ਜਦੋ ਮੈ ਕਾਲਜ ਵਿਚ ਪੜ੍ਹਦਾ ਸੀ। ਇੱਕ ਸਾਲ ਮੇਰਾ ਮੈਥ ਦਾ ਪੇਪਰ ਮਾੜਾ ਹੋ ਗਿਆ। ਮੈਨੂੰ ਫੇਲ ਹੋਣ ਦਾ ਡਰ ਸਤਾਉਣ ਲੱਗਾ। ਮੈ ਪੇਪਰ ਦੇ ਪਿੱਛੇ ਜਾਕੇ ਪੈਰਵੀ ਕਰਨ ਦਾ ਫੈਸਲਾ ਕਰ ਲਿਆ। ਜਦੋ ਮੈ ਪਾਪਾ ਜੀ ਨੂੰ ਆਪਣਾ ਫੈਸਲਾ ਸੁਣਾਇਆ ਤਾਂ ਓਹਨਾ ਨੇ ਬਿਨਾਂ ਮੱਥੇ ਤੇ ਵੱਟ ਪਾਏ ਮੇਰਾ ਸਾਥ ਦੇਣ ਲਈ ਮੇਰੇ ਨਾਲ ਸਹਿਮਤ ਹੋ ਗਏ। ਮੈਨੂੰ ਚੰਡੀਗੜ੍ਹ ਜਾਣ ਲਈ ਇੱਕ ਹਜ਼ਾਰ ਰੁਪਏ ਦੀ ਜਰੂਰਤ ਸੀ। ਪਰ ਘਰ ਵਿਚ ਪੈਸੇ ਨਹੀ ਸਨ ਤੇ ਓਦੋ ਤਨਖਾਹ ਵੀ ਹਜ਼ਾਰ ਤੋਂ ਘੱਟ ਹੀ ਹੁੰਦੀ ਸੀ। ਚਾਹੇ ਮੈ ਪਟਵਾਰੀ ਦਾ ਮੁੰਡਾ ਸੀ ਪਰ ਹਜ਼ਾਰ ਰੁਪਏ ਦਾ ਜੁਗਾੜ ਹੋਣਾ ਮੁਸ਼ਕਿਲ ਸੀ। ਅਖੀਰ ਓਹਨਾ ਨੇ ਪਿੰਡ ਖੇਤ ਖੜ੍ਹੇ ਤੂੜੀ ਦਾ ਕੁੱਪ ਵੇਚਣ ਦਾ ਫੈਸਲਾ ਕੀਤਾ ਤੇ ਮੈਨੂੰ ਕੁੱਪ ਵੇਚਣ ਲਈ ਪਿੰਡ ਭੇਜ ਦਿੱਤਾ। ਮੈ ਗਿਆਰਾਂ ਬਾਰਾਂ ਸੋ ਰੁਪਏ ਕੀਮਤ ਦੇ ਦੋ ਕੁੱਪ ਅੱਠ ਸੋ ਚ ਹੀ ਵੇਚ ਦਿੱਤੇ ਤੇ ਰਕਮ ਲੈਕੇ ਚੰਡੀਗੜ੍ਹ ਵਾਲੀ ਗੱਡੀ ਚੜ੍ਹ ਗਿਆ। ਦੋ ਤਿੰਨ ਦਿਨ ਓਥੇ ਲਾਕੇ ਭਕਾਈ ਮਾਰਕੇ ਵਾਪਿਸ ਮੁੜ ਆਇਆ। ਤੇ ਰਿਜਲਟ ਅਉਣ ਤੇ ਕੰਪਾਰਟਮੈਂਟ ਹਾਸਿਲ ਕੀਤੀ। ਫਿਰ ਮੈਨੂੰ ਆਪਣੇ ਕੀਤੇ ਤੇ ਬਹੁਤ ਪਛਤਾਵਾ ਹੋਇਆ। ਜੇ ਮੈ ਪਹਿਲਾ ਦਿਲ ਲਾਕੇ ਪੜ੍ਹਾਈ ਕੀਤੀ ਹੁੰਦੀ ਤਾਂ ਨਾ ਮੇਰੀ ਕੰਪਾਰਟਮੈਂਟ ਆਉਂਦੀ ਤੇ ਨਾ ਪਿੰਡ ਖੜੇ ਤੂੜੀ ਵਾਲੇ ਕੁੱਪ ਵਿਕਦੇ। ਮੈਨੂੰ ਮੇਰੇ ਨਤੀਜੇ ਦਾ ਨਹੀ ਤੂੜੀ ਵਾਲੇ ਕੁੱਪਾਂ ਨੂੰ ਸਸਤਾ ਵੇਚਣ ਤੇ ਪੈਸੇ ਬਰਬਾਦ ਕਰਨ ਦਾ ਦੁੱਖ ਸੀ। ਮੈਨੂੰ ਮੇਰੇ ਪਾਪਾ ਜੀ ਬਹੁਤ ਵੱਡੇ ਲੱਗੇ। ਮਾਂ ਪਿਓ ਔਲਾਦ ਲਈ ਕੀ ਕੁਝ ਕਰਦੇ ਹਨ ਪਰ ਔਲਾਦ ਕੁਸ਼ ਨਹੀ ਸਮਝਦੀ। ਮਾਂ ਪਿਓ ਦਾ ਬਲਿਦਾਨ ਬਹੁਤ ਵੱਡਾ ਹੁੰਦਾ ਹੈ। ਮਾਂ ਪਿਓ ਬੱਚਿਆਂ ਖਾਤਿਰ ਵਿੱਕ ਜਾਂਦੇ ਹਨ ਪਰ ਅਸੀਂ ਬੱਚੇ ਮਾਂ ਪਿਓ ਨੂੰ ਪਾਣੀ ਦੀ ਘੁੱਟ ਨਹੀ ਦਿੰਦੇ। ਅਸੀਂ ਓਹਨਾ ਦੀਆਂ ਆਸਾ ਤੇ ਖਰੇ ਨਹੀ ਉਤਰਦੇ । ਮਾਪੇ ਔਲਾਦ ਦੀ ਖੁਸ਼ੀ ਲਈ ਸਭ ਕੁਝ ਕਰਦੇ ਹਨ ਤੇ ਔਲਾਦ ਨਿਕੰਮੀ ਨਿਕਲ ਜਾਂਦੀ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ
9876627233