ਇਕ ਯਾਦ:- ਜਦੋ ਮੈ ਨਿੱਕਾ ਹੁੰਦਾ ਸੀ , ਅਸੀਂ ਪਿੰਡ ਵਿਚ ਰਹਿੰਦੇ ਹੁੰਦੇ ਸੀ। ਮੇਰੀ ਮਾਂ ਗੁਆਂਢੀਆਂ ਦੇ ਤੰਦੂਰ ਤੇ ਰੋਟੀਆਂ ਲਾਉਣ ਜਾਂਦੀ ਹੁੰਦੀ ਸੀ। ਮੈ ਵੀ ਨਾਲ ਚਲਾ ਜਾਂਦਾ । ਸਾਡੇ ਗੁਆਂਡੀ ਜਿੰਨਾ ਦਾ ਤੰਦੂਰ ਸੀ ਅਸੀਂ ਉਹਨਾਂ ਦੀ ਬੇਬੇ ਨੂੰ ਅੰਬੋ ਕਹਿੰਦੇ ਹੁੰਦੇ ਸੀ । ਓਹ ਵੱਡੀਆਂ ਵੱਡੀਆਂ ਰੋਟੀਆਂ ਤੰਦੂਰ ਤੇ ਲਾਉਂਦੀ ।ਉਸ ਦੀਆਂ ਪੋਤਰੀਆਂ ਗਰਮ ਗਰਮ ਰੋਟੀਆਂ ਗੰਡੇ ਤੇ ਆਚਾਰ ਨਾਲ ਖਾਂਦੀਆ। ਓਹ ਰੋਟੀ ਨੂ ਟੁੱਕ ਆਖਦੀਆਂ ਸੀ ਅਸੀਂ ਰੋਟੀ ਕਹਿੰਦੇ ਹੁੰਦੇ ਸੀ। ਮੈ ਰੋਂਦਾ ਤੇ ਮੇਰੀ ਮਾਂ ਨੂੰ ਆਖਦਾ ਇਹ ਟੁੱਕ ਬਣਾਉਂਦੇ ਹਨ ਤੂੰ ਰੋਟੀ ਕਿਉਂ ਬਣਾਉਂਦੀ ਹੈ। ਮੈਨੂੰ ਵੀ ਟੁੱਕ ਪਕਾਕੇ ਦੇ ।ਫੇਰ ਮੇਰੀ ਮਾਂ ਮੈਨੂੰ ਵਲਚਾਉਣ ਲਈ ਆਪਣੇ ਘਰਦੀ ਰੋਟੀ ਨੂੰ ਦੇ ਕੇ ਬਦਲੇ ਵਿਚ ਓਹਨਾ ਦੀ ਵੱਡੀ ਸਾਰੀ ਰੋਟੀ ਜਿਸ ਨੂੰ ਓਹ ਟੁੱਕ ਆਖਦੇ ਸਨ ਲੇੰਦੀ ਤੇ ਮੈਨੂੰ ਖਾਣ ਨੂੰ ਦਿੰਦੀ ਤੇ ਮੈ ਖੁਸ਼ ਹੋ ਜਾਂਦਾ । ਓਹ ਅੱਧੀ ਰੋਟੀ ਨੂੰ ਖੰਨਾ ਕਹੰਦੇ ਸੀ ਤੇ ਅਸੀਂ ਅੱਧੀ ਰੋਟੀ ।ਫੇਰ ਮੈ ਖੰਨਾ ਖੰਨਾ ਕਰਕੇ ਰੋਟੀ ਖਾਂਦਾ । ਮੈਨੂੰ ਈਓਂ ਲਗਦਾ ਜਿਵੇ ਉਸੇ ਰੋਟੀ ਚ ਹੋਰ ਸਵਾਦ ਭਰ ਦਿਤਾ ਹੋਵੇ । ਅੱਜ ਵੀ ਸਵੇਰੇ ਜਦੋ ਮਾਂ ਦੀ ਯਾਦ ਆਈ ਤਾਂ ਵੀਮਾਂ ਦੀਆਂ ਰੋਟੀਆਂ ਵੀ ਯਾਦ ਆ ਗਈਆਂ। ਮੇਰੀ ਮਾਂ ਦੋ ਪੇੜੇ ਜੋੜ ਕੇ ਵਿਚਾਲੇ ਘਿਓ ਲਾ ਕੇ ਰੋਟੀ ਪਕਾਉਂਦੀ ਬਹੁਤ ਸਵਾਦ ਲਗਦੀ । ਉਸਨੂੰ ਦੁਹਪੜ ਆਖਦੇ ਸਨ।
#ਰਮੇਸ਼ਸੇਠੀਬਾਦਲ