6ਮਾਰਚ,2023 ਸੋਮਵਾਰ ਦਾ ਦਿਨ ਸੀ। ਲੂੰਬੜੀ ਖਾਣੇ ਦੀ ਤਲਾਸ਼ ਵਿੱਚ ਏਧਰ ਓਧਰ ਭਟਕ ਰਹੀ ਸੀ।ਲੂੰਬੜੀ ਦਾ ਢਿੱਡ ਭੁੱਖ ਕਾਰਨ ਢੂਹੀ ਨਾਲ ਲੱਗਿਆ ਪਿਆ ਸੀ।ਲੂੰਬੜੀ ਨੂੰ ਬਨੇਰੇ ਤੇ ਬੈਠਾ ਇੱਕ ਕਾਂ ਦਿਖਾਈ ਦਿੱਤਾ ਜੀਹਦੇ ਮੂੰਹ ਵਿੱਚ ਰੋਟੀ ਦਾ ਟੁਕੜਾ ਸੀ।ਲੂੰਬੜੀ ਨੂੰ ਆਪਣੀ ਦਾਦੀ ਵਾਲੀ ਕਹਾਣੀ ਚੇਤੇ ਆ ਗਈ।ਲੂੰਬੜੀ ਨੇ ਕਾਂ ਨੂੰ ਕਿਹਾ ਓਹ ਵੀਰ ਜੀ,ਕਾਲੂ ਵੀਰ ਜੀ ਤੇਰੀ ਆਵਾਜ਼ ਬਹੁਤ ਸੁਰੀਲੀ ਹੈ। ਮੈਂ ਤੇਰੇ ਕੋਲੋਂ ਇੱਕ ਗੀਤ ਸੁਣਨਾ ਚਾਹੁੰਦੀ ਹਾਂ।ਕਾਂ ਨੇ ਸਿਰ ਜਾਂ ਝਣਕਿਆ ਓਹਦੇ ਯਾਦ ਆ ਗਿਆ ਕਿ ਕਿਵੇਂ ਇਹਦੀ ਦਾਦੀ ਨੇ ਮੇਰੇ ਦਾਦਾ ਜੀ ਦੀ ਖੁਸ਼ਾਮਦ ਕਰਕੇ ਓਹਦੇ ਮੂੰਹ ਚੋਂ ਰੋਟੀ ਦਾ ਟੁਕੜਾ ਸੁਟਵਾ ਲਿਆ ਸੀ ਤੇ ਬਿਨਾਂ ਗਾਣਾ ਸੁਣੇ ਤੁਰ ਗਈ ਸੀ ਮੇਰਾ ਦਾਦਾ ਚੁੰਝ ਮਲ਼ਦਾ ਰਹਿ ਗਿਆ ਸੀ। ਕਾਂ ਨੇ ਖੱਬੇ ਪਾਂਚੇ ਨਾਲ ਸੱਜੇ ਫੰਗ ਹੇਠੋਂ ਟੱਚ ਮੋਬਾਈਲ ਕੱਢਿਆ ਤੇ ਬਨੇਰੇ ਉੱਪਰ ਰੱਖ ਨਹੁੰਦਰ ਨਾਲ ਕੁਝ ਲਿਖ ਕੇ ਲੂੰਬੜੀ ਨੂੰ ਵੱਟਸਐਪ ਤੇ ਭੇਜ ਦਿੱਤਾ।ਲੂੰਬੜੀ ਦੇ ਮੋਬਾਇਲ ਤੇ ਟੂੰ ਦੀ ਆਵਾਜ਼ ਆਈ।ਲੂੰਬੜੀ ਨੇ ਗਲ ਚ ਟੰਗੇ ਪਰਸ ਚੋਂ ਫੋਨ ਕੱਢਿਆ ਤੇ ਮੈਸੇਜ ਪੜਿਆ। ਕਾਂ ਨੇ ਲਿਖਿਆ ਹੋਇਆ ਸੀ ਕਿ ਲੂੰਬੜੀ ਦੀਦੀ ਮੈਂ ਆਪਣੇ ਗੀਤ ਦੀ ਵੀਡੀਓ ਤੇ ਆਡੀਓ ਰਿਕਾਰਡਿੰਗ ਕਰ ਕੇ ਰੱਖੀ ਹੋਈ ਸੀ ਤੈਨੂੰ ਭੇਜ ਦਿੱਤੀ ਹੈ ਹੁਣ ਜਦੋਂ ਜੀਅ ਕਰੇ ਸੁਣ ਲਿਆ ਕਰੀਂ।ਕੱਚੀ ਜੀ ਹੋਈ ਲੂੰਬੜੀ ਜੁਕਰਬਰਗ ਨੂੰ ਅਵਾ ਤਵਾ ਬੋਲਦੀ ਜੰਗਲ ਵੱਲ ਚਲੀ ਗਈ।ਲੂੰਬੜੀ ਦਾ ਗੁੱਸੇ ਚ ਮੈਚ ਹਾਰਨ ਤੋਂ ਬਾਅਦ ਪਾਕਿਸਤਾਨੀ ਕ੍ਰਿਕਟ ਪ੍ਰੇਮੀਆਂ ਵਾਂਗ ਫੋਨ ਭੰਨਣ ਨੂੰ ਜੀ ਕੀਤਾ।ਪਰ ਇਹ ਸੋਚ ਕੇ ਰੁਕ ਗਈ ਕਿ ਘਰੇ ਗਈ ਨਾਲ ਲੂੰਬੜ ਸਾਬ੍ਹ ਕਲੇਸ਼ ਕਰਨਗੇ ਕਿ ਐਨਾ ਮਹਿੰਗਾ ਫੋਨ ਅਜੇ ਕੱਲ੍ਹ ਹੀ ਲੈ ਕੇ ਦਿੱਤਾ ਸੀ,ਐਂਡੀ ਛੇਤੀ ਭੰਨ ਵੀ ਲਿਆਂਦਾ।
ਸਿੱਟਾ:ਬਾਰ ਬਾਰ ਕਿਸੇ ਨੂੰ ਮੂਰਖ ਨਹੀਂ ਬਣਾਇਆ ਜਾ ਸਕਦਾ।
ਜਸਵਿੰਦਰ ਰਾਏ ਭੱਠਲ 6 ਮਾਰਚ2023