ਅੱਜ ਅਚਾਨਕ ਮੇਰਾ ਪੇਕੇ ਘਰ ਜਾਣ ਹੋਇਆ । ਦੇਖਿਆ ਸਾਰਾ ਟੱਬਰ ਰਸੋਈ ਵਿੱਚ ਸੀ। ਸਬਜੀਆਂ ਦਾਲ ਰਾਇਤਾ ਚਾਵਲ ਬਣੇ ਹੋਏ ਸਨ ਤੇ ਇੱਕ ਚੁਲ੍ਹੇ ਤੇ ਖੀਰ ਰਿੱਝ ਰਹੀ ਸੀ। “ ਭਾਬੀ ਕਿਸੇ ਨੇ ਆਉਣਾ ਹੈ।’ ਮੈਂ ਅਚਾਨਕ ਪੁਛਿਆ। “ ਨਹੀ ਆਉਣਾ ਕਿੰਨੇ ਸੀ। ਅੱਜ ਤਾਂ ਮੈਂ ਪਿੰਕੀ ਭਾਬੀ ਘਰੇ ਖਾਣਾ ਭੇਜਣਾ ਸੀ। ਭਾਬੀ ਦੇ ਪਾਪਾ ਜੀ ਘਰੇ ਇੱਕਲੇ ਹੀ ਹਨ। ਭਾਬੀ ਬਾਹਰ ਗਈ ਹੈ। ਤੇ ਭਾਬੀ ਜਾਂਦੀ ਮੈਨੂੰ ਕਹਿ ਗਈ ਸੀ ਕਿ ਦੀਦੀ ਤੁਸੀ ਡੈਡੀ ਜੀ ਦਾ ਖਾਣਾ ਬਣਾ ਕੇ ਭੇਜ ਦੇਣਾ । ਮੈਨੂੰ ਸਾਇਦ ਆਉਦੀ ਨੂੰ ਦੇਰ ਹੋ ਜਾਵੇ । ‘ ਮੇਰੀ ਭਾਬੀ ਨੇ ਮੈਨੂੰ ਕਿਹਾ।“ ਚੰਗੀ ਗੱਲ ਹੈ ਅੰਕਲ ਜੀ ਨੂੰ ਸਮੇਂ ਤੇ ਖਾਣਾ ਮਿਲ ਜਾਵੇਗਾ। ਇਸ ਉਮਰ ਚ ਲੇਟ ਫੇਟ ਖਾਧਾ ਵੀ ਖਰਾਬ ਕਰਦਾ ਹੈ। ‘ ਮੈਂ ਹਾਂ ਚ ਹਾਂ ਮਿਲਾਈ ਕਿਉਂਕਿ ਅੱਜ ਮੈਂ ਵੀ ਤੇ ਰੋਟੀ ਇੱਥੇ ਹੀ ਖਾਣੀ ਸੀ।
ਪਰ ਮੇਰੀ ਸੋਚ ਮੈਨੂੰ ਪੰਦਰਾਂ ਕੁ ਦਿਨ ਪਿੱਛੇ ਲੈ ਗਈ ਜਦੋਂ ਮੈਂ ਬੀਜੀ ਦਾ ਪਤਾ ਲੈਣ ਆਈ ਸੀ ਬੀਜੀ ਕੁਝ ਢਿੱਲੇ ਸੀ ਤੇ ਉਹਨਾ ਨੇ ਹੀ ਮੈਨੂੰ ਫੋਨ ਕੀਤਾ ਸੀ । ਜਦੋ ਮੈਂ ਘਰੇ ਪਹੁੰਚੀ ਤਾਂ ਮੇਰੀਆਂ ਤਿੰਨੇ ਭੂਆ ਤੇ ਸਾਡੇ ਸ਼ਰੀਕੇ ਵਾਲੇ ਵੱਡੇ ਤਾਈ ਜੀ ਵੀ ਬੀਜੀ ਦਾ ਪਤਾ ਲੈਣ ਆਏ ਹੋਏ ਸੀ। ਤੇ ਭਾਬੀ ਬਹੁਤ ਕੁਰਣ ਕੁਰਣ ਕਰੀ ਜਾਂਦੀ ਸੀ। “ ਮੇਰੀ ਜਾਨ ਨੂੰ ਹੀ ਸਾਰਾ ਕਲੇਸ਼ ਹੈ। ਸਾਰਾ ਬੋਝ ਮੇਰੇ ਤੇ ਹੀ ਹੈ।ਉਹ ਦੋਵੇਂ ਤਾਂ ਐਸ਼ ਲੈਦੀਆਂ ਹਨ। ਉਹਨਾ ਨੂੰ ਭੋਰਾ ਫਿਕਰ ਨਹੀ। ਭਾਬੀ ਦਾ ਇਸ਼ਰਾ ਮੇਰੀਆਂ ਛੋਟੀਆਂ ਦੋਨੋ ਭਰਜਾਈਆਂ ਵੱਲ ਸੀ। ਕਿਉਕਿ ਬੀਜੀ ਮੇਰੀ ਇਸ ਵੱਡੀ ਭਾਬੀ ਕੋਲ ਹੀ ਰਹਿੰਦੇ ਸੀ। ਹੁਣ ਉਹ ਇਸ ਗੱਲੋਂ ਦੁਖੀ ਸੀ ਕਿ ਹੁਣ ਐਨੇ ਜਣਿਆ ਦਾ ਖਾਣਾ ਕੋਣ ਬਣਾਵੇਗਾ ਉਹ ਵੀ ਜੇਠ ਹਾੜ ਦੀ ਸਿਖਰ ਦੁਪਿਹਰੇ।ਤੇ ਰਿਸ਼ਤੇਦਾਰ ਤਾਂ ਉਥੇ ਹੀ ਆਉਣਗੇ ਜਿੱਥੇ ਬੀਜੀ ਹੋਣਗੇ। ਪਰ ਉਹ ਤਾਂ ਆਜਾਦੀ ਚਾਹੁੰਦੀ ਹੈ ਜਿਵੇਂ ਮੇਰੀਆਂ ਦੂਜੀਆਂ ਭਾਬੀਆਂ ਕੋਲ ਹੈ। ਆਪਣੇ ਮਾਂ ਪਿਓ ਦੀ ਜੀਅ ਜਾਣ ਲਗਾ ਕੇ ਸੇਵਾ ਕਰਣ ਵਾਲੀ ਮੇਰੀ ਭਾਬੀ ਦਾ ਦੂਹਰਾ ਰੱਵਈਆ ਵੇਖ ਕੇ ਮੈਨੂੰ ਬਹੁਤ ਦੁੱਖ ਹੋਇਆ। ਮੇਰਾ ਦਿਲ ਕੀਤਾ ਕਿ ਮੈ ਓਹੀ ਦੋ ਰੋਟੀਆਂ ਖਾ ਲਵਾਂ ਜੋ ਮੈਂ ਸਵੇਰੇ ਘਰੋਂ ਪੋਣੇ ਚ ਬੰਨ ਕੇ ਲਿਆਈ ਸੀ। ਪਰ ਮਾਂ ਬਾਰੇ ਸੋਚ ਕੇ ਮੈਂ ਮਾਂ ਨਾਲ ਹੀ ਰੋਟੀ ਖਾ ਲਈ।
ਰਮੇਸ ਸੇਠੀ ਬਾਦਲ
ਮੋ 98 766 27 233