ਮੈਂ ਉਦੋਂ ਮਸਾਂ 9 ਕੁ ਸਾਲ ਦੀ ਹੋਣੀ ਜਦੋਂ ਦੀ ਘਟਨਾ ਤੁਹਾਡੇ ਨਾਲ ਸਾਂਝੀ ਕਰਨ ਲੱਗੀ ਹਾਂ ।
ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਮੇਰੇ ਮਾਪੇ ਮੈਨੂੰ ਮੁੰਡਾ ਬਣਾ ਕੇ ਰੱਖਦੇ ਸੀ ।ਮੇਰੇ ਵਾਲਾਂ ਦੀ ਮੁੰਡਿਆਂ ਵਾਂਗ ਕਟਿੰਗ ਕਰਵਾਈ ਹੁੰਦੀ ਸੀ ਤੇ ਪੈਂਟ ਸ਼ਰਟ ਪਾ ਛੱਡਦੇ ਸੀ।
ਮੈਨੂੰ ਕਦੇ ਮਹਿਸੂਸ ਨਹੀਂ ਹੋਇਆ ਸੀ ਕਿ ਮੈਂ ਕੁੜੀ ਹਾਂ।ਮੇਰੇ ਤਾਇਆ ਜੀ ਦੇ ਦੋਵੇਂ ਬੇਟੇ ਮੇਰੇ ਤੋਂ 9 ,10 ਸਾਲ ਵੱਡੇ ਹੋਣੇ ਪਰ ਮੇਰੀ ਕੋਸ਼ਿਸ਼ ਹੁੰਦੀ ਸੀ ਮੈਂ ਵੀ ਉਹਨਾਂ ਵਾਂਗ ਰਹਾਂ ਉਹਨਾਂ ਵਾਂਗੂੰ ਹਰ ਕੰਮ ਕਰਾਂ ।
ਸਾਡੀਆਂ ਕਾਫ਼ੀ ਮੱਝਾਂ ਹੁੰਦੀਆਂ ਸੀ ਪਿੰਡ ਦੇ ਬਾਹਰਵਾਰ ਇੱਕ ਪੱਕੀ ਨਹਿਰ ਸੀ ।ਮੇਰੇ ਤਾਇਆ ਜੀ ਦੇ ਬੇਟੇ ਰੋਜ਼ਾਨਾ ਡੰਗਰ ਚਾਰਨ ਜਾਂਦੇ ਤੇ ਫਿਰ ਨਹਿਰ ਵਿੱਚ ਨਹਾਉਣ ਚਲੇ ਜਾਂਦੇ ।ਮੈਂ ਵੀ ਉਹਨਾਂ ਦੇ ਨਾਲ ਹੀ ਹੁੰਦੀ ਪਰ ਉਹ ਹਮੇਸ਼ਾ ਮੈਨੂੰ ਨਹਿਰ ਦੇ ਬਾਹਰ ਬਿਠਾ ਕੇ ਆਪ ਸਾਰੇ ਮੁੰਡੇ ਨਹਿਰ ਵਿੱਚ ਵੜ ਜਾਂਦੇ ।
ਇੱਕ ਦਿਨ ਮੈਨੂੰ ਬਹੁਤ ਗੁੱਸਾ ਆਇਆ ਕਿ ਇਹਨਾਂ ਕੀ ਪਖੰਡ ਫੜਿਐ ਮੈਨੂੰ ਰੋਜ਼ ਬਾਹਰ ਬਿਠਾ ਦਿੰਦੇ ।ਬੈਠੇ ਬੈਠੇ ਮੈਂ ਦੇਖਿਆ ਉਹ ਤੇ ਉਹਨਾਂ ਦੇ ਦੋਸਤ ਨਹਿਰ ਦੇ ਕੰਢੇ ਤਾਸ਼ ਖੇਡਣ ਵਿੱਚ ਮਸਤ ਸਨ ।ਮੈਨੂੰ ਲੱਗਾ ਇਹ ਸੁਨਹਿਰੀ ਮੌਕਾ ਨਹਿਰ ਵਿੱਚ ਜਾਣ ਦਾ।
ਬੜੇ ਉਤਸ਼ਾਹ ਨਾਲ ਨਹਿਰ ਦੇ ਕੰਢੇ ਪਹੁੰਚੀ ।ਥੱਲੇ ਦੇਖਿਆ ਪਾਣੀ ਏਨੀ ਤੇਜ਼ ਚੱਲ ਰਿਹਾ ਸੀ ।ਡਰ ਗਈ ਸੋਚਿਆ ਅੰਦਰ ਨਹੀਂ ਜਾਣਾ ਚਲੋ ਮੂੰਹ ਹੀ ਧੋ ਲੈਂਦੀ ਠੰਢੇ ਪਾਣੀ ਨਾਲ।
ਬਸ ਫਿਰ ਕੀ ਸੀ ਇੱਕ ਪੈਰ ਅਜੇ ਥੱਲੇ ਕੀਤਾ ਹੀ ਸੀ ਕਿ ਨਹਿਰ ਪੱਕੀ ਹੋਣ ਕਾਰਨ ਪੈਰ ਤਿਲਕ ਗਿਆ ਤੇ ਮੈਂ ਧੜੱਮ ਨਹਿਰ ਵਿੱਚ ।ਬਸ ਫਿਰ ਡੁੱਬਣ ਲੱਗੀ ਗੋਤੇ ਆਉਣ ਲੱਗ ਗਏ ।ਜਿਨ੍ਹਾਂ ਮੁੰਡਿਆਂ ਦਾ ਮੇਰੇ ਵੱਲ ਧਿਆਨ ਪਿਆ ਉਹ ਰੌਲ਼ਾ ਪਾਉਣ ਲੱਗੇ ਬਈ ਕਿਸੇ ਦਾ ਮੁੰਡਾ ਡੁੱਬ ਰਿਹੈ ।ਮੇਰੇ ਵੀਰਾਂ ਦੇ ਕੰਨਾਂ ਵਿੱਚ ਵੀ ਉਹਨਾਂ ਦੀ ਅਵਾਜ਼ ਪਈ ਉਹ ਉੱਠੇ ਤਾਂ ਸਹੀ ਪਰ ਨਿਸ਼ਚਿੰਤ ਸੀ ਕਿ ਸਾਡਾ ਕਿਹੜਾ ਮੁੰਡਾ ਸਾਡੀ ਤਾਂ ਕੁੜੀ ਏ ਉਹ ਭੁੱਲ ਗਏ ਕਿ ਉਹਨਾਂ ਮੈਨੂੰ ਮੁੰਡੇ ਦਾ ਰੂਪ ਦਿੱਤਾ ਹੋਇਆ ।
ਪਰ ਜਦੋਂ ਉਹਨਾਂ ਦਾ ਧਿਆਨ ਮੇਰੇ ਕੱਪੜਿਆਂ ‘ਤੇ ਪਿਆ ਤਾਂ ਹੋਸ਼ ਉੱਡ ਗਏ ਉਹ ਰੌਲਾ ਪਾਉਣ ਲੱਗੇ ਓਹ ਭੱਜੋ ਇਹ ਤਾਂ ਸਾਡਾ ‘ਜੱਬੂਨਾਥ’ ਏ ਜੇ ਇਸਨੂੰ ਕੁੱਝ ਹੋ ਗਿਆ ਤਾਂ ਚਾਚੀ ਨੇ ਸਾਨੂੰ ਛੱਡਣਾ ਨਹੀਂ( ਮੇਰੇ ਵੀਰ ਮੈਨੂੰ ਪਿਆਰ ਨਾਲ ਜੱਬੂਨਾਥ ਕਹਿੰਦੇ ਸੀ) ਉਹਨਾਂ ਵਿਚਾਰਿਆ ਮੈਨੂੰ ਨਹਿਰ ਵਿੱਚੋਂ ਬਾਹਰ ਕੱਢ ਮੈਨੂੰ ਘੜੇ ਉੱਤੇ ਮੂਧਾ ਪਾਇਆ ਤੇ ਸਾਰਾ ਪਾਣੀ ਕੱਢਿਆ । ਜਦੋਂ ਮੈਂ ਸੁਰਤ ਸੰਭਾਲੀ ਤਾਂ ਫਿਰ ਉਹ ਮੈਨੂੰ ਚੁੱਕ ਘਰ ਲਿਆਏ । ਸਾਰੀ ਮੰਡੀਰ ਪਿੱਛੇ ਪਿੱਛੇ ।ਮੰਮੀ ਦੇਖ ਡਰ ਗਏ ਤੇ ਪੁੱਛਣ ਲੱਗੇ ਕਿ ਕੀ ਹੋਇਆ ।
ਮੇਰਾ ਵੀਰ ਬੋਲਿਆ ਕੁੱਝ ਨਹੀਂ ਚਾਚੀ ਜੀ ਅੱਜ ‘ਜੱਬੂਨਾਥ’ ਪਰਲੋਕ ਵਿੱਚੋਂ ਹੋ ਕੇ ਮੁੜਿਆ ।ਇਹ ਸੁਣ ਸਾਰੇ ਉੱਚੀ-ਉੱਚੀ ਹੱਸਣ ਲੱਗ ਗਏ। 😀😀
ਰੁਪਿੰਦਰ ਕੌਰ ਸੰਧੂ
ਅੰਮ੍ਰਿਤਸਰ ਸਾਹਿਬ।
ਹਾ ਹਾ ਹਾ ਹਾ 😂😂😂
omg so cute jabunaath