#ਕੌਫ਼ੀ_ਵਿਦ_ਰਾਕੇਸ਼_ਨਰੂਲਾ।
ਮੇਰੀ ਅੱਜ ਦੀ ਕੌਫ਼ੀ ਦਾ ਮਹਿਮਾਨ ਬਠਿੰਡਾ ਸ਼ਹਿਰ ਦਾ 67 ਸਾਲਾਂ ਦਾ ਉਹ ਨੌਜਵਾਨ ਸੀ ਜਿਸ ਦੇ ਚਰਚੇ ਸਮਾਜਸੇਵਾ ਅਤੇ ਸ਼ਹਿਰ ਦੇ ਗਲਿਆਰਿਆਂ ਵਿੱਚ ਲਗਾਤਾਰ ਹੁੰਦੇ ਰਹਿੰਦੇ ਹਨ। 1965 ਤੋਂ ਹੀ ਸਾਇਕਲਿੰਗ ਨੂੰ ਪ੍ਰਮੋਟ ਕਰ ਰਹੇ ਇਸ Rakesh Narula ਨਾਮ ਦੇ ਸਖਸ਼ ਦੀਆਂ ਖੂਬੀਆਂ ਲਿਖਣ ਲਈ ਕਾਗਜ਼, ਕਲਮ, ਦਵਾਤ ਸਭ ਛੋਟੇ ਰਹਿ ਜਾਂਦੇ ਹਨ। ਇਸ ਬੰਦੇ ਦੀਆਂ ਆਦਤਾਂ ਹੀ ਚੰਗੀਆਂ ਨਹੀਂ ਸਗੋਂ ਇਸ ਨੂੰ ਚੰਗੇ ਕੰਮਾਂ ਦਾ ਜਨੂੰਨ ਹੈ। ਇਹ ਸਖਸ਼ #ਬਠਿੰਡਾ_ਵਿਕਾਸ_ਮੰਚ ਦਾ ਪ੍ਰਧਾਨ ਹੀ ਨਹੀ ਸਭ ਕੁਝ ਹੈ। ਆਪਣੇ ਪੰਜਾਹ ਕੁ ਮੈਂਬਰਾਂ ਦੀ ਟੀਮ ਨਾਲ ਇਹ ਆਪਣੇ ਮਿਸ਼ਨ ਵਿੱਚ ਪੂਰਾ ਸਰਗਰਮ ਹੈ। ਅੱਜ ਕੱਲ੍ਹ ਨਰੂਲਾ ਜੀ ਗ੍ਰੀਨਰੀ ਮਿਸ਼ਨ ਤੇ ਕੰਮ ਕਰ ਰਹੇ ਹਨ। ਮੈਡੀਕੇਟਡ ਪਲਾਂਟਸ ਲਾਉਣ ਲਈ ਪਬਲਿਕ ਨੂੰ ਜਾਗਰੂਕ ਕਰ ਰਹੇ ਹਨ। ਇਹ ਤੁਲਸੀ, ਮਰੂਆ, ਅਜਵਾਇਣ, ਸੌਂਫ, ਐਲੋਵੀਰਾ ਵਰਗੇ ਬੂਟੇ ਲਾਉਣ ਤੇ ਜੋਰ ਦਿੰਦੇ ਹਨ। ਭਾਵੇਂ ਕੇਂਦਰੀ ਜੇਲ ਹੋਵੇ ਯ ਕੋਰਟ ਕੰਪਲੈਕਸ ਕੋਈਂ ਸਕੂਲ ਹੋਵੇ ਯ ਸਰਕਾਰੀ ਹਸਪਤਾਲ ਇਹਨਾਂ ਨੇ ਬੱਸ ਬੂਟੇ ਹੀ ਲਾਉਣੇ ਤੇ ਉਹਨਾਂ ਦੀ ਸੰਭਾਲ ਕਰਨੀ ਹੁੰਦੀ ਹੈ। ਹਾਲ ਹੀ ਵਿੱਚ ਸ੍ਰੀ ਨਰੂਲਾ ਜੀ ਦੀ ਅਗਵਾਹੀ ਹੇਠ ਕੋਰਟ ਕੰਪਲੈਕਸ ਵਿੱਚ 1400 ਦੇ ਕਰੀਬ ਗਮਲਿਆਂ ਨਾਲ ਓਥੋਂ ਦੀ ਦਿੱਖ ਬਦਲੀ ਗਈ। ਸ੍ਰੀ ਨਰੂਲਾ ਜੀ ਖੂਨਦਾਨ ਅਤੇ ਸਰੀਰਦਾਨ ਮੁਹਿੰਮ ਵਿੱਚ ਇੰਨੇ ਕੁ ਐਕਟਿਵ ਹਨ ਕਿ ਖ਼ੁਦ 92 ਵਾਰ ਖੂਨਦਾਨ ਕਰ ਚੁੱਕੇ ਹਨ। ਹੁਣ ਤਾਂ ਬਲੱਡ ਬੈੰਕ ਵਾਲਿਆਂ ਨੇ ਵੀ ਹੱਥ ਜੋੜ ਦਿੱਤੇ ਕਿ ਬਾਬਾ ਕਿਸੇ ਹੋਰ ਦੀ ਵਾਰੀ ਵੀ ਆਉਣ ਦਿਓਂ। ਤੁਸੀਂ ਹੁਣ ਬੱਸ ਕਰੋ। ਸਰੀਰਦਾਨ ਲਈ ਸਿਰਫ ਆਪਣਾ ਫਾਰਮ ਹੀ ਨਹੀਂ ਭਰਿਆ ਪੂਰੇ ਪਰਿਵਾਰ ਵੱਲੋਂ ਇਹੀ ਘੋਸ਼ਣਾ ਕਰਵਾਈ ਹੈ। ਨਰੂਲਾ ਜੀ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਰਪ੍ਰਸਤੀ ਹੇਠ ਲਗਾਈਆਂ ਜਾਣ ਵਾਲੀਆਂ ਕੌਮੀ ਲੋਕ ਅਦਾਲਤ ਦੇ ਮੈਂਬਰ ਵੀ ਹਨ।
ਰੋਜ਼ਾਨਾ ਪੰਜਾਹ ਕਿਲੋਮੀਟਰ ਸਾਈਕਲ ਚਲਾਏ ਬਿਨਾਂ ਸਾਹਿਬ ਜੀ ਨੂੰ ਨੀਂਦ ਨਹੀਂ ਆਉਂਦੀ। ਜਿਸ ਦਿਨ ਸਵੇਰੇ ਇਹ ਕਾਰਵਾਈ ਪੂਰੀ ਨਾ ਹੋਵੇ ਜਨਾਬ ਰਾਤ ਨੂੰ ਸਾਈਕਲ ਚੁੱਕਕੇ ਤੁਰ ਪੈਂਦੇ ਹਨ ਆਪਣੇ ਕਿਲੋਮੀਟਰ ਪੂਰੇ ਕਰਨ। ਸਾਹਿਬ ਜੀ ਸਾਈਕਲ ਤੇ ਹੀ ਕੋਟਕਪੂਰੇ ਵਿਆਹੀ ਬੇਟੀ ਨੂੰ ਮਿਲਣ ਚਲੇ ਜਾਂਦੇ ਹਨ। ਹੋਰ ਤਾਂ ਹੋਰ ਆਪਣੇ ਜੱਦੀ ਸ਼ਹਿਰ ਫਿਰੋਜ਼ਪੁਰ ਵੀ ਸਾਈਕਲ ਤੇ ਹੀ ਜਾਂਦੇ ਹਨ। ਬੇਟਾ ਬਾਹਰ ਨੌਕਰੀ ਕਰਦਾ ਹੈ ਤੇ ਬੇਟੀਆਂ ਵਿਆਹੀਆਂ ਹਨ। ਸੋ ਕਿਸੇ ਦਾ ਭੋਰਾ ਡਰ ਡੁਕਰ ਨਹੀਂ। ਸਮਾਜਸੇਵਾ ਦਾ ਜਨੂੰਨ ਸਿਰ ਤੇ ਹਾਵੀ ਹੈ। ਰਾਕੇਸ਼ ਜੀ ਨੂੰ ਵਿਚੋਲਗਿਰੀ ਦਾ ਚਸਕਾ ਵੀ ਹੈ। ਭਾਵੇਂ ਸੰਯੋਗ ਉਪਰਵਾਲਾ ਲਿਖਦਾ ਹੈ ਪਰ ਮੋਹਰ ਨਰੂਲਾ ਜੀ ਦੀ ਹੀ ਲੱਗਦੀ ਹੈ। ਆਪ ਜੀ ਇੱਕ ਮੈਟਰੀਮੋਨੀਅਲ ਗਰੁੱਪ ਵੀ ਚਲਾਉਂਦੇ ਹਨ। ਅਕਸਰ ਹੀ ਇਹ ਇਹ ਮੈਟਰੀਮੋਨੀਅਲ ਸਮਾਰੋਹ ਕਰਵਾਉਂਦੇ ਰਹਿੰਦੇ ਹਨ। ਕਈ ਵਾਰੀ ਤਾਂ ਇਹ ਲੋੜਵੰਦਾਂ ਲਈ ਮਸੀਹਾ ਬਣ ਬਹੁੜਦੇ ਨੇ। ਸੱਠ ਤੋਂ ਪਾਰ ਵਾਲਿਆਂ ਦੀ ਵੀ ਰੋਟੀ ਪੱਕਦੀ ਕਰ ਦਿੰਦੇ ਹਨ ਤੇ ਤਲਾਕਸ਼ੁਦਾ ਵਿਧਵਾ, ਔਰਤਾਂ ਦਾ ਵਸੇਬਾ ਕਰਵਾ ਦਿੰਦੇ ਹਨ। ਅਜਿਹੀਆਂ ਗੱਲਾਂ ਨੂੰ ਜੱਗੋਂ ਤਹਿਰਵੀਂ ਕਹਿੰਦੇ ਹਨ ਪਰ ਇਹ ਉਹੀ ਜਾਣਦਾ ਹੈ ਜਿਸ ਤੇ ਪਈ ਹੁੰਦੀ ਹੈ। ਉਂਜ ਇਹ ਆਪਣੇ ਗਰੁੱਪ ਵੱਲੋਂ ਤਕਰੀਬਨ ਪੰਦਰਾਂ ਕੁ ਵਿਧਵਾ/ ਲੋੜਵੰਦ ਔਰਤਾਂ ਨੂੰ ਮਹੀਨੇ ਦੀ ਮਹੀਨੇ ਰਾਸ਼ਨ ਵੀ ਦਿੰਦੇ ਹਨ। ਸ੍ਰੀ ਨਰੂਲਾ ਜੀ ਨੂੰ ਕਈ ਵਾਰੀ ਕੰਨਿਆ ਦਾਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਕਿਸੇ ਨਾ ਕਿਸੇ ਗਰੀਬ ਮਜਬੂਰ ਲੋੜ੍ਹਵੰਡ ਕੰਨਿਆ ਦੇ ਹੱਥ ਪੀਲੇ ਕਰਨ ਲਈ ਕਦੇ ਪਿੱਛੇ ਨਹੀਂ ਹੱਟਦੇ। ਓਥੇ ਬਾਪ ਦੇ ਫਰਜ਼ ਨਿਭਾਉਂਦੇ ਹਨ। ਖੁਸ਼ੀ ਦੀ ਗੱਲ ਇਹ ਹੈ ਕਿ ਇਹ 1956 ਮਾਡਲ ਨੌਜਵਾਨ ਬੀ ਪੀ, ਸ਼ੂਗਰ ਵਰਗੀਆਂ ਅਲਾਮਤਾਂ ਤੋਂ ਬਚਿਆ ਹੋਇਆ ਹੈ। ਮੇਰੇ ਵਾੰਗੂ ਮਿੱਠੀ ਕੌਫ਼ੀ ਤੇ ਬਰਫੀ ਪਤੀਸਾ ਖਾਣ ਦਾ ਸ਼ੁਕੀਨ ਵੀ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ