ਸੱਤਵੀ ਜਮਾਤ ਤੋਂ ਲੈਕੇ ਦਸਵੀਂ ਤੱਕ ਮੇਰੀ ਡਿਊਟੀ ਮੱਝ ਲਈ ਪੱਠੇ ਲਿਆਉਣ ਦੀ ਹੁੰਦੀ ਸੀ। ਇਸ ਲਈ ਜਵਾਰ ਤੇ ਬਰਸੀਮ ਬੀਜੀ ਜਾਂਦੀ। ਇਸ ਕੰਮ ਲਈ ਮੈਨੂੰ ਪਾਪਾ ਜੀ ਨੇ ਨਵਾਂ ਸਾਈਕਲ ਲੈਕੇ ਦਿੱਤਾ ਸੀ। ਵੈਸੇ ਮੈਂ ਤੀਜੀ ਚੌਥੀ ਜਮਾਤ ਵਿੱਚ ਪਹਿਲਾਂ ਕੈਂਚੀ ਸਿੱਖਿਆ ਤੇ ਫਿਰ ਡੰਡੇ ਸਾਈਕਲ ਚਲਾਉਣਾ ਸਿੱਖ ਲਿਆ ਸੀ। ਚੌਥੀ ਵਿੱਚ ਤਾਂ ਮੈਂ ਆਪਣੀ ਲੱਤ ਵੀ ਤੁੜਵਾ ਲਈ ਸੀ। ਸਾਈਕਲ ਤੇ ਜਵਾਰ ਵੱਢ ਕੇ ਲਿਆਉਣੀ ਔਖੀ ਹੁੰਦੀ ਸੀ ਫਿਰ ਕੁਤਰਨ ਦਾ ਵੀ ਯੱਬ ਹੁੰਦਾ ਸੀ। ਬਰਸੀਮ ਲਿਆਉਣੀ ਵੀ ਸੌਖੀ ਤੇ ਕੁਤਰਨੀ ਵੀ। ਬਰਸੀਮ ਬੀਜਣ ਵੇਲੇ ਅਸੀਂ ਵੱਟਾਂ ਤੇ ਮੂਲੀਆਂ ਜਰੂਰ ਬੀਜਦੇ। ਫਿਰ ਪੱਠੇ ਲੈਣ ਗਏ ਆਪੇ ਮੂਲੀਆਂ ਪੱਟਕੇ ਖਾਂਦੇ। ਬਹੁਤੇ ਵਾਰੀ ਪਾਣੀ ਦੀ ਬੰਦੀ ਹੋਣ ਕਰਕੇ ਮੂਲੀਆਂ ਨੂੰ ਪੱਤੇ ਨਾਲ ਸ਼ਾਫ ਕਰਕੇ ਹੱਥ ਚ ਪਾਏ ਕੜ੍ਹੇ ਨਾਲ ਛਿੱਲ ਕੇ ਖਾਂਦੇ। ਤਿੰਨ ਚਾਰ ਮੂਲੀਆਂ ਤਾਂ ਆਮ ਹੀ ਖਾ ਜਾਂਦੇ ਸੀ। ਕਈ ਤਾਂ ਵਾਰੀ ਘਰੋਂ ਨੂਨ ਵੀ ਕਾਗਜ਼ ਦੀ ਪੁੜੀ ਚ ਲ਼ੈ ਜਾਂਦੇ। ਬਰਸੀਮ ਦੀ ਟਾਹਣੀ ਦੀ ਪੀਪਨੀ ਬਹੁਤ ਸੋਹਣੀ ਵੱਜਦੀ। ਆਪਣੇ ਖੇਤ ਦੀਆਂ ਮੂਲੀਆਂ ਬਹੁਤ ਸਵਾਦ ਲੱਗਦੀਆਂ। ਇਸੇ ਤਰਾਂ ਰੋਟੀ ਖਾਣ ਵੇਲੇ ਹਰ ਕੋਈਂ ਇੱਕ ਗੰਢਾ ਮੁੱਕੀ ਮਾਰਕੇ ਭੰਨਕੇ ਖਾਂਦਾ। ਹੁਣ ਇੱਕ ਮੂਲੀ ਤੇ ਇੱਕ ਪਿਆਜ਼ ਦਾ ਸਲਾਦ ਕੱਟਕੇ ਸਾਰਾ ਟੱਬਰ ਰੋਟੀ ਨਾਲ ਖਾਂਦੇ ਹਾਂ। ਹਾਂ ਉਹਨਾਂ ਵੇਲਿਆਂ ਵਿੱਚ ਟਮਾਟਰ ਸਬਜ਼ੀ ਨਹੀਂ ਇੱਕ ਫਲ ਹੁੰਦਾ ਸੀ ਜੋ ਅਸੀਂ ਅੱਧੀ ਛੁੱਟੀ ਵੇਲੇ ਬਾਬੇ ਭਾਨੇ ਯ ਤਾਏ ਬਲਬੀਰੇ ਤੋਂ ਪੰਜੀ ਦਾ ਲੈਕੇ ਖਾਂਦੇ। ਇਹੀ ਸਾਡਾ ਮਨਪਸੰਦ ਫਲ ਹੁੰਦਾ ਸੀ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ