ਸਕੂਲ ਨੂੰ ਸ਼ੁਰੂ ਕਰਨ ਦੀਆਂ ਤਿਆਰੀਆਂ ਜੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਸਨ। ਰੰਗ ਰੋਗਣ, ਕਲਾਸਰੂਮ ਫਰਨੀਚਰ, ਹੋਸਟਲ ਦੇ ਬੈਡ, ਗੱਦੇ, ਬਾਥਰੂਮ ਸਭ ਤੇ ਕੰਮ ਹੋ ਰਿਹਾ ਸੀ। ਪਿਤਾ ਜੀ ਸਵੇਰੇ ਸ਼ਾਮੀ ਸਕੂਲ ਵਿੱਚ ਆਪਣੀ ਰਹਿਮਤ ਬਰਸਾਉਣ ਆਉਂਦੇ। ਹਰ ਵਾਰ ਕੋਈਂ ਭੁੱਲੀ ਹੋਈ ਗੱਲ ਯਾਦ ਕਰਵਾਉਂਦੇ। ਸਕੂਲ ਬਿਲਡਿੰਗ ਅੰਦਰ ਬਹੁਤ ਸੋਹਣੀ ਪੇਟਿੰਗਜ ਬਣਾਈਆਂ ਹੋਈਆਂ ਸਨ ਤੇ ਸੋਹਣੇ ਬਚਨ ਲਿਖੇ ਹੋਏ ਸਨ। ਇੱਕ ਸ਼ਾਮ ਪਿਤਾ ਜੀ ਨੇ ਆਉਂਦਿਆਂ ਨੇ ਹੀ ਪੈਂਟਰ ਦੁਆਰਾ ਲਿਖੇ ਸ਼ਬਦਾਂ ਵਿੱਚ ਕਈ ਗਲਤੀਆਂ ਕੱਢ ਦਿੱਤੀਆਂ। ਸ਼ਬਦਜੋੜ ਅਤੇ ਵਾਕ ਅਧੂਰੇ ਸਨ। ਨਿਗਰਾਨੀ ਕਰਨ ਵਾਲੇ ਐਮ ਏ ਬੀ ਏ ਤੇ ਹਿੰਦੀ ਦੇ ਜਾਣਕਾਰ ਇਹ ਵੇਖਕੇ ਦੰਗ ਰਹਿ ਗਏ। ਇਕੱਤੀ ਮਾਰਚ ਨੂੰ ਸ਼ਾਮੀ ਪੰਜ ਵਜੇ ਪਿਤਾ ਜੀ ਸਕੂਲ ਵਿੱਚ ਪਧਾਰੇ।
“ਬੇਟਾ ਸਕੂਲ ਦੀਆਂ ਸਾਰੀਆਂ ਤਿਆਰੀਆਂ ਹੋ ਗਈਆਂ? ਕੋਈਂ ਚੀਜ਼ ਰਹਿੰਦੀ ਤਾਂ ਨਹੀਂ?” ਪਿਤਾ ਜੀ ਨੇ ਮੈਨੂੰ ਪੁੱਛਿਆ।
“ਨਹੀਂ ਪਿਤਾ ਜੀ ਸਭ ਹੋ ਗਿਆ।” ਮੈਂ ਹੱਥ ਜੋੜਕੇ ਕਿਹਾ।
“ਬੇਟਾ ਸੂਚਨਾ ਪੱਟ ਨਹੀਂ ਲਗਵਾਇਆ। ਨਾ ਹੀ ਬੱਚਿਆਂ ਦਾ ਹਾਜ਼ਰੀ ਬੋਰਡ ਬਣਵਾਇਆ ਹੈ।” ਪਿਤਾ ਜੀ ਹੱਸ ਪਏ।
ਪਿਤਾ ਜੀ ਨੇ ਕੋਲ ਖਡ਼ੇ ਪੈਂਟਰ ਨੂੰ ਲਾਬੀ ਵਿੱਚ ਇਹ ਦੋਨੇ ਬੋਰਡ ਬਣਾਉਣ ਦਾ ਕਿਹਾ। ਉਸ ਦਿਨ ਮੈਂ ਸ਼ਾਮੀ ਥੋੜਾ ਲੇਟ ਹੀ ਡੱਬਵਾਲੀ ਆਇਆ। ਸ਼ਾਇਦ ਸੱਤ ਵਾਲੀ ਬੱਸ ਤੇ। ਪਿਤਾ ਜੀ ਨੇ ਮੈਨੂੰ ਸਵੇਰੇ ਜਲਦੀ ਆਉਣ ਦਾ ਹੁਕਮ ਦਿੱਤਾ। ਸ਼ਾਮੀ ਨੋ ਕੁ ਵਜੇ ਪਿਤਾ ਜੀ ਫਿਰ ਸਕੂਲ ਪਧਾਰੇ।
“ਭਾਈ ਇਹ ਕਾਹਦਾ ਸਕੂਲ ਹੈ। ਨਾ ਕੋਈਂ ਫੁੱਲਦਾਰ ਪੌਦਾ ਨਾ ਕੋਈਂ ਹਰਿਆਲੀ।” ਸੇਵਾਦਾਰ ਪਿਤਾ ਜੀ ਦਾ ਇਸ਼ਾਰਾ ਸਮਝ ਗਏ। ਪਰ ਓਹ ਇਹ ਨਾ ਸਮਝ ਸਕੇ ਕਿ ਹੁਣ ਇੰਨੀ ਜਲਦੀ ਹਰਿਆਲੀ ਕਿਥੋਂ ਆਵੇਗੀ। ਪਿਤਾ ਜੀ ਨੇ ਸੇਵਾਦਾਰਾਂ ਨੂੰ ਗੁਲਾਬ ਗੇਂਦੇ ਦੇ ਬੂਟੇ ਖੁੰਗ ਕੇ ਲਿਆਉਣ ਦਾ ਆਦੇਸ਼ ਕੀਤਾ। ਹੁਣ ਕਿੰਤੂ ਪ੍ਰੰਤੂ ਵਾਲੀ ਕੋਈਂ ਗੱਲ ਨਹੀਂ ਸੀ। ਰਾਤੀ ਬਾਰਾਂ ਵਜੇ ਤੱਕ ਸੇਵਾਦਾਰਾਂ ਨੇ ਬੂਟੇ ਤੇ ਵੱਡੇ ਪੌਦੇ ਦਰਖਤ ਲਗਾਕੇ ਸਕੂਲ ਹਰਾ ਭਰਾ ਕਰ ਦਿੱਤਾ। ਅਗਲੇ ਦਿਨ ਜਦੋਂ ਮੈਂ ਸਕੂਲ ਪਹੁੰਚਿਆ ਤਾਂ ਸਕੂਲ ਦੀ ਨੁਹਾਰ ਬਦਲੀ ਹੋਈ ਸੀ। ਬਾਅਦ ਵਿੱਚ ਮੈਂ ਨੋਟ ਕੀਤਾ ਕਿ ਕੋਈਂ ਵੀ ਬੂਟਾ ਮਰਿਆ ਨਹੀਂ। ਸਾਰੇ ਬੂਟੇ ਚੱਲ ਪਏ। ਫਕੀਰ ਦੀ ਦ੍ਰਿਸ਼ਟੀ ਦਾ ਇਹ ਹੀ ਅਸਰ ਹੁੰਦਾ ਹੈ। ਸੱਚੇ ਸੰਤ ਤਾਂ ਸੁੱਕੇ ਦਰਖਤ ਨੂੰ ਹਰਾ ਕਰ ਦਿੰਦੇ ਹਨ ਇਹ ਤਾਂ ਖੁੰਗਕੇ ਹੀ ਲਾਏ ਸਨ। ਇੱਕ ਅਪ੍ਰੈਲ ਨੂੰ ਸਕੂਲ ਦਾ ਮਹੂਰਤ ਕਰਨ ਲਈ ਪਿਤਾ ਜੀ ਆਏ। ਪਿਤਾ ਜੀ ਨੇ ਰਿਬਨ ਜੋੜ ਕੇ ਸਕੂਲ ਦਾ ਉਦਘਾਟਨ ਕੀਤਾ। ਸਭ ਤੋਂ ਪਹਿਲਾਂ ਪਿਤਾ ਜੀ ਨੇ ਸਕੂਲ ਦਫਤਰ ਵਿੱਚ ਚਰਨ ਟਿਕਾਏ। ਫਿਰ ਪ੍ਰਿੰਸੀਪਲ ਦਫਤਰ ਤੇ ਹੋਰ ਕਮਰਿਆਂ ਵਿੱਚ ਵੀ ਗਏ। ਸਾਡੇ ਦਫਤਰ ਵਿੱਚ ਪਿਤਾ ਜੀ ਨੇ ਸਕੂਲ ਪ੍ਰਬੰਧਕਾਂ ਨਾਲ ਇੱਕ ਤਸਵੀਰ ਖਿਚਵਾਈ। ਮੈਂ ਤਸਵੀਰ ਤੋਂ ਬਾਦ ਖੜਾ ਸੀ। ਪਰ ਪਿਤਾ ਜੀ ਨੇ ਮੈਨੂੰ ਆਵਾਜ਼ ਮਾਰਕੇ ਕੋਲ ਬੁਲਾਇਆ ਤੇ ਕਿਹਾ “ਭਾਈ ਤੂੰ ਸਕੂਲ ਦੇ ਦਫਤਰ ਦਾ ਇੰਚਾਰਜ ਹੈ ਤੇ ਤੂੰ ਹੀ ਬਾਹਰ ਖੜਾ ਹੈ। ਫੋਟੋ ਤਾਂ ਤੇਰੀ ਲੈਣੀ ਹੈ।” ਇੰਨਾ ਸੁਣਕੇ ਮੈਂ ਪਿਤਾ ਜੀ ਦੇ ਚਰਨਾਂ ਵਿੱਚ ਬੈਠਕੇ ਫੋਟੋ ਕਰਵਾਈ।
ਚਲਦਾ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ