“ਤੁਸੀਂ ਲਹਿੰਦੀ ਲਹਿੰਦੀ ਰੋਟੀ ਖਾ ਹੀ ਲਵੋ।” ਕੱਲ੍ਹ ਜਦੋਂ ਘੜੀ ਤੇ ਅਜੇ 7.57 ਹੀ ਹੋਏ ਤਾਂ ਮੇਰੀ #ਬੁੱਢੀ ਨੇ ਮੈਨੂੰ ਕਿਹਾ।
“ਚੰਗਾ ਲਿਆ ਦੇ ਫੇਰ। ਅੱਠ ਤਾਂ ਵੱਜ ਗਏ।” ਮੈਂ ਟੀਵੀ ਪਿਟਾਰਾ ਚੈੱਨਲ ਤੇ ਚਲਦੀ ਫਿਲਮ ‘ਦੇਖ ਬਰਾਤਾਂ ਚੱਲੀਆਂ’ ਵੇਖਦੇ ਹੋਏ ਨੇ ਕਿਹਾ। ਕੁਦਰਤੀ ਕਲ੍ਹ #ਪਿਟਾਰਾ ਤੇ ਉਸਦੇ ਨਾਲ ਦੇ ਚੈੱਨਲ #ਪੀਟੀਸੀ_ਗੋਲਡ ਤੇ ਵੀ ਆਹੀ ਫਿਲਮ ਚੱਲ ਰਹੀ ਸੀ। ਫਿਲਮ ਬਹੁਤ ਵਾਰੀ ਵੇਖੀ ਹੋਣ ਕਰਕੇ ਲਗਭਗ ਮੂੰਹ ਜ਼ੁਬਾਨੀ ਯਾਦ ਹੈ। ਅਜੇ ਹਰਿਆਣਾ ਦੇ ਡੀਟੀਓ ਵੱਲੋਂ ਵੜੈਚ ਕੰਪਨੀ ਦੀ ਬੱਸ ਫੜ੍ਹਨ ਦਾ ਸੀਨ ਆਇਆ ਹੀ ਸੀ ਕਿ ਨੌ ਵੱਜ ਗਏ। ਮੈਂ ਫਿਲਮ ਛੱਡਕੇ 128 ਨੰਬਰ ਚੈਨਲ ਸੋਨੀ ਤੇ ਆਉਂਦਾ ਪ੍ਰੋਗਰਾਮ #ਕੇਬੀਸੀ ਲਾ ਲਿਆ। ਛੋਟੇ ਛੋਟੇ ਬੱਚਿਆਂ ਦੀ ਅਜੀਬ ਤੇ ਵਿਸ਼ਾਲ ਜਾਣਕਾਰੀ ਵੇਖਦਿਆਂ ਨੂੰ ਪਤਾ ਹੀ ਨਾ ਲੱਗਿਆ ਕਿ ਕਦੋਂ ਹੂਟਰ ਵੱਜ ਗਿਆ। ਉਂਜ ਕੱਲ੍ਹ ਮੈਂ ਵਿਸਕੀ ਨੂੰ ਘੁੰਮਾਉਣ ਵਾਲੀ ਜਿੰਮੇਵਾਰੀ ਤੋਂ ਵੀ ਮੁਕਤ ਹੀ ਸੀ। ਤੇ ਦਵਾਈ ਲੈਣ ਵਾਲਾ ਕਾਰਜ ਵੀ ਮੈਂ ਪ੍ਰੋਗਰਾਮ ਦੇਖਦੇ ਦੇਖਦੇ ਨੇ ਨਿਪਟਾ ਦਿੱਤਾ ਸੀ।
‘ਆਖੇਗੀ ਤਾਂ ਸਹੀ। ਪਤਾ ਨਹੀਂ ਕਿਉਂ? ਭੁੱਖ ਜਿਹੀ ਲੱਗ ਆਈ।” ਮੈਂ ਬੜਾ ਸੋਚ ਵਿਚਾਰਕੇ ਜਿਹੇ ਕਿਹਾ।
“ਭੁੱਖ ਤਾਂ ਮੈਨੂੰ ਵੀ ਲੱਗੀ ਪਈ ਹੈ।” ਉਸਨੇ ਮੇਰੇ ਬਹਾਨੇ ਆਪਣੀ ਗੱਲ ਦੱਸੀ। ਕਿਉਂਕਿ ਸ਼ੂਗਰ ਦੀ ਦਵਾਈ ਖਾਣ ਕਰਕੇ ਉਸਦੇ ਵੀ ਅਕਸਰ ਖੋਹ ਪੈਣ ਲਗਦੀ ਹੈ।
“ਕੰਮ ਬਣ ਗਿਆ ਦੋ ਰੋਟੀਆਂ ਤੇ ਸਾਗ ਪਿਆ ਹੈ।” ਉਸਨੇ ਚਪਾਤੀ ਬਾਕਸ ਫਰੋਲਦੀ ਨੇ ਕਿਹਾ।
“ਨਹੀਂ ਰੋਟੀ ਤਾਂ ਨਹੀਂ।” ਮੈਂ ਕਿਹਾ। ਦੁਬਾਰਾ ਰੋਟੀ ਖਾਣ ਦਾ ਕੋਈ ਤੁੱਕ ਵੀ ਨਹੀਂ ਸੀ।
ਉਸਨੇ ਸੇਬ, ਅਮਰੂਦ, ਖੀਰਾ, ਦੁੱਧ, ਡ੍ਰਾਈਫਰੂਟ, ਸੁੱਕੀ ਮਿਠਾਈ, ਪੰਜੀਰੀ ਤੇ ਕਈ ਹੋਰ ਬਦਲ ਦਿੱਤੇ। ਪਰ ਮੇਰੇ ਮੂੰਹੋਂ ਕਿਸੇ ਚੀਜ਼ ਲਈ ਵੀ ਹਾਂ ਨਾ ਨਿਕਲੀ।
“ਜ਼ੁਕਾਮ ਵੀ ਹੈ। ਕਿਉਂਕਿ ਨਾ ਖਸਖਸ ਦੀ ਲੇਟੀ ਬਣਾਈਏ।” ਮੈਨੂੰ ਇੱਕ ਦਮ ਖਿਆਲ ਆਇਆ।
“ਪਰ ਹੁਣ ਤਾਂ ਸਵਾ ਗਿਆਰਾਂ ਹੋਗੇ। ਚੱਲ ਛੱਡ ਪਰਾਂ। ਉਂਜ ਹੀ ਸੋਂ ਜਾਂਦੇ ਹਾਂ।” ਮੈਂ ਟਾਈਮ ਵੇਖਕੇ ਗੱਲ ਮੁਕਾਈ।
“ਲੈ ਟਾਈਮ ਨੂੰ ਕੀ ਹੈ? ਦਸ ਮਿੰਟ ਲਗਣੇ ਹਨ।” ਕਹਿਕੇ ਦੁਖਦੇ ਗੋਡਿਆਂ ਤੋਂ ਪ੍ਰੇਸ਼ਾਨ ਉਹ ਹੌਸਲਾ ਕਰਕੇ ਰਸੋਈ ਵਿਚ ਚਲੀ ਗਈ। ਤੇ ਵੀਹ ਕੁ ਮਿੰਟਾਂ ਵਿੱਚ ਉਹ ਖਸਖਸ ਵਾਲੇ ਗਰਮ ਗਰਮ ਦੁੱਧ ਦੇ ਦੋ ਗਿਲਾਸ ਲੈ ਆਈ।
ਰੱਬ ਦਾ ਸ਼ੁਕਰ ਕੀਤਾ ਕਿ ਰੱਬਾ ਇੰਜ ਹੀ ਪੂਰੀਆਂ ਕਰਦਾ ਤੇ ਕਰਵਾਉਂਦਾ ਰਹੀਂ। ਨਹੀਂ ਤਾਂ ਏਸ ਉਮਰੇ ਤੇ ਇੰਨੀ ਰਾਤ ਨੂੰ ਅਜੇਹੀ ਮੰਗ ਤੇ ਹਾਲਾਤ ਇਉਂ ਬਣ ਜਾਂਦੇ ਹਨ ਜਿਵੇਂ ਕਿਸੇ ਨੇ ਘੁਰਨੇ ਵਿੱਚ ਪਏ ਕਿਸੇ ਨਵਜੰਮੇ ਕਤੂਰੇ ਨੇ ਛੇੜ ਦਿੱਤਾ ਹੋਵੇ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ