ਉਹ ਦੀਵਾਲੀ ਤੋਂ ਹਫਤਾ ਪਹਿਲੋਂ ਆਉਣਾ ਸ਼ੁਰੂ ਕਰ ਦਿੰਦੇ..ਆਖਦੇ..ਗਮਲੇ ਕਿਆਰੀਆਂ..ਪ੍ਰਛੱਤੀਆਂ..ਜੋ ਮਰਜੀ ਸਾਫ ਕਰਵਾ ਲਵੋ..!
ਨਿੱਕੇ ਨਿੱਕੇ ਹੱਥ..ਗਰਮੀਆਂ ਵਾਲੀਆਂ ਨਿੱਕਰਾਂ..ਗਲ਼ ਪਾਏ ਘਸਮੈਲੇ ਸਵੈਟਰ..ਸਿਆਲ ਨੂੰ ਇੰਝ ਆਖ ਰਹੇ ਪ੍ਰਤੀਤ ਹੁੰਦੇ ਕੇ ਏਡੀ ਛੇਤੀ ਕਿਓਂ ਆ ਗਿਆ!
ਮੇਰੀ ਆਦਤ ਸੀ..ਹਰੇਕ ਨੂੰ ਪੁੱਛਦੀ ਪੈਸੇ ਕੀ ਕਰਨੇ..ਅੱਗੋਂ ਆਖਦੇ ਪਟਾਖੇ ਲੈਣੇ..!
ਪਰ ਇੱਕ ਦਾ ਬੜਾ ਅਜੀਬ ਜਿਹਾ ਜੁਆਬ..ਭਰਾ ਨੂੰ ਪੱਗ ਬਣਾਉਣੀ ਏ..ਸੌ ਬਣ ਗਿਆ ਪੰਝੀ ਹੋਰ ਚਾਹੀਦੇ ਨਵੀਂ ਪੱਗ ਲਈ..!
ਉਸ ਨੂੰ ਅਗਲੇ ਦਿਨ ਸੱਦ ਲਿਆ..ਉਹ ਤੜਕੇ ਆ ਗਿਆ..ਦਿਲ ਵਿਚ ਆਈ ਜਾਵੇ ਬੱਚਾ ਏ ਕੰਮ ਕਰਾਉਣਾ ਠੀਕ ਨਹੀਂ..ਪਰ ਸੋਚਿਆ ਜੇ ਇਥੋਂ ਨਾਂ ਕਰ ਦਿੱਤੀ ਕਿਧਰੇ ਹੋਰ ਕਰ ਲਊ..!
ਫੇਰ ਸੁੱਕ ਗਈਆਂ ਵੱਲਾਂ..ਕਿਆਰੀਆਂ ਅਤੇ ਹੋਰ ਕਿੰਨੀ ਸਾਫ ਸਫਾਈ..ਮੈਂ ਵੀ ਨਾਲ ਲੱਗ ਗਈ..ਉਹ ਆਖੀ ਜਾਵੇ ਤੁਸੀਂ ਜਾਓ ਮੈਂ ਕੱਲਾ ਹੀ ਕਰ ਲੂੰ..ਸ਼ਾਇਦ ਡਰ ਰਿਹਾ ਸੀ ਕਿਧਰੇ ਮੈਂ ਹੱਥ ਵਟਾਉਣ ਦੇ ਪੈਸੇ ਹੀ ਨਾ ਕੱਟ ਲਵਾਂ..!
ਕੰਮ ਮੁਕਾ ਕੇ ਲਾਗੋਂ ਟੂਟੀ ਤੋਂ ਹੱਥ ਧੋਤੇ ਤੇ ਪੈਸੇ ਉਡੀਕਣ ਲੱਗਾ..!
ਮੈਂ ਅੰਦਰੋਂ ਇੱਕ ਲਫਾਫਾ ਲੈ ਆਈ..ਅੰਦਰ ਨਵੀਂ ਨਕੋਰ ਪੱਗ..ਆਖਣ ਲੱਗਾ ਇਹ ਤੇ ਬਹੁਤ ਮਹਿੰਗੀ ਏ..ਅੱਗੋਂ ਆਖਿਆ ਤੈਥੋਂ ਪੈਸੇ ਕਿਸਨੇ ਮੰਗੇ..!
ਫੇਰ ਇੱਕ ਹੋਰ ਪੱਗ ਵਾਲਾ ਲਫਾਫਾ ਵੀ ਫੜਾ ਦਿੱਤਾ..ਆਖਿਆ ਇਹ ਤੇਰੇ ਜੋਗੀ..ਫੇਰ ਇੱਕ ਹੋਰ..ਇਸ ਵੇਰ ਉਹ ਥੋੜਾ ਸੰਕੋਚਿਆ ਗਿਆ..ਪੁੱਛਣ ਲੱਗਾ ਇਹ ਕਿਸਦੇ ਲਈ..?
ਆਖਿਆ ਤੇਰੇ ਡੈਡੀ ਲਈ..ਉਸ ਨੀਵੀਂ ਪਾ ਲਈ..ਆਖਣ ਲੱਗਾ ਉਹ ਤੇ ਹੈ ਨਹੀਂ..ਮਰ ਗਿਆ..!
ਮੈਂ ਠਠੰਬਰ ਗਈ..ਫੇਰ ਆਖਿਆ ਉਸਦੀ ਫੋਟੋ ਅੱਗੇ ਰੱਖ ਦੇਵੀਂ..ਆਖਣ ਲੱਗਾ ਉਸਦੀ ਕੋਈ ਫੋਟੋ ਵੀ ਹੈਨੀ..!
ਮੇਰਾ ਗੱਚ ਭਰ ਆਇਆ..ਹੁਣ ਕੀ ਆਖਾਂ?
ਉਹ ਮੇਰੀ ਦੁਬਿਧਾ ਭਾਂਪ ਗਿਆ..ਆਖ਼ਣ ਲੱਗਾ ਆਹ ਡੈਡੀ ਵਾਲੀ ਰੱਖ ਲਵੋ ਤੇ ਨਿੱਕੀ ਭੈਣ ਜੋਗੀ ਕੋਈ ਫਰਾਕ ਦੇ ਦੇਵੋ..!
ਇਹ ਸੋਚ ਪੈਸਿਆਂ ਵੱਲੋਂ ਵੀ ਬੇਫਿਕਰ ਜਿਹਾ ਹੋ ਗਿਆ ਕੇ ਜੋ ਕੁਝ ਮਿਲ ਰਿਹਾ ਹੈ..ਮਿਥੇ ਪੈਸਿਆਂ ਤੋਂ ਕਿਤੇ ਜਿਆਦਾ..!
ਫੇਰ ਕਿੰਨਾ ਕੁਝ ਹੋਰ ਵੀ ਦੇ ਦਿੱਤਾ..ਪੈਸੇ ਵੀ..ਸੋਚ ਰਿਹਾ ਸੀ ਜੇ ਸਾਰਾ ਕੁਝ ਇੱਕੋ ਵੇਰ ਖੜਿਆ ਤਾਂ ਕਈ ਅੱਖਾਂ ਅੱਡੀਆਂ ਰਹਿ ਜਾਣੀਆਂ..ਫੇਰ ਦੋ ਵਾਰੀ ਕਰਕੇ ਲੈ ਗਿਆ..!
ਚਿਰਾਂ ਤੋਂ ਨੱਕੋ-ਨੱਕ ਭਰੀ ਅਲਮਾਰੀ ਵੀ ਹੌਲੀ ਹੋ ਗਈ ਤੇ ਮੇਰਾ ਮਨ ਵੀ..!
ਹਰਪ੍ਰੀਤ ਸਿੰਘ ਜਵੰਦਾ