈਂ ਤਾਂ ਖੈਰ ਭੁਗਤਭੋਗੀ ਹਾਂ। ਅੱਜ ਆਪ ਜੀ ਦਾ ਜਨਮ ਦਿਨ ਹੈ ਤੇ ਜਿਵੇਂ ਛੇਵੀਂ ਵਿੱਚ ਅੰਗਰੇਜ਼ੀ ਵਾਲੇ ਮਾਸਟਰ ਜੀ ਨੇ ਸਿਖਾਇਆ ਸੀ
“ਮੇ ਹੀ ਲਿਵ ਲੌਂਗ।” ਲਿਖਣਾ ਜਰੂਰੀ ਹੈ।
#ਰਮੇਸ਼ਸੇਠੀਬਾਦਲ