ਗੱਲ 1968-69 ਦੀ ਹੋਣੀ ਹੈ। ਪਾਪਾ ਜੀ ਨੇ ਸਾਨੂੰ ਦੋਹਾਂ ਭਰਾਵਾਂ ਨੂੰ ਫੁਟਬਾਲ ਲਿਆ ਕੇ ਦਿੱਤੀ। ਸਾਰਾ ਦਿਨ ਅਸੀਂ ਖੇਡਦੇ ਰਹੇ। ਕਦੇ ਗਲੀ ਚ ਤੇ ਕਦੇ ਘਰੇ। ਮੈਦਾਨ ਵਿਚ ਸਾਨੂੰ ਜਾਣ ਨਹੀ ਸੀ ਦਿੱਤਾ ਅਖੇ ਪਿੰਡ ਦੀ ਸਾਰੀ ਮੰਡੀਰ ਆਜੂਗੀ ਓਥੇ। ਚਲੋ ਜੀ ਰਾਤ ਨੂੰ ਅਸੀਂ ਫੁਟਬਾਲ ਮੰਜੇ ਥੱਲੇ ਰੱਖ ਦਿੱਤੀ। ਉਸੇ ਮੰਜੇ ਥੱਲੇ ਇੱਟਾਂ ਦੀ ਵੱਟ ਬਣਾ ਕੇ ਗੰਢੇ ਰਖੇ ਹੋਏ ਸਨ। ਤੇ ਬਾਲ ਪਿਆਜਾਂ ਤੇ ਹੀ ਸੁੱਟ ਦਿੱਤੀ। ਅਸੀਂ ਸਾਰੇ ਸੋਂ ਗਏ। ਅੱਧੀ ਕੁ ਰਾਤ ਨੂੰ ਸਾਡੇ ਕਮਰੇ ਚ ਜੋਰ ਦੀ ਧਮਾਕਾ ਹੋਇਆ। ਪਰ ਸਾਨੂੰ ਪਤਾ ਨਾ ਲੱਗਾ। ਕਿ ਇਹ ਧਮਾਕਾ ਕਿਸਦਾ ਸੀ। ਓਦੋਂ ਬਿਜਲੀ ਵੀ ਨਹੀ ਸੀ ਹੁੰਦੀ। ਲਾਲਟੈਨ ਤਾਂ ਸੋਣ ਤੋਂ ਪਹਿਲਾ ਹੀ ਬੁਝਾ ਦਿੱਤੀ ਜਾਂਦੀ ਸੀ ਕਿਉਂਕਿ ਓਹ ਮਿੱਟੀ ਦੇ ਤੇਲ ਨਾਲ ਜਗਦੀ ਸੀ। ਬੜੀ ਮੁਸ਼ਕਿਲ ਨਾਲ ਮੋਮਬੱਤੀ ਬਾਲੀ ਗਈ ਤੇ ਫਿਰ ਲਾਲਟੈਨ। ਅਸੀਂ ਤਿੰਨੇ ਭੈਣ ਭਰਾ ਤੇ ਸਾਡੀ ਮਾਤਾ ਹੀ ਸੀ ਘਰੇ। ਕਾਫੀ ਦੇਰ ਬਾਅਦ ਮਾਮਲਾ ਸਮਝ ਆਇਆ। ਪਿਆਜ਼ ਦੀ ਗਰਮੀ ਨਾਲ ਬਾਲ ਵਿੱਚ ਹਵਾ ਦਾ ਪ੍ਰੈਸ਼ਰ ਵੱਧ ਗਿਆ ਤੇ ਫੱਟ ਗਈ। ਉਸ ਸਮੇ ਇੰਨਾ ਵੀ ਨਹੀ ਸੀ ਪਤਾ ਕੇ ਇਹ ਗਰਮੀ ਦੀ ਵਜ੍ਹਾ ਨਾਲ ਫਟੀ ਹੈ। ਬਸ ਕਿਵੇਂ ਫੱਟ ਗਈ। ਦੂਜਾ ਪਹਿਲੇ ਦਿਨ ਹੀ ਬਾਲ ਦਾ ਫੱਟ ਜਾਣਾ ਸਾਡੇ ਲਈ ਮਾੜਾ ਸੀ ਅਜੇ ਤਾਂ ਅਸੀ ਚਾਅ ਵੀ ਨਹੀ ਸਨ ਲਾਹੇ। ਪਰ ਬਾਲ ਫਟਣ ਦੇ ਧਮਾਕੇ ਨੇ ਕਈ ਗੁਆਂਡੀਆਂ ਦੀ ਨੀਂਦ ਵੀ ਉਡਾ ਦਿੱਤੀ ਸੀ।
ਪਰ ਹੋਈ ਸਾਡੇ ਨਾਲ ਭੈੜੀ ਹੀ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ