“ਆਹ ਪੜ੍ਹਿਆ ਹੈ ਤੁਸੀਂ? ਅਖੇ ਮੋਦੀ ਨੇ ਕਨੂੰਨ ਵਾਪਿਸ ਲੈ ਲਏ।” ਸਵੇਰੇ ਜਿਹੇ ਮੋਬਾਇਲ ਫਰੋਲਦੀ ਨੇ ਮੈਨੂੰ ਕਿਹਾ।
“ਲਿਖਿਆ ਤਾਂ ਹੈ। ਮੈਂ ਵੀਡੀਓ ਵੀ ਵੇਖੀ ਸੀ ਮੋਦੀ ਦੀ।” ਕੰਬਲ ਦੇ ਵਿਚੋਂ ਹੀ ਮੈਂ ਜਬਾਬ ਦਿੱਤਾ।
“ਬਹੁਤ ਵਧੀਆ ਹੋਇਆ। ਕਿਸਾਨ ਜਿੱਤ ਗਏ। ਸਭ ਦਾ ਭਵਿੱਖ ਸੁਰੱਖਿਅਤ ਹੋ ਗਿਆ। ਛੋਟੇ ਕਿਸਾਨਾਂ ਤੇ ਮਜ਼ਦੂਰਾਂ ਦਾ ਵਜੂਦ ਖਤਮ ਹੋਣੋ ਬਚ ਗਿਆ। ਪਰ …।” ਉਸਨੇ ਆਪਣੀ ਜਾਣਕਾਰੀ ਅਨੁਸਾਰ ਕਈ ਗੱਲਾਂ ਦੁਹਰਾਈਆਂ।
“ਸ਼ੁਕਰ ਮਨਾ, ਸਰਕਾਰ ਨੂੰ ਸੋਝੀ ਆਗੀ। ਦੇਰ ਆਏ ਦਰੁਸਤ ਆਏ।” ਮੈਂ ਆਪਣਾ ਪੱਖ ਰੱਖਿਆ।
“ਸਵਾਹ ਦਰੁਸਤ ਆਏ। ਜਿਹੜੇ ਛੇ ਸੱਤ ਸੌ ਵਿਚਾਰੇ ਸ਼ਹੀਦ ਹੋਗੇ। ਮਾਵਾਂ ਦੇ ਪੁੱਤ, ਭੈਣਾਂ ਦੇ ਭਰਾ, ਕਈਆਂ ਦੇ ਸੁਹਾਗ ਤੇ ਘਰ ਦੇ ਬਜ਼ੁਰਗ ਚਲੇ ਗਏ। ਉਹ ਭਰਪਾਈ ਕੌਣ ਕਰੂ?” ਉਹ ਥੋੜਾ ਗੁੱਸੇ ਵਿੱਚ ਸੀ।
“ਇਹ ਦਰੁਸਤ ਵਾਲੀ ਗੱਲ ਨਹੀਂ। ਥੁੱਕ ਕੇ ਚਟਨ ਵਾਲੀ ਗੱਲ ਹੋਗੀ। ਹੁਣ ਕਿਹੜੇ ਮੂੰਹ ਨਾਲ ਲੋਕਾਂ ਵਿੱਚ ਜਾਣਗੇ।” ਉਹ ਫਿਰ ਬੁੜਬੜਾਈ।
“ਭਲੀਏ ਮਾਨਸੇ। ਇਹਨਾਂ ਨੂੰ ਕਿਸੇ ਦੇ ਮਰਨ ਨਾਲ ਕੋਈ ਫਰਕ ਨਹੀਂ ਪੈਂਦਾ। ਇਹਨਾਂ ਨੂੰ ਸੱਤਾ ਤੱਕ ਮਤਲਬ ਹੈ। ਹਿਮਾਚਲ, ਹਰਿਆਣਾ ਦੇ ਉਪ ਚੁਣਾਵ ਨੇ ਅੱਖਾਂ ਖੋਲ੍ਹ ਦਿੱਤੀਆਂ। ਹੁਣ ਯੂਪੀ ਪੰਜਾਬ ਦਾ ਮਾੜਾ ਹਸ਼ਰ ਨਜ਼ਰ ਆਉਂਦਾ ਹੈ। ਜਹਾਜ ਡੁਬਦਾ ਲਗਦਾ ਸੀ ਤੇ ਫਿਰ ਮਰਦੀ ਨੇ ਅੱਕ ਚੱਬਿਆ ਹੈ।” ਮੈਂ ਆਪਣਾ ਗਿਆਨ ਘੋਟਿਆ।
“ਡੈਡੀ ਜੀ ਫਿਰ ਤਾਂ ਟੋਲ ਪਲਾਜ਼ੇ ਵੀ ਖੁੱਲ੍ਹਣਗੇ?” ਕੋਲ ਫਿਰਦੇ ਸਾਡੇ ਛੋਟੇ ਨੇ ਆਪਣਾ ਡਰ ਜਾਹਿਰ ਕੀਤਾ।
“ਚਲੋ ਯਾਰ ਇੱਕ ਸ਼ਾਂਤ ਮਈ ਅੰਦੋਲਨ ਦੀ ਜਿੱਤ ਹੋਈ ਹੈ। ਗਾਂਧੀ ਫਿਰ ਗੋਡਸੇ ਤੋਂ ਜਿੱਤ ਗਿਆ।
ਚੰਗਾ ਫਿਰ ਹਲਵਾ ਬਣਾਓ।” ਮੈਂ ਟੇਡਾ ਜਿਹਾ ਮੂੰਹ ਕਰਕੇ ਕਿਹਾ। ਕਿਉਂਕਿ ਇੱਥੇ ਅਗਲਾ ਅੰਦੋਲਨ ਸ਼ੁਰੂ ਹੋਣ ਦਾ ਖਤਰਾ ਸੀ ਤੇ ਮੈਨੂੰ ਕੜਾਹ ਵਾਲਾ ਪ੍ਰਸਤਾਵ ਵਾਪਿਸ ਵੀ ਲੈਣਾ ਪੈ ਸਕਦਾ ਸੀ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ