ਚੁਬੱਚੇ ਵਿੱਚ ਨਹਾਉਂਦਿਆਂ ਕੇਰਾਂ ਕਰੰਟ ਦਾ ਹਲਕਾ ਝਟਕਾ ਲੱਗਾ..ਸਹਿਮ ਕੇ ਅੰਦਰ ਗਿਆ..ਸ਼ਿਕਾਇਤ ਲਾਈ..ਬੰਬੀ ਕਰੰਟ ਮਾਰਦੀ!
ਓਹਨਾ ਸਭ ਕੁਝ ਚੈੱਕ ਕੀਤਾ..ਫੇਰ ਤਸਲੀ ਦਿੱਤੀ ਕੇ ਜਰੂਰ ਤੇਰੀ ਅਰਕ ਬੰਨੀ ਨਾਲ ਖਹਿ ਗਈ ਹੋਣੀ..ਪਰ ਮੈਂ ਕਿਥੇ ਮੰਨਾ..!
ਫੇਰ ਚੁਬੱਚੇ ਵਿਚੋਂ ਨਿੱਕਲਦੇ ਕੱਚੇ ਖਾਲ ਵਿੱਚ ਦੂਰ ਜਾ ਕੇ ਬੈਠਣਾ ਸ਼ੁਰੂ ਕਰ ਦਿੱਤਾ..ਓਥੇ ਵੀ ਇੱਕ ਨਿੱਕਾ ਸੱਪ ਵੇਖ ਲਿਆ..!
ਹੁਣ ਬੰਬੀ ਵੱਲ ਜਾਣ ਨੂੰ ਜੀ ਨਾ ਕਰਿਆ ਕਰੇ..ਬਾਕੀ ਬੱਚੇ ਨਹਾਉਂਦੇ ਤਾਂ ਜੀ ਨੂੰ ਕੁਝ ਹੁੰਦਾ..ਮੈਂ ਡਰਾ ਦਿਆਂ ਕਰਦਾ ਕੇ ਬੰਬੀ ਕਰੰਟ ਮਾਰਦੀ..ਖਾਲ ਵਿਚ ਇਕ ਸੱਪ ਵੀ ਏ..ਪਰ ਕੋਈ ਨਾ ਮੰਨਿਆ ਕਰੇ..ਫੇਰ ਮੇਰਾ ਵੀ ਨਹਾਉਣ ਨੂੰ ਜੀ ਕਰ ਪਿਆ ਕਰਦਾ..!
ਚੁਬੱਚੇ ਵਿਚੋਂ ਡਿੱਗਦੀ ਪਾਣੀ ਦੀ ਮੋਟੀ ਧਾਰ ਮਿੱਟੀ ਨੂੰ ਨਾ ਖੋਰੇ..ਇਸ ਲਈ ਅੱਗੇ ਨਿੱਕਾ ਪੱਕਾ ਔਲੂ ਹੋਰ ਬਣਾਇਆ ਹੋਇਆ ਸੀ..ਮੈਂ ਓਥੇ ਹੀ ਬੈਠਾ ਰਹਿੰਦਾ..ਖਲੋਂਦਾ ਇਸ ਲਈ ਨਾ ਕੇ ਥੱਲੇ ਜੰਮੀਂ ਹੋਈ ਕਾਹੀ ਕਰਕੇ ਤਿਲਕਣ ਸੀ..!
ਇਕ ਮੁੰਡਾ..ਮੈਥੋਂ ਕਿੰਨਾ ਨਿੱਕਾ..ਅਕਸਰ ਮਖੌਲ ਕਰਿਆ ਕਰੇ..ਅੰਦਰ ਤੈਨੂੰ ਕਰੰਟ ਪੈਂਦਾ..ਬਾਹਰ ਸੱਪ ਦਿਸਦੇ..ਇਥੇ ਤਿਲਕਣ ਹੁੰਦੀ..ਤੂੰ ਇੰਝ ਕਰ ਅੰਦਰ ਹੀ ਰਿਹਾ ਕਰ..ਤਾਕੀ ਥਾਣੀਂ ਵੇਖ ਲਿਆ ਕਰ..ਸਾਰੇ ਹੱਸ ਪਏ..ਗੱਲ ਦਿੱਲ ਨੂੰ ਲੱਗ ਗਈ..ਡਰ ਖੰਬ ਲਾ ਉੱਡ ਗਿਆ..ਫੇਰ ਮੇਨ ਚੁਬੱਚੇ ਵਿਚ ਨਹਾਉਣਾ ਸ਼ੁਰੂ ਕਰ ਦਿਤਾ..ਮੁੜਕੇ ਨਾ ਕਦੀ ਸੱਪ ਦਿਸਿਆ ਨਾ ਕਰੰਟ ਹੀ ਪਿਆ ਤੇ ਨਾ ਤਿਲਕਣ ਹੀ ਮਹਿਸੂਸ ਹੋਈ..!
ਸਿਰਫ ਇੱਕ ਨਜਰੀਆ ਹੀ ਤਾਂ ਬਦਲਿਆ ਸੀ..ਓ ਵੀ ਦਿਲ ਤੇ ਲੱਗੀ ਇੱਕ ਗੁੱਝੀ ਸੱਟ ਮਗਰੋਂ..ਦੁਨੀਆ ਹੋਰ ਦੀ ਹੋਰ ਹੀ ਦਿਸਣ ਲੱਗ ਪਈ!
ਹਰਪ੍ਰੀਤ ਸਿੰਘ ਜਵੰਦਾ